Close
Menu

ਐਂਡੀ ਮੱਰੇ ਤੇ ਲੇਅਟਨ ਹਿਊਇਟ ਆਖ਼ਰੀ 16 ’ਚ

-- 03 September,2013

Makarova of Russia reacts after defeating Radwanska of Poland at the U.S. Open tennis championships in New York

ਨਿਊਯਾਰਕ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਯੂਐਸ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਮੁਕਾਬਲਿਆਂ ਵਿਚ ਮੌਜੂਦਾ ਚੈਂਪੀਅਨ ਬਰਤਾਨੀਆ ਦਾ ਐਂਡੀ ਮੱਰੇ ਆਖ਼ਰੀ 16 ਵਿਚ ਪੁੱਜ ਗਿਆ ਹੈ। ਮਹਿਲਾ ਵਰਗ ਵਿਚ ਸੇਰੇਨਾ ਵਿਲੀਅਮਜ਼ ਤੇ ਲੀ ਨਾ ਨੇ ਆਪਣੀਆਂ ਵਿਰੋਧੀ ਖਿਡਾਰਨਾਂ ਦੀ ਭਾਜੀ ਮੋੜਦਿਆਂ ਆਖਰੀ 16 ਵਿਚ ਥਾਂ ਪੱਕੀ     ਕਰ ਲਈ ਹੈ।
ਤੀਜਾ ਦਰਜਾ ਪ੍ਰਾਪਤ ਐਂਡੀ ਮੱਰੇ ਨੇ ਜਰਮਨੀ ਦੇ ਵਿਸ਼ਵ ਦੇ 49ਵੇਂ ਖਿਡਾਰੀ ਫਲੋਰੀਅਨ ਮੇਅਰ ਨੂੰ 7-6, 6-2, 6-2 ਨਾਲ ਮਾਤ ਦਿੱਤੀ। ਬ੍ਰਿਟਿਸ਼ ਖਿਡਾਰੀ ਨੇ ਆਪਣੀ ਇਸ ਜਿੱਤ ਵਿਚ 42 ਵਿਨਰ ਤੇ ਸੱਤ ਏਸ ਲਾਏ। ਮੌਜੂਦਾ ਓਲੰਪਿਕ ਤੇ ਵਿੰਬਲਡਨ ਚੈਂਪੀਅਨ ਮੱਰੇ ਦਾ ਅਗਲਾ ਮੁਕਾਬਲਾ ਉਜ਼ਬੇਕਿਸਤਾਨ ਦੇ ਡੈਨਿਸ ਇਸਤੋਮਿਨ ਨਾਲ ਹੋਵੇਗਾ। ਉਸ ਨੇ ਇਟਲੀ ਦੇ ਆਦਰੀਅਸ ਸੇਪੀ ਨੂੰ 6-3, 6-4, 2-6, 3-6, 6-1 ਨਾਲ ਮਾਤ ਦਿੱਤੀ। ਇਸ ਦੌਰਾਨ ਆਸਟਰੇਲੀਆਈ ਸਟਾਰ ਲੇਅਟਨ ਹਿਊਇਟ 30 ਵਾਰ ਗਰੈਂਡ ਕੁਆਰਟਰ ਫਾਈਨਲ ਵਿਚ ਪੁੱਜਣ ਵਿਚ ਕਾਮਯਾਬ ਰਿਹਾ।
ਹਿਊਇਟ ਨੇ ਇਸ ਤੋਂ ਪਹਿਲਾਂ 2006 ਵਿਚ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਸੀ। ਉਸ ਨੇ ਆਪਣੀ ਜਿੱਤ ’ਤੇ ਕਿਹਾ ਕਿ ਯੂਐਸ ਓਪਨ ਵਿਚ ਵਾਪਸੀ ਨਾਲ ਮਨ ਨੂੰ ਤਸੱਲੀ ਮਿਲਦੀ ਹੈ। ‘ਮੈਂ ਇੱਥੇ 2000 ਵਿਚ ਡਬਲਜ਼ ਤੇ 2001 ਵਿਚ ਸਿੰਗਲਜ਼ ਖ਼ਿਤਾਬ ਜਿੱਤਿਆ ਸੀ। ਮੈਂ ਇੱਥੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਹੈ। ਲੇਟਿਨ ਹੇਵਿਟ ਦੀ ਟੱਕਰ ਹੁਣ ਜਮਰਨੀ  ਦੇ ਟੌਮੀ ਹਾਸ ਤੇ ਰੂਸ ਦੇ ਮਿਖਾਈ ਯੂਜਨੀ ਵਿਚਕਾਰ ਮੁਕਾਬਲੇ ਦੇ ਜੇਤੂ ਨਾਲ ਹੋਵੇਗੀ। ਚੈੱਕ ਗਣਰਾਜ ਦਾ ਟੌਮਜ਼ ਬਾਰਡੀਜ਼ ਤੇ ਸਵਿਟਜ਼ਰਲੈਂਡ ਦੇ ਸਟੈਨਿਸਲਾਸ ਵਾਵਰਿੰਕਾ ਵੀ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਲਈ ਭਿੜਨਗੇ। ਮਹਿਲਾ ਵਰਗ ਵਿਚ ਸੇਰੇਨਾ ਨੇ ਆਪਣੇ ਹੀ ਦੇਸ਼ ਦੀ ਸਲੋਨੀ ਸਟੀਫ਼ਨ ਨੂੰ ਹਰਾ ਕੇ ਆਸਟਰੇਲਿਆਈ ਓਪਨ ਵਿਚ ਮਿਲੀ ਹਾਰ ਦਾ ਬਦਲਾ ਵੀ ਚੁਕਾ ਦਿੱਤਾ। ਮੌਜੂਦਾ ਚੈਂਪੀਅਨ ਸੇਰੇਨਾ ਨੇ ਇਹ ਮੈਚ 6-4, 6-1 ਨਾਲ ਜਿੱਤ ਕੇ ਆਖਰੀ ਅੱਠਾਂ ਵਿਚ ਥਾਂ ਬਣਾਈ। ਹੁਣ ਉਸ ਦੀ ਟੱਕਰ ਕਾਰਲਾ ਸੁਆਰੋਜ਼ ਨਵਾਰੋ ਨਾਲ ਹੋਵੇਗੀ। ਉਸ ਨੇ ਜਰਮਨੀ ਦੀ ਐਂਜਲੀਕ ਕਰਬੇਰ ਨੂੰ 4-6, 6-3, 7-6 ਨਾਲ ਹਰਾਇਆ। ਇਸ ਤੋਂ ਇਲਾਵਾ ਚੀਨ ਦੀ ਲੀ ਨਾ ਤੇ ਸਰਬੀਆ ਦੀ ਇਕਤਰੀਨਾ ਮਕਰੋਵਾ ਵਿਚ ਕੁਆਰਟਰ ਫਾਈਨਲ ਵਿਚ ਟੱਕਰ ਹੋਵੇਗੀ। ਲੀ ਨਾ ਨੇ ਏਲੇਨਾ ਜਾਂਕੋਵਿਚ ਨੂੰ 6-3, 6-0 ਨਾਲ ਹਰਾ ਕੇ ਰੋਮ ਵਿਚ ਮਿਲੀ ਹਾਰ ਦਾ ਬਦਲਾ ਚੁਕਾ ਦਿੱਤਾ। ਲੀ ਨਾ ਨੇ ਮੈਚ ਤੋਂ ਬਾਅਦ ਕਿਹਾ,‘‘ਮੈਂ ਅੱਜ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਖੇਡਿਆ ਹੈ ਤੇ ਆਸ ਹੈ ਕਿ ਅੱਗੇ ਵੀ ਅਜਿਹਾ ਹੀ ਖੇਡਾਂਗੀ।’’

Facebook Comment
Project by : XtremeStudioz