Close
Menu

ਐਨਡੀਪੀ ਤੇ ਲਿਬਰਲਾਂ ਨਾਲ ਸੌਦੇਬਾਜ਼ੀ ਲਈ ਤਿਆਰ ਹਨ ਗ੍ਰੀਨਜ਼

-- 17 May,2017

ਵਿਕਟੋਰੀਆ : ਬ੍ਰਿਟਿਸ਼ ਕੋਲੰਬੀਆ ਦੀ ਗ੍ਰੀਨ ਪਾਰਟੀ ਨੇ ਗੱਲਬਾਤ ਕਰਨ ਲਈ ਇੱਕ ਨਵੀਂ ਟੀਮ ਤਿਆਰ ਕੀਤੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਅਜਿਹੀਆਂ ਸ਼ਤਰੰਜੀ ਚਾਲਾਂ ਚੱਲ ਸਕਦੇ ਹਨ ਜਿਸ ਨਾਲ ਪਿਛਲੇ ਹਫਤੇ ਆਏ ਚੋਣਾਂ ਦੇ ਨਤੀਜਿਆਂ ਦੀ ਦਿਸ਼ਾ ਹੀ ਬਦਲ ਸਕਦੀ ਹੈ। ਇਹ ਕਹਿਣਾ ਡਿਪਟੀ ਪਾਰਟੀ ਆਗੂ ਮੈਟ ਟੋਨਰ ਦਾ ਹੈ।
ਇਨ੍ਹਾਂ ਚੋਣਾਂ ਤੋਂ ਬਾਅਦ ਤਿੰਨ ਸੀਟਾਂ ਜਿੱਤਣ ਵਾਲੀ ਗ੍ਰੀਨ ਪਾਰਟੀ ਦੇ ਆਗੂ ਐਂਡਰਿਊ ਵੀਵਰ ਲਿਬਰਲਾਂ ਜਾਂ ਐਨਡੀਪੀ ਨੂੰ ਸਹਿਯੋਗ ਦੇਣ ਲਈ ਆਪਣਾ ਫਾਇਦਾ ਵੀ ਵੇਖਣ ਲੱਗ ਪਏ ਹਨ। ਦੂਜੇ ਪਾਸੇ ਲਿਬਰਲਾਂ ਤੇ ਐਨਡੀਪੀ ਵਿਚਾਲੇ ਆਖਰੀ ਵੋਟਾਂ ਗਿਣੇ ਜਾਣ ਤੱਕ ਕਸੂਤੀ ਸਥਿਤੀ ਬਣੀ ਹੋਈ ਹੈ ਤੇ ਗ੍ਰੀਨਜ਼ ਵੀ ਸਥਿਤੀ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਹਨ।
ਗ੍ਰੀਨਜ਼ ਨੇ ਅੱਜ ਮੰਗਲਵਾਰ ਨੂੰ ਐਲਾਨ ਕੀਤਾ ਕਿ ਜਦੋਂ ਵੀ ਸਿਆਸੀ ਗੱਲਬਾਤ ਹੋਵੇਗੀ ਤਾਂ ਵੀਵਰ ਪਾਰਟੀ ਦੇ ਚੀਫ ਵਾਰਤਾਕਾਰ ਦੀ ਭੂਮਿਕਾ ਨਿਭਾਉਣਗੇ। ਬਾਕੀ ਦੀ ਟੀਮ ਵਿੱਚ ਨਵੇਂ ਚੁਣੇ ਐਮਐਲਏ, ਸੋਨੀਆ ਫਰਸਟੈਨਿਊ, ਪਾਰਟੀ ਦੀ ਚੀਫ ਆਫ ਸਟਾਫ ਲਿਜ ਲਿਲੀ ਤੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਤੇ ਬੀਸੀ ਦੇ ਪ੍ਰੀਮੀਅਰ ਬਿੱਲ ਬੈਨੇਟ ਦੇ ਸਿਆਸੀ ਸਹਾਇਕ ਰਹੇ ਨੌਰਮਨ ਸਪੈਕਟਰ ਹੋਣਗੇ।
ਸਪੈਕਟਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਨੂੰ ਪ੍ਰਭਾਵਸ਼ਾਲੀ ਸਰਕਾਰ ਚਾਹੀਦੀ ਹੈ ਤੇ ਐਂਡਰਿਊ ਵੀਵਰ ਇਨ੍ਹਾਂ ਚੋਣਾਂ ਤੋਂ ਬਾਅਦ ਅਜਿਹੀ ਸਰਕਾਰ ਮੁਹੱਈਆ ਕਰਵਾਉਣ ਦੀ ਚਾਬੀ ਹਨ। ਇਸੇ ਦੌਰਾਨ ਐਨਡੀਪੀ ਆਗੂ ਜੌਹਨ ਹੌਰਗਨ ਦਾ ਕਹਿਣਾ ਹੈ ਕਿ ਉਹ ਗ੍ਰੀਨਜ਼ ਨਾਲ ਰਲ ਕੇ ਅਜਿਹਾ ਮਤਾ ਤਿਆਰ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਜਿਸ ਨਾਲ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਹਿਤਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਆਖਿਆ ਕਿ ਉਹ ਲਿਬਰਲਾਂ ਨਾਲ ਕੰਮ ਨਹੀਂ ਕਰ ਰਹੇ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਐਨਡੀਪੀ ਤੇ ਗ੍ਰੀਨਜ਼ ਦੇ ਸਿੱਖਿਆ, ਪਬਲਿਕ ਸਰਵਿਸਿਜ਼, ਵਾਤਾਵਰਣ, ਚੋਣ ਸੁਧਾਰ ਆਦਿ ਵਰਗੇ ਮੁੱਦਿਆਂ ਉੱਤੇ ਸਾਂਝੇ ਹਿਤ ਹਨ। ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਮੰਗਲਵਾਰ ਨੂੰ ਆਖਿਆ ਕਿ ਵੈਨਕੂਵਰ ਦੇ ਹੋਟਲ ਵਿੱਚ ਆਪਣੀ ਪਾਰਟੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਵੀਵਰ ਤੇ ਹੌਰਗਨ ਨਾਲ ਵੀ ਗੱਲ ਕੀਤੀ। ਉਨ੍ਹਾਂ ਆਖਿਆ ਕਿ ਲੋਕ ਵੀ ਇਹੋ ਫਤਵਾ ਦੇ ਚੁੱਕੇ ਹਨ ਕਿ ਸਾਰੀਆਂ ਪਾਰਟੀਆਂ ਰਲ ਕੇ ਕੰਮ ਕਰਨ। ਪਰ ਉਨ੍ਹਾਂ ਸਪਸਟ ਕੀਤਾ ਕਿ ਇਸ ਸਮੇਂ ਕਿਸੇ ਵੀ ਪਾਰਟੀ ਨਾਲ ਗੱਲਬਾਤ ਕਰਨਾ ਜਲਦਬਾਜੀ ਵਾਲਾ ਕੰਮ ਹੋਵੇਗਾ।

Facebook Comment
Project by : XtremeStudioz