Close
Menu

ਐਨਰਜੀ ਈਸਟ ਪਾਈਪਲਾਈਨ ਨੂੰ ਬਲਾਕ ਕਰੇਗਾ ਮਾਂਟਰੀਅਲ : ਰੋਨਾ ਐਂਬਰੋਜ਼

-- 29 March,2017

ਓਟਵਾ, ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਉੱਕਾ ਉਮੀਦ ਨਹੀਂ ਹੈ ਕਿ ਅਲਬਰਟਾ ਤੋਂ ਨਿਊ ਬਰੰਜ਼ਵਿੱਕ ਤੱਕ ਪ੍ਰਸਤਾਵਿਤ ਐਨਰਜੀ ਈਸਟ ਪਾਈਪਲਾਈਨ ਦਾ ਕਦੇ ਨਿਰਮਾਣ ਹੋ ਸਕੇਗਾ। ਉਨ੍ਹਾਂ ਮਾਂਟਰੀਅਲ ਦੇ ਮੇਅਰ ਤੇ ਪਾਈਪਲਾਈਨ ਵਿਰੋਧੀ ਗਰੁੱਪਾਂ ਵੱਲੋਂ ਇਸ ਪਾਈਪਲਾਈਨ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਪ੍ਰਚਾਰ ਦੇ ਸੰਦਰਭ ਵਿੱਚ ਇਹ ਗੱਲ ਆਖੀ।
ਸੋਮਵਾਰ ਸਵੇਰੇ ਟੋਰਾਂਟੋ ਦੇ ਬਿਜ਼ਨਸ ਅਧਿਕਾਰੀਆਂ ਨਾਲ ਗੱਲ ਕਰਦਿਆਂ ਐਂਬਰੋਜ਼ ਨੇ ਕੈਨੇਡਾ ਵਿੱਚ ਪਾਈਪਲਾਈਨਜ਼ ਨੂੰ ਨਕਾਰੇ ਜਾਣ ਦੇ ਵਿਸੇ਼ ਉੱਤੇ ਚਿੰਤਾ ਪ੍ਰਗਟਾਉਂਦਿਆਂ ਉਕਤ ਵਿਚਾਰ ਪ੍ਰਗਟਾਏ। ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਨਵੰਬਰ ਵਿੱਚ ਟਰਾਂਸ ਮਾਊਨਟੇਨ ਤੇ ਲਾਈਨ 3 ਪਾਈਪਲਾਈਨ ਦੇ ਪਸਾਰ ਨੂੰ ਹਰੀ ਝੰਡੀ ਦਿੱਤੀ ਸੀ ਪਰ ਨਾਰਦਰਨ ਗੇਟਵੇਅ ਪਾਈਪਲਾਈਨ ਪ੍ਰਸਤਾਵ ਨੂੰ ਨਹੀਂ ਸੀ ਮੰਨਿਆ। ਇਹ ਪਾਈਪਲਾਈਨ ਉੱਤਰੀ ਬੀਸੀ ਵਿੱਚ ਗ੍ਰੇਟ ਬੀਅਰ ਰੇਨ ਫੌਰੈਸਟ ਰਾਹੀਂ ਨਿਕਲਣੀ ਸੀ।
ਟਰਾਂਸਕੈਨੇਡਾ ਦੀ ਪ੍ਰਸਤਾਵਿਤ ਐਨਰਜੀ ਈਸਟ ਪਾਈਪਲਾਈਨ ਦੇ ਮੌਜੂਦਾ ਪੱਧਰ ਨੂੰ ਉੱਚਾ ਕਰਕੇ 1.1 ਮਿਲੀਅਨ ਬੈਰਲ ਕੱਚਾ ਤੇਲ ਰੋਜ਼ਾਨਾ ਨਿਊ ਬਰੰਜ਼ਵਿੱਕ ਭੇਜਿਆ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਐਂਬਰੋਜ਼ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਹ ਸੱਭ ਕਿਵੇਂ ਹੋਵੇਗਾ। ਐਨਰਜੀ ਈਸਟ ਨੂੰ ਮਾਂਟਰੀਅਲ ਰਾਹੀਂ ਗੁਜ਼ਰਨ ਦਿੱਤਾ ਜਾਵੇਗਾ ਇਸ ਗੱਲ ਦਾ ਕਿਆਫਾ ਵੀ ਨਹੀਂ ਲਾਇਆ ਜਾ ਸਕਦਾ।
ਲਿਬਰਲਾਂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਨੂੰ ਸੋਸ਼ਲ ਲਾਇਸੰਸ ਲੈਣਾ ਹੀ ਪਵੇਗਾ ਤੇ ਅਸੀਂ ਅਜੇ ਤੱਕ ਇਹ ਨਹੀਂ ਸਮਝ ਪਾਏ ਕਿ ਇਸ ਤੋਂ ਕੀ ਭਾਵ ਹੈ। ਪਰ ਜੇ ਲਿਬਰਲਾਂ ਨੂੰ ਇਹ ਲੱਗਦਾ ਹੈ ਕਿ ਮੇਅਰ ਡੈਨਿਸ ਕੌਡੇਰੇ ਤੇ ਉਹ ਗਰੁੱਪ ਜਿਹੜੇ ਐਨਰਜੀ ਈਸਟ ਦਾ ਵਿਰੋਧ ਕਰ ਰਹੇ ਹਨ ਸਰਕਾਰ ਨੂੰ ਇਸ ਸਬੰਧ ਵਿੱਚ ਲਾਇਸੰਸ ਦੇ ਦੇਣਗੇ ਤਾਂ ਇਹ ਸੰਭਵ ਨਹੀਂ ਲੱਗਦਾ। ਕੌਡੇਰੇ ਦੇ ਬੁਲਾਰੇ ਨੇ ਇਹ ਵੀ ਆਖਿਆ ਕਿ ਸ਼ਹਿਰ ਨੂੰ ਐਨਰਜੀ ਈਸਟ ਦੀ ਲੋੜ ਨਹੀਂ ਹੈ।
ਟਰਾਂਸ ਕੈਨੇਡਾ ਦਾ ਕਹਿਣਾ ਹੈ ਕਿ ਉਹ ਮੇਅਰ ਤੇ ਮਾਂਟਰੀਅਲ ਦੇ ਹੋਰਨਾਂ ਗਰੁੱਪਜ਼ ਦੇ ਸਵਾਲ ਸੁਣ ਰਹੇ ਹਨ ਤੇ ਜਿਹੜੇ ਉਨ੍ਹਾਂ ਵੱਲੋਂ ਮੁੱਦੇ ਉਠਾਏ ਜਾ ਰਹੇ ਹਨ ਉਨ੍ਹਾਂ ਦਾ ਵੀ ਧਿਆਨ ਰੱਖ ਰਹੇ ਹਨ ਤੇ ਇਨ੍ਹਾਂ ਨੂੰ ਹੱਲ ਕਰਨ ਦੀ ਕੋਸਿ਼ਸ਼ ਵੀ ਕੀਤੀ ਜਾਵੇਗੀ। ਇਨ੍ਹਾਂ ਸਵਾਲਾਂ ਤੇ ਮੁੱਦਿਆਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ।

Facebook Comment
Project by : XtremeStudioz