Close
Menu

ਐਨਾ ਬਰਨਜ਼ ਦੇ ‘ਮਿਲਕਮੈਨ’ ਨੂੰ ਮਿਲਿਆ ਮੈਨ ਬੁੱਕਰ ਪੁਰਸਕਾਰ

-- 18 October,2018

ਲੰਡਨ, 18 ਅਕਤੂਬਰ
ਐਨਾ ਬਰਨਜ਼ ਨੌਰਦਰਨ ਆਇਰਲੈਂਡ ਦੀ ਮੈਨ ਬੁੱਕਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਲੇਖਕਾ ਬਣ ਗਈ ਹੈ ਜਿਸ ਦੇ ਨਾਵਲ ‘ਮਿਲਕਮੈਨ’ ਨੂੰ ਇਹ ਵਕਾਰੀ ਐਜਾਜ਼ ਮਿਲਿਆ ਹੈ। ਇਹ ਨੌਰਦਰਨ ਆਇਰਲੈਂਡ ਦੇ ਸਿਆਸੀ ਉਥਲ ਪੁਥਲ ਵਾਲੇ ਮਾਹੌਲ ਵਿਚ ਇਕ ਮੁਟਿਆਰ ਦੇ ਸ਼ਾਦੀਸ਼ੁਦਾ ਸ਼ਖ਼ਸ ਨਾਲ ਪ੍ਰੇਮ ਪ੍ਰਸੰਗ ਦੀ ਕਥਾ ਹੈ।
56 ਸਾਲਾ ਬਰਨਜ਼ ਦਾ ਜਨਮ ਬੈਲਫਾਸਟ ਵਿਚ ਹੋਇਆ ਸੀ ਤੇ ਮੈਨ ਬੁਕਰ ਪੁਰਸਕਾਰ ਦੇ 49 ਸਾਲਾ ਇਤਿਹਾਸ ਵਿਚ ਉਹ ਪੁਰਸਕਾਰ ਜਿੱਤਣ ਵਾਲੀ ਸਤਾਰਵੀਂ ਹੈ ਤੇ 2013 ਤੋਂ ਬਾਅਦ ਪਹਿਲੀ ਔਰਤ ਹੈ।
2018 ਦੇ ਜੱਜ ਮੰਡਲ ਦੇ ਮੁਖੀ ਕਾਵਮੀ ਐਂਥਨੀ ਐਪੀਆ ਨੇ ਬਰਨਜ਼ ਦੇ ਨਾਵਲ ਨੂੰ ਬਹੁਤ ਹੀ ਮੌਲਿਕ ਰਚਨਾ ਕਰਾਰ ਦਿੱਤਾ। ਇਹ ਉਸ ਦਾ ਤੀਜਾ ਨਾਵਲ ਹੈ ਜਿਸ ਦੀ ਕਹਾਣੀ ਨੌਰਦਰਨ ਆਇਰਲੈਂਡ ਦੇ ਇਕ ਸ਼ਹਿਰ ਵਿਚ ਘੁੰਮਦੀ ਹੈ। ਸ੍ਰੀ ਐਪੀਆ ਨੇ ਕਿਹਾ ‘‘ ਇਹ ਇਕ ਖਿੰਡੇ ਖੱਪਰੇ ਸਮਾਜ ਵਿਚਲੀ ਵਹਿਸ਼ਤ, ਜਿਨਸੀ ਦਾਬੇ ਤੇ ਨਾਬਰੀ ਤੇ ਮਜ਼ਾਹ ਦੀ ਕਹਾਣੀ ਹੈ ਤੇ ਇਹ ਸਾਡੇ ਨਿੱਤ ਦੇ ਜੀਵਨ ਵਿਚ ਹੁੰਦੇ ਦਮਨ ਦੀਆਂ ਪਰਤਾਂ ਨੂੰ ਉਘੇੜਦੀ ਹੈ।’’
ਬੀਬੀ ਬਰਨਜ਼ ਨੂੰ ਡੱਚੈਸ ਆਫ ਕੌਰਨਵਾਲ ਕੈਮਿਲਾ ਨੇ ਟਰਾਫੀ ਅਤੇ 52500 ਪੌਂਡ (69223 ਡਾਲਰ ਜਾਂ 50.85 ਲੱਖ ਰੁਪਏ) ਭੇਟ ਕੀਤੇ। ਮੈਨ ਬੁਕਰ ਪੁਰਸਕਾਰ ਲਈ ਦੁਨੀਆ ਭਰ ਦੇ ਅੰਗਰੇਜ਼ੀ ਭਾਸ਼ਾ ਵਿਚ ਲਿਖਣ ਵਾਲੇ ਲੇਖਕਾਂ ਦੀਆਂ ਕਿਰਤਾਂ ਚੁਣੀਆਂ ਜਾਂਦੀਆਂ ਹਨ। ਇੰਗਲੈਂਡ ਦੇ ਈਸਟ ਸਸੈਕਸ ਵਿਚ ਰਹਿੰਦੀ ਬਰਨਜ਼ ਦਾ ਮੁਕਾਬਲਾ ਦੋ ਬਰਤਾਨਵੀ, ਦੋ ਅਮਰੀਕੀ ਤੇ ਇਕ ਕੈਨੇਡੀਅਨ ਲੇਖਕ ਨਾਲ ਸੀ। ਦਿਲਚਸਪ ਗੱਲ ਇਹ ਹੈ ਕਿ ‘ਮਿਲਕਮੈਨ’ ਵਿਚ ਕਿਸੇ ਵੀ ਪਾਤਰ ਦਾ ਨਾਂ ਨਹੀਂ ਸਗੋਂ ਉਸ ਦੀ ਪਛਾਣ ਉਸ ਦੇ ਮੁਕਾਮ ਤੋਂ ਕੀਤੀ ਜਾਂਦੀ ਹੈ। ਮੁਕਾਬਲੇ ਵਿਚ ਹੋਰਨਾਂ ਨਾਮਜ਼ਦਗੀਆਂ ਵਿਚ ‘‘ਐਵਰੀਥਿੰਗ ਅੰਡਰ’’ ਡੇਜ਼ੀ ਜੌਨਸਨ, ‘‘ਦਿ ਲੌਂਗ ਟੇਕ’’ ਰੌਬਿਨ ਰਾਬਰਟਸਨ, ‘‘ਵਾਸ਼ਿੰਗਟਨ ਬਲੈਕ’’ ਇਸੀ ਐਦੂਆਨ, ‘‘ਦਿ ਮਾਰਜ਼ ਰੂਮ’’ ਰੈਚਲ ਕੁਸ਼ਨਰ ਤੇ ‘‘ਦਿ ਓਵਰਸਟੋਰੀ’’ ਰਿਚਰਡ ਪਾਵਰਜ਼ ਸ਼ਾਮਲ ਸਨ।

Facebook Comment
Project by : XtremeStudioz