Close
Menu

ਐਨਫੋਰਸਮੈਂਟ ਅਫ਼ਸਰ ਨਿਰੰਜਣ ਸਿੰਘ ਦੀ ਬਦਲੀ ’ਤੇ 12 ਮਾਰਚ ਤੱਕ ਰੋਕ

-- 27 February,2015

ਚੰਡੀਗੜ੍, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀ ਦੇ ਤਬਾਦਲੇ ਉਪਰ ਲਗਾਈ ਰੋਕ ਦੀ ਮਿਆਦ ਵਧਾ ਦਿੱਤੀ ਹੈ। ਹੁਣ ਇਕ ਹੋਰ ਮਾਮਲੇ ਦੀ ਅਗਲੀ ਸੁਣਵਾਈ, ਜੋ 12 ਮਾਰਚ ਨੂੰ ਹੋਣੀ ਹੈ, ਤੱਕ ਜਾਰੀ ਰਹੇਗੀ। ਅਧਿਕਾਰੀ ਨਿਰੰਜਣ ਸਿੰਘ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਪਾਸੋਂ ਪੁੱਛ-ਪੜਤਾਲ ਕੀਤੀ ਸੀ।ਜਿਵੇਂ ਮਾਮਲਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਅੱਗੇ ਸੁਣਵਾਈ ਲਈ ਆਇਆ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਵੱਲੋਂ ਮੁਲਜ਼ਮ ਖਿਲਾਫ 2 ਮਾਰਚ ਨੂੰ ਹੋਰ ਸ਼ਿਕਾਇਤ ਦਾਖਲ ਕੀਤੀ ਜਾਵੇਗੀ। ਹਾਈ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਿਹਾ ਕਿ ਉਹ ਦੱਸੇ ਕਿ ਉਸ ਵੱਲੋਂ ਸ੍ਰੀ ਨਿਰੰਜਣ ਸਿੰਘ ਦੀ ਥਾਂ ਇਥੇ ਕਿਹੜੇ ਅਧਿਕਾਰੀ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ।
ਬੈਂਚ ਨੇ ਇਹ ਵੀ ਕਿਹਾ ਕਿ ਵਿਭਾਗ ਦੱਸੇ ਕਿ ਉਸ ਦੀ ਥਾਂ ਕੋਲਕਾਤਾ ਵਿੱਚ ਕਿਹੜਾ ਅਧਿਕਾਰੀ ਤਾਇਨਾਤ ਕੀਤਾ ਜਾ ਸਕਦਾ ਹੈ। ਵਿਭਾਗ ਨੇ ਪਿਛਲੀ ਸੁਣਵਾਈ ਵਿੱਚ ਕਿਹਾ ਸੀ ਕਿ ਨਿਰੰਜਣ ਸਿੰਘ ਦੀਆਂ ਸੇਵਾਵਾਂ ਦੀ ਕੋਲਕਾਤਾ ਵਿੱਚ ਲੋੜ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਪਣੇ ਅਧਿਕਾਰੀ ਦੇ ਕੀਤੇ ਤਬਾਦਲੇ ਖਿਲਾਫ ਐਡਵੋਕੇਟ ਨਵਕਿਰਨ ਸਿੰਘ ਨੇ ਅਪੀਲ ਪਾਈ ਹੋਈ ਹੈ। ਇਹ ਅਪੀਲ ਉਨ੍ਹਾਂ ਗੈਰ-ਸਰਕਾਰੀ ਸੰਗਠਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਪਾਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਿਰੰਜਣ ਸਿੰਘ ਦੇ ਤਬਾਦਲੇ ਨਾਲ 6000 ਕਰੋੜ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਪ੍ਰਭਾਵਿਤ ਹੋਵੇਗੀ। ਇਹ ਤਬਾਦਲਾ ਲੋਕਾਂ ਤੇ ਨਿਆਂ ਦੇ ਹਿੱਤ ਵਿੱਚ ਨਹੀਂ ਹੈ। ਜਾਂਚ ਕਰਨ ਵਾਲੇ ਅਧਿਕਾਰੀ ਦਾ ਤਬਾਦਲਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਉਨ੍ਹਾਂ ਸੁਪਰੀਮ ਕੋਰਟ ਦੇ ਉਸ ਹੁਕਮ ਦਾ ਹਵਾਲਾ ਦਿੱਤਾ ਜਿਸ ਵਿੱਚ ਉਸ ਨੇ 2-ਜੀ ਤੇ ਕੋਲ ਘਪਲਿਆਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੇ ਤਬਾਦਲਿਆਂ ’ਤੇ ਰੋਕ ਲਗਾ ਦਿੱਤੀ ਸੀ।

Facebook Comment
Project by : XtremeStudioz