Close
Menu

ਐਗਜੈ਼ਕਟਿਵਜ਼ ਦੇ ਭੱਤੇ ਵਧਾਉਣ ਕਾਰਨ ਬੰਬਾਰਡੀਅਰ ਦੀ ਹੋ ਰਹੀ ਭੰਡੀ ਦੇ ਬਾਵਜੂਦ ਟਰੂਡੋ ਤੇ ਫਿਲਿਪ ਕੋਇਲਾਰ ਨੇ ਕੰਪਨੀ ਦਾ ਪੱਖ ਪੂਰਿਆ

-- 01 April,2017

ਬਰੈਂਪਟਨ,  ਬੰਬਾਰਡੀਅਰ ਨੂੰ ਦਿੱਤੀ ਗਈ ਮਾਲੀ ਸਹਾਇਤਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕਿਊਬਿਕ ਦੇ ਪ੍ਰੀਮੀਅਰ ਫਿਲਿਪ ਕੋਇਲਾਰਡ ਨੂੰ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਗਿਆ। ਦੂਜੇ ਪਾਸੇ ਕੰਪਨੀ ਦੇ ਸੀਨੀਅਰ ਐਗਜ਼ੈਕਟਿਵਜ਼ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਭੱਤੇ ਵਿੱਚ ਵੀ ਵਾਧਾ ਹੋਇਆ।
ਬਰੈਂਪਟਨ, ਓਨਟਾਰੀਓ ਵਿੱਚ ਮੈਗਨਾ ਆਟੋ ਪਾਰਟ ਫੈਸਿਲਿਟੀ ਦਾ ਦੌਰਾ ਕਰਨ ਤੋਂ ਬਾਅਦ ਟਰੂਡੋ ਨੂੰ ਕਈ ਵਾਰੀ ਪੁੱਛਿਆ ਗਿਆ ਕਿ ਫਰਵਰੀ ਵਿੱਚ ਬੰਬਾਰਡੀਅਰ ਦੀ ਸੀ-ਸੀਰੀਜ਼ ਤੇ ਗਲੋਬਲ 7000 ਏਅਰਕ੍ਰਾਫਟ ਪ੍ਰੋਗਰਾਮਜ਼ ਲਈ ਐਲਾਨੇ 372.5 ਮਿਲੀਅਨ ਦੇ ਲੋਨ ਨੂੰ ਉਹ ਕਿਸ ਤਰ੍ਹਾਂ ਜਾਇਜ਼ ਠਹਿਰਾ ਸਕਦੇ ਹਨ। ਇਸ ਉੱਤੇ ਟਰੂਡੋ ਨੇ ਆਖਿਆ ਕਿ ਫਰੀ ਮਾਰਕਿਟ ਤੇ ਕੰਪਨੀਜ਼ ਵੱਲੋਂ ਕੀਤੀ ਜਾਣ ਵਾਲੀ ਚੋਣ ਦੀ ਅਸੀਂ ਕਦਰ ਕਰਦੇ ਹਾਂ। ਪਰ ਇਹ ਵੀ ਸਾਡੀ ਹੀ ਜਿ਼ੰਮੇਵਾਰੀ ਹੈ ਕਿ ਇਹ ਯਕੀਨੀ ਬਣਾਈਏ ਕਿ ਟੈਕਸਦਾਤਾਵਾਂ ਦੇ ਡਾਲਰਾਂ ਨਾਲ ਜਿਹੜਾ ਅਸੀਂ ਨਿਵੇਸ਼ ਕਰਦੇ ਹਾਂ ਉਸ ਨਾਲ ਰੋਜ਼ਗਾਰ ਦੇ ਚੰਗੇ ਮੌਕੇ ਪੈਦਾ ਹੋਣ ਤੇ ਵਿਕਾਸ ਹੋਵੇ।
ਜਿ਼ਕਰਯੋਗ ਹੈ ਕਿ 11 ਮਈ ਨੂੰ ਬੰਬਾਰਡੀਅਰ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਪ੍ਰੌਕਸੀ ਸਰਕੂਲਰ ਅਨੁਸਾਰ ਮਾਂਟਰੀਅਲ ਸਥਿਤ ਉਤਪਾਦਕ ਦੇ ਪੰਜ ਉੱਘੇ ਐਗਜ਼ੈਕਟਿਵਜ਼ ਤੇ ਬੋਰਡ ਦੇ ਚੇਅਰਮੈਨ ਪਿਏਰੇ ਬਿਓਡੌਇਨ ਦੇ ਭੱਤੇ 2016 ਵਿੱਚ 32.6 ਮਿਲੀਅਨ ਅਮਰੀਕੀ ਡਾਲਰ ਸੀ ਜੋ ਕਿ ਇੱਕ ਸਾਲ ਪਹਿਲਾਂ 21.9 ਮਿਲੀਅਨ ਅਮਰੀਕੀ ਡਾਲਰ ਨਾਲੋਂ ਕਿਤੇ ਜਿ਼ਆਦਾ ਸੀ।
ਸੀਈਓ ਐਲੇਨ ਬੈੱਲੇਮੇਅਰ ਨੂੰ 2015 ਵਿੱਚ 6.4 ਮਿਲੀਅਨ ਅਮਰੀਕੀ ਡਾਲਰ ਦੀ ਥਾਂ 9.5 ਮਿਲੀਅਨ ਅਮਰੀਕੀ ਡਾਲਰ ਹਾਸਲ ਹੋਏ, ਜਿਨ੍ਹਾਂ ਵਿੱਚ 5.2 ਮਿਲੀਅਨ ਅਮਰੀਕੀ ਡਾਲਰ ਹਿੱਸੇਦਾਰੀ ਦੇ ਤੇ ਆਪਸ਼ਨ ਅਧਾਰਤ ਐਵਾਰਡਜ਼ ਦੇ ਸਨ ਤੇ ਇੱਕ ਮਿਲੀਅਨ ਅਮਰੀਕੀ ਡਾਲਰ ਤਨਖਾਹ ਵਜੋਂ ਹਾਸਲ ਹੋਏ। ਉਨ੍ਹਾਂ ਦਾ ਸਾਲਾਨਾ ਬੋਨਸ ਦੁੱਗਣਾ ਹੋ ਕੇ 2.36 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਬਿਓਡੌਇਨ ਨੂੰ ਇੱਕ ਸਾਲ ਪਹਿਲਾਂ ਤੱਕ 3.85 ਮਿਲੀਅਨ ਅਮਰੀਕੀ ਡਾਲਰ ਭੱਤਾ ਮਿਲਦਾ ਸੀ ਤੇ ਇਹ 5.25 ਮਿਲੀਅਨ ਅਮਰੀਕੀ ਡਾਲਰ ਤੱਕ ਅੱਪੜ ਗਿਆ।
ਕੋਇਲਾਰਡ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਤੇ ਸ਼ੇਅਰਧਾਰਕ ਚਿੰਤਤ ਹਨ। ਕਿਊਬਿਕ ਦੀ ਇਕਾਨਮੀ ਮੰਤਰੀ ਡੌਮਨੀਕ ਐਂਗਲੇਡ ਦਾ ਆਖਣਾ ਹੈ ਕਿ ਜੇ ਉਹ ਬੰਬਾਰਡੀਅਰ ਹੁੰਦੀ ਤਾਂ ਉਹ ਇਸ ਬਾਰੇ ਜ਼ਰੂਰ ਵਿਚਾਰ ਕਰਦੀ ਕਿ ਜੋ ਸੁਨੇਹਾ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ ਉਹ ਇਹੋ ਹੈ। ਲੋਕ ਇਸ ਤੋਂ ਨਾਖੁਸ਼ ਤੇ ਪਰੇਸ਼ਾਨ ਹਨ। ਤਿੰਨਾਂ ਵਿਰੋਧੀ ਪਾਰਟੀਆਂ ਜਿਨ੍ਹਾਂ ਵਿੱਚ ਪਾਰਟੀ ਕਿਊਬਿਕੌਇਸ, ਕੋਲੀਸ਼ਨ ਫੌਰ ਕਿਊਬਿਕਸ ਫਿਊਚਰ ਤੇ ਕਿਊਬਿਕ ਸੌਲੀਡੇਅਰ ਸ਼ਾਮਲ ਹਨ, ਨੇ ਸਰਕਾਰ ਨੂੰ ਇਨ੍ਹਾਂ ਵਾਧਿਆਂ ਉੱਤੇ ਇਤਰਾਜ਼ ਪ੍ਰਗਟਾਉਣ ਲਈ ਆਖਿਆ ਹੈ।

Facebook Comment
Project by : XtremeStudioz