Close
Menu

ਏਸ਼ਿਆਈ ਤਗ਼ਮਾ ਜੇਤੂਆਂ ਨੂੰ ਦਿੱਤੇ ਚੈੱਕਾਂ ’ਤੇ ਖਿਡਾਰੀਆਂ ਦੇ ਨਾਮ ਗ਼ਲਤ

-- 24 September,2018

ਨਵੀਂ ਦਿੱਲੀ, ਭਾਰਤੀ ਓਲੰਪਿਕ ਸੰਘ (ਆਈਓਏ) ਨੂੰ ਅੱਜ ਸਨਮਾਨ ਸਮਾਰੋਹ ਦੌਰਾਨ ਉਸ ਸਮੇਂ ਨਮੋਸ਼ੀ ਝੱਲਣੀ ਪਈ, ਜਦੋਂ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨੂੰ ਨਕਦ ਪੁਰਸਕਾਰ ਦੇਣ ਲਈ ਬਣੇ ਚੈੱਕਾਂ ’ਤੇ ਕਈ ਨਾਮ ਗ਼ਲਤ ਲਿਖੇ ਹੋਏ ਸਨ। ਇੱਥੋਂ ਤੱਕ ਕਿ ਇੱਕ ਖਿਡਾਰੀ ਦਾ ਨਾਮ ਵੀ ਨਹੀਂ ਲਿਖਿਆ ਹੋਇਆ ਸੀ।
ਇਸ ਵਿੱਚ ਕਰੀਬ 15 ਤਗ਼ਮਾ ਜੇਤੂ ਸ਼ਾਮਲ ਸਨ। ਇਸ ਵਿੱਚ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਾਮ ਅਤੇ ਅਭਿਸ਼ੇਕ ਵਰਮਾ ਨੂੰ ਸਿਰਫ਼ ਫੁੱਲਾਂ ਦਾ ਗੁਲਦਸਤਾ ਹੀ ਦਿੱਤਾ ਗਿਆ ਕਿਉਂਕਿ ਉਸ ਦਾ ਨਾਮ ਚੈੱਕ ’ਤੇ ਗ਼ਲਤ ਲਿਖਿਆ ਹੋਇਆ ਸੀ।
ਆਈਓਏ ਨੇ ਟੀਮ ਮੁਕਾਬਲਿਆਂ ਵਿੱਚ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗ਼ਮਾ ਜੇਤੂਆਂ ਨੂੰ ਕ੍ਰਮਵਾਰ ਤਿੰਨ ਲੱਖ, ਦੋ ਲੱਖ ਅਤੇ ਇੱਕ ਲੱਖ ਰੁਪਏ ਦੇ ਪੁਰਸਕਾਰ ਦਿੱਤੇ। ਵਿਅਕਤੀਗਤ ਤਗ਼ਮਾ ਜੇਤੂਆਂ ਨੂੰ ਪੰਜ ਲੱਖ, ਤਿੰਨ ਲੱਖ ਅਤੇ ਦੋ ਲੱਖ ਦੇ ਪੁਰਸਕਾਰ ਦਿੱਤੇ ਗਏ।
ਆਈਓਏ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਕਿਹਾ, ‘‘ਮੈਂ ਆਪਣੀ ਗ਼ਲਤੀ ਲਈ ਪਹਿਲਾਂ ਹੀ ਮੁਆਫ਼ੀ ਮੰਗਣਾ ਚਾਹਾਂਗਾ। ਕਰੀਬ 14-15 ਖਿਡਾਰੀਆਂ ਦੇ ਨਾਮ ਗ਼ਲਤ ਪ੍ਰਿੰਟ ਹੋ ਗਏ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਸਿਰਫ਼ ਫੁੱਲਾਂ ਦਾ ਗੁਲਦਸਤਾ ਹੀ ਦੇਵਾਂਗੇ। ਪਰ ਚਿੰਤਾ ਨਾ ਕਰੋ, ਤੁਹਾਨੂੰ ਨਕਦ ਇਨਾਮ ਵੀ ਮਿਲੇਗਾ। ਮੈਂ ਉਨ੍ਹਾਂ ਨੂੰ ਚੈੱਕ ਨਹੀਂ ਦੇਣਾ ਚਾਹੁੰਦਾ, ਜਿਨ੍ਹਾਂ ’ਤੇ ਗ਼ਲਤ ਨਾਮ ਲਿਖੇ ਹੋਏ ਹਨ।’’ ਇਸੇ ਤਰ੍ਹਾਂ ਪ੍ਰਬੰਧਕ ਕਾਂਸੀ ਦਾ ਤਗ਼ਮਾ ਜੇਤੂ ਪਹਿਲਵਾਨ ਦਿਵਿਆ ਕਾਕਰਾਨ ਦੇ ਨਾਮ ਦਾ ਜ਼ਿਕਰ ਕਰਨਾ ਹੀ ਭੁੱਲ ਗਏ।
ਜਦੋਂ ਕਾਕਰਾਨ ਦੇ ਮਾਤਾ-ਪਿਤਾ ਨੇ ਸਮਾਰੋਹ ਮਗਰੋਂ ਬਤਰਾ ਨੂੰ ਇਸ ਸਬੰਧੀ ਪੁੱਛਿਆ ਤਾਂ ਪ੍ਰਧਾਨ ਨੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੂੰ ਦਿਵਿਆ ਨੂੰ ਪੁਰਸਕਾਰ ਦੇਣ ਲਈ ਸੱਦਿਆ, ਪਰ ਉਹ ਉਦੋਂ ਤੱਕ ਪ੍ਰੋਗਰਾਮ ਤੋਂ ਜਾ ਚੁੱਕੇ ਸਨ। ਕਾਕਰਾਨ ਦੀ ਮਾਂ ਨੇ ਕਿਹਾ, ‘‘ਉਹ ਕਹਿ ਰਹੇ ਹਨ ਕਿ ਉਸ ਦਾ ਨਾਮ ਸੂਚੀ ਵਿੱਚ ਹੀ ਨਹੀਂ ਹੈ, ਪਰ ਅਸੀਂ ਉਸ ਦਾ ਨਾਮ ਦਿੱਤਾ ਸੀ। ਮੈਂ ਨਹੀਂ ਜਾਣਦੀ ਕਿ ਕੀ ਹੋ ਰਿਹਾ ਹੈ।’’
ਕਈ ਖਿਡਾਰੀ ਇਸ ਸਮਾਰੋਹ ਵਿੱਚ ਨਹੀਂ ਪਹੁੰਚੇ। ਇਸ ਵਿੱਚ ਸੋਨ ਤਗ਼ਮਾ ਜੇਤੂ ਜੈਵਲਿਨ ਥਰੋਅ ਅਥਲੀਟ ਨੀਰਜ ਚੋਪੜਾ, ਟੈਨਿਸ ਖਿਡਾਰੀ ਰੋਹਨ ਬੋਪੰਨਾ, ਦਿਵਿਜ ਸ਼ਰਨ, ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਤੋਂ ਇਲਾਵਾ ਬੈਡਮਿੰਟਨ ਸੋਨ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਸ਼ਾਮਲ ਸਨ। ਭਾਰਤ ਦਾ ਏਸ਼ਿਆਈ ਖੇਡਾਂ ਵਿੱਚ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਜਕਾਰਤਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 15 ਸੋਨੇ, 24 ਚਾਂਦੀ ਅਤੇ 30 ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 69 ਤਗ਼ਮੇ ਜਿੱਤੇ। 

Facebook Comment
Project by : XtremeStudioz