Close
Menu

ਏਸ਼ੀਆ ਹਾਕੀ ਕੱਪ: ਭਾਰਤ ਨੂੰ ਮਿਲਿਆ ਦੂਜਾ ਸਥਾਨ

-- 02 September,2013

Sardar Singh, Lee Nam-yong

ਇਪੋਹ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਏਸ਼ੀਆ ਕੱਪ ਦੀ ਖ਼ਿਤਾਬੀ ਟੱਕਰ ਵਿੱਚ ਅੱਜ ਇਥੇ ਪਿਛਲੇ ਸਾਲ ਦੇ ਚੈਂਪੀਅਨ ਕੋਰੀਆ ਤੋਂ 3-4 ਗੋਲਾਂ ਦੇ ਅੰਤਰ ਨਾਲ ਹਾਰ ਗਿਆ ਅਤੇ ਇਸ ਤਰ੍ਹਾਂ ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਸਿੱਧਾ ਦਾਖਲਾ ਪਾਉਣ ਤੋਂ ਖੁੰਝ ਗਿਆ ਹੈ। ਹਾਲੈਂਡ ਦੇ ਹੇਗ ਸ਼ਹਿਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਭਾਰਤ ਨੂੰ 8 ਦੇਸ਼ਾਂ ਦਾ ਇਹ ਟੂਰਨਾਮੈਂਟ ਜਿੱਤਣ ਦੀ ਲੋੜ ਸੀ। ਕੋਰੀਆ ਦੀ ਇਸ ਚੌਥੀ ਜਿੱਤ ਸਦਕਾ ਮਲੇਸ਼ੀਆ ਦੀ ਵਿਸ਼ਵ ਕੱਪ ਵਿੱਚ 12 ਸਾਲਾਂ ਬਾਅਦ ਵਾਪਸੀ ਯਕੀਨੀ ਹੋ ਗਈ ਹੈ।

ਭਾਰਤੀਆਂ ਨੂੰ ਹੁਣ ਨਵੰਬਰ ਵਿੱਚ ਓਸ਼ੇਨੀਆ ਕੱਪ ਖਤਮ ਹੋਣ ਤੱਕ ਉਡੀਕ ਕਰਨੀ ਪਵੇਗੀ। ਓਸ਼ੇਨੀਆ ਕੱਪ ਵਿੱਚ ਆਸਟਰੇਲੀਆ ਜਾਂ ਨਿਊਜ਼ੀਲੈਂਡ ’ਚੋਂ ਕਿਸੇ ਇਕ ਦੇ ਜੇਤੂ ਹੋਣ ਦੀ ਉਮੀਦ ਹੈ ਅਤੇ ਇਹ ਦੋਵੇਂ ਟੀਮਾਂ ਐਫਆਈਐਚ ਵਲਡ ਲੀਗ ਰਾਹੀਂ ਪਹਿਲਾਂ ਹੀ ਵਿਸ਼ਵ ਕੱਪ ਲਈ ਦਾਖਲਾ ਪਾ ਚੁੱਕੀਆਂ ਹਨ। ਅੱਜ ਹੋਏ ਮੈਚ ਵਿੱਚ ਕੋਰੀਅਨਾਂ ਨੇ ਜੈਂਗ ਜੌਂਗ ਹਿਊਨ (28ਵੇਂ ਮਿੰਟ), ਯਾਓ ਹਿਉ ਸਿਕ  (26ਵੇਂ ਮਿੰਟ), ਨੈਮ ਹਿਊਨ ਵੂ (57ਵੇਂ ਮਿੰਟ) ਅਤੇ ਕੈਂਗ ਮੂਨ ਕਿਊਨ (68ਵੇਂ ਮਿੰਟ) ਗੋਲ ਕੀਤੇ, ਜਦਕਿ ਭਾਰਤ ਲਈ ਰੁਪਿੰਦਰਪਾਲ ਸਿੰਘ (48ਵੇਂ ਮਿੰਟ), ਨਿਕਿਨ ਤਿਮਈਆ (57ਵੇਂ ਮਿੰਟ) ਅਤੇ ਮਨਦੀਪ ਸਿੰਘ (64ਵੇਂ ਮਿੰਟ) ਨੇ ਗੋਲ ਦਾਗ਼ੇ। ਪਹਿਲੇ ਅੱਧ ਵਿੱਚ ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਭਾਰਤੀਆਂ ਨੇ ਦੂਜੇ ਅੱਧ ਵਿੱਚ ਜ਼ੋਰਦਾਰ ਹੰਭਲਾ ਮਾਰਿਆ ਅਤੇ ਇਕ ਸਮੇਂ ਮੈਚ ਬਰਾਬਰੀ ’ਤੇ ਲੈ ਆਂਦਾ, ਪਰ ਕੋਰਿਆਈ ਟੀਮ ਨੇ ਆਖਰੀ ਮਿੰਟਾਂ ’ਚ ਇਕ ਗੋਲ ਕਰਕੇ ਬਾਜ਼ੀ ਮਾਰ ਲਈ ਅਤੇ ਪੂਲ ਮੈਚ ਵਿੱਚ 0-2 ਨਾਲ ਹੋਈ ਆਪਣੀ ਹਾਰ ਦਾ ਹਿਸਾਬ ਵੀ ਚੁਕਾ ਦਿੱਤਾ।
ਉਂਜ ਭਾਰਤ ਦੀ ਨੌਜਵਾਨ ਤੇ ਘੱਟ ਤਜਰਬੇਕਾਰ ਟੀਮ ਦੀ ਇਹ ਬਿਹਤਰੀਨ ਕਾਰਗੁਜ਼ਾਰੀ ਹੈ। 2009 ਦੇ ਟੂਰਨਾਮੈਂਟ ਵਿੱਚ ਭਾਰਤ 7ਵੇਂ ਸਥਾਨ ’ਤੇ ਰਿਹਾ ਸੀ।
ਏਸ਼ੀਆ ਦੀਆਂ ਦੋ ਚੋਟੀ ਦੀਆਂ ਟੀਮਾਂ ਵਿਚਕਾਰ ਇਹ ਬੇਹੱਦ ਫਸਵਾਂ ਮੁਕਾਬਲਾ ਸਾਬਤ ਹੋਇਆ। ਭਾਰਤ ਨੇ ਮੈਚ ਦੀ ਸ਼ੁਰੂਆਤ ਵਧੀਆ ਕੀਤੀ ਅਤੇ ਕੁਝ ਵਧੀਆ ਮੂਵ ਬਣਾਏ, ਪਰ ਕੋਰੀਆ ਵੱਲੋਂ ਜਵਾਬੀ ਹਮਲੇ ਕਰਨ ’ਤੇ ਛੇਤੀ ਹੀ ਭਾਰਤੀ ਰੱਖਿਆ ਪੰਗਤੀ ਦਬਾਅ ਹੇਠ ਆ ਗਈ। ਭਾਰਤ ਨੂੰ ਪੈਨਲਟੀ ਕਾਰਨਰ ਦੇ ਰੂਪ ’ਚ ਪਹਿਲਾ ਗੋਲ ਕਰਨ ਦਾ ਮੌਕਾ ਮਿਲਿਆ, ਪਰ ਵੀ.ਆਰ. ਰਘੂਨਾਥ ਦੀ ਫਲਿਕ ਕੋਰਿਆਈ ਰਖਿਅਕ ਨੇ ਸਫਾਈ ਨਾਲ ਰੋਕ ਲਈ।
26ਵੇਂ ਮਿੰਟ ’ਚ ਤਿਮਈਆ ਨੂੰ ਗੋਲ ਕਰਨ ਦਾ ਇਕ ਵਧੀਆ ਮੌਕਾ ਮਿਲਿਆ, ਪਰ ਉਸ ਦੀ ਰਿਵਰਸ ਹਿੱਟ ਨਿਸ਼ਾਨੇ ਤੋਂ ਖੁੰਝ ਗਈ। ਥੋੜ੍ਹੀ ਦੇਰ ਬਾਅਦ ਕੋਰੀਆ ਨੇ  ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਟੂਰਨਾਮੈਂਟ ਦੇ ਟੌਪ ਸਕੋਰਰ ਜੈਂਗ ਜੌਂਗ ਹਿਊਨ ਨੇ ਗੋਲ ਦਾਗ਼ਣ ’ਚ ਕੋਈ ਗਲਤੀ ਨਾ ਕੀਤੀ। ਇਕ ਮਿੰਟ ਬਾਅਦ ਟਪਾਉ ਹਿਉ ਸਿਕ ਨੇ ਨੈਮ ਹਿਊਨ ਵੂ ਦੇ ਖੱਬੇ ਪਾਸਿਓਂ ਮਿਲੇ ਕਰਾਸ ਨੂੰ ਗੋਲ ’ਚ ਬਦਲ ਕੇ ਲੀਡ 2-0 ਕਰ ਦਿੱਤੀ।
ਦੂਜੇ ਅੱਧ ਵਿੱਚ ਭਾਰਤੀਆਂ ਨੇ ਜ਼ੋਰਦਾਰ ਹੱਲਾ ਬੋਲਿਆ ਅਤੇ 48ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਰੁਪਿੰਦਰ ਸਿੰਘ ਨੇ ਗੋਲ ’ਚ ਬਦਲ ਕੇ ਭਾਰਤੀ ਖੇਮੇ ਦੇ ਚਿਹਰਿਆਂ ’ਤੇ ਰੌਣਕ ਲਿਆਂਦੀ। ਤਿਮਈਆ ਨੇ 54ਵੇਂ ਮਿੰਟ ਵਿੱਚ ਮਨਪ੍ਰੀਤ ਸਿੰਘ ਦੇ ਪਾਸ ਨੂੰ ਸਰਕਲ ਦੇ ਸਿਰੇ ਤੋਂ ਜ਼ੋਰਦਾਰ ਰਿਵਰਸ ਹਿਟ ਰਾਹੀਂ ਗੋਲ ਹਾਸਲ ਕਰਕੇ 2-2 ਦੀ ਬਰਾਬਰੀ ਕਰ ਦਿੱਤੀ, ਪਰ 3 ਮਿੰਟ ਬਾਅਦ ਕੋਰੀਆ ਨੇ ਇਕ ਹੋਰ ਗੋਲ ਕਰ ਦਿੱਤਾ। 64ਵੇਂ ਮਿੰਟ ’ਚ ਮਨਦੀਪ ਸਿੰਘ ਨੇ ਬਿਰੇਂਦਰ ਲਾਕੜਾ ਤੋਂ ਮਿਲੇ ਪਾਸ ਨੂੰ ਸਫਾਈ ਨਾਲ ਨੈੱਟ ’ਤੇ ਪਹੁੰਚਾ ਕੇ ਟੀਮ ’ਚ ਉਤਸ਼ਾਹ ਭਰ ਦਿੱਤਾ, ਪਰ ਹੂਟਰ ਵੱਜਣ ਤੋਂ 2 ਮਿੰਟ ਪਹਿਲਾਂ ਰਖਿਅਕਾਂ ਦੀ ਉਕਾਈ ਕਾਰਨ ਕੋਰੀਆ ਨੂੰ ਪੈਨਲਟੀ ਕਾਰਨਰ ਮਿਲ ਗਿਆ ਅਤੇ ਕੈਂਗ ਮੂਨ ਦਿਊਨ ਨੇ ਖੂਬਸੂਰਤੀ ਨਾਲ ਗੋਲ ਕਰਕੇ ਕਰੋੜਾਂ ਭਾਰਤੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਭਾਰਤ ਦੇ ਪੀ.ਆਰ. ਸ੍ਰੀਜੇਸ਼ ਨੂੰ ਟੂਰਨਾਮੈਂਟ ਦਾ ਬਿਹਤਰੀਨ ਗੋਲਕੀਪਰ ਅਤੇ ਵੀ.ਆਰ. ਰਘੂਨਾਥ ਸਭ ਤੋਂ ਨਿੱਖੜਵਾਂ ਖਿਡਾਰੀ ਐਲਾਨੇ ਗਏ।

Facebook Comment
Project by : XtremeStudioz