Close
Menu

ਐਬਟ ਦੀ ਅਗਵਾਈ ਹੇਠ ਆਸਟਰੇਲੀਆ-ਭਾਰਤ ਸਬੰਧ ਹੋਰ ਮਜ਼ਬੂਤ ਹੋਣ ਦੀਆਂ ਉਮੀਦਾਂ

-- 10 September,2013

ਮੈਲਬਰਨ, 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਟੋਨੀ ਐਬਟ ਦੀ ਅਗਵਾਈ ਹੇਠ ਆਸਟਰੇਲੀਆ-ਭਾਰਤ ਸਬੰਧ ਹੋਰ ਮਜ਼ਬੂਤ ਬਣਨਗੇ। ਉਨ੍ਹਾਂ ਭਾਰਤ ਨੂੰ ਉਭਰਦੀ ਮਹਾਂਸ਼ਕਤੀ ਕਰਾਰ ਦਿੱਤਾ ਸੀ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਮੈਲਬਰਨ ਆਧਾਰਤ ਵਿਚਾਰਸ਼ੀਲ ਸੰਸਥਾ ਆਸਟਰੇਲੀਆ-ਇੰਡੀਆ ਇੰਸਟੀਚਿਊਟ (ਏਆਈਆਈ) ਦੇ ਡਾਇਰੈਕਟਰ ਅਮਿਤਾਭ ਮੱਟੂ ਨੇ ਕਿਹਾ, ‘‘ਮੇਰਾ ਪੱਕਾ ਵਿਸ਼ਵਾਸ ਹੈ ਕਿ ਲਿਬਰਲ ਪਾਰਟੀ ਦੀ ਸਰਕਾਰ ਦੌਰਾਨ ਭਾਰਤ ਨਾਲ ਸਬੰਧ ਵਧੇਰੇ ਮਜ਼ਬੂਤ ਹੋਣਗੇ।’’ ਉਨ੍ਹਾਂ ਪਿਛਲੀ ਲੇਬਰ ਸਰਕਾਰ ਦੀ ਨੀਤੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਸ ਦਾ ਭਾਰਤ ਪ੍ਰਤੀ ਰਵੱਈਆ ਹੌਲੀ-ਹੌਲੀ ਮੱਠਾ ਹੋ ਗਿਆ ਸੀ।
ਉਨ੍ਹਾਂ ਕਿਹਾ, ‘‘ਹੰਢਣਸਾਰ ਸਾਂਝੇਦਾਰੀ ਸਿਆਸੀ ਉਪਯੋਗਤਾ ਦੇ ਆਧਾਰ ’ਤੇ ਨਹੀਂ ਸਗੋਂ ਇਸ ਮਾਨਤਾ ’ਤੇ ਉਸਰਦੀ ਹੈ ਕਿ ਭਾਰਤ ਅਤੇ ਆਸਟਰੇਲੀਆ ਦਰਮਿਆਨ ਖਿੱਤੇ ਦੇ ਹੋਰ ਕਿਸੇ ਵੀ ਮੁਲਕਾਂ ਨਾਲੋਂ ਕਦਰਾਂ-ਕੀਮਤਾਂ ਅਤੇ ਹਿੱਤਾਂ ਦੀ ਸਾਂਝ ਵਧੇਰੇ ਹੈ। ਮੇਰਾ ਖਿਆਲ ਹੈ ਕਿ ਲਿਬਰਲ ਲੀਡਰਸ਼ਿਪ ਇਸ ਗੱਲ ਨੂੰ ਬਾਖੂਬੀ ਸਮਝਦੀ ਹੈ।’’
ਹਾਲੀਆ ਚੋਣ ਨਤੀਜਿਆਂ ਨੂੰ ਭਾਰਤ ਲਈ ਸ਼ੁਭ ਦੱਸਦਿਆਂ ਮਾਹਿਰਾਂ ਨੇ ਆਖਿਆ ਕਿ ਉਨ੍ਹਾਂ ਦਾ ਖਿਆਲ ਹੈ ਕਿ ਭਾਰਤ-ਆਸਟਰੇਲੀਆ ਸਬੰਧ ਐਬਟ ਦੀ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਦੌਰਾਨ ਹੋਰ ਮਜ਼ਬੂਤ ਬਣਨਗੇ। ਇਸ ਤੋਂ ਪਹਿਲਾਂ ਜੌਹਨ ਹਾਵਰਡ ਦੀ ਲਿਬਰਲ ਸਰਕਾਰ ਨੇ ਭਾਰਤ ਨਾਲ ਸਬੰਧ ਵਧਾਉਣ ਦੀ ਨੀਤੀ ਅਪਣਾਈ ਸੀ ਅਤੇ ਐਬਟ ਸਰਕਾਰ ਵੱਲੋਂ ਇਸੇ ’ਤੇ ਅਮਲ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ।
ਪਿਛਲੇ ਸਾਲ ਸ੍ਰੀ ਐਬਟ ਨੇ ਇਕ ਕਾਰੋਬਾਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਭਾਰਤ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਸਬੰਧ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ। ਆਸਟਰੇਲੀਆ ਆਉਣ ਵਾਲੇ ਭਾਰਤੀਆਂ ਨੂੰ ‘ਆਦਰਸ਼ ਨਾਗਰਿਕ’ ਦੱਸਦਿਆਂ ਸ੍ਰੀ ਐਬਟ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ਕਾਇਮ ਕਰਨ ਦਾ ਅਹਿਦ ਲਿਆ ਸੀ। ਮਾਹਿਰਾਂ ਨੇ ਸ੍ਰੀ ਐਬਟ ਦੇ 1980ਵਿਆਂ ਵਿੱਚ ਭਾਰਤ ਦੌਰੇ ਦੀ ਵੀ ਮਿਸਾਲ ਦਿੱਤੀ ਜਦੋਂ ਉਹ ਸਿਰਫ 23 ਸਾਲ ਦੇ ਸਨ ਅਤੇ ਉਨ੍ਹਾਂ ਮੁੰਬਈ, ਦਿੱਲੀ, ਕਸ਼ਮੀਰ, ਰਾਜਸਥਾਨ ਅਤੇ ਬਿਹਾਰ ਵਿੱਚ ਇਕ ਸੈਲਾਨੀ ਦੇ ਤੌਰ ’ਤੇ ਤਿੰਨ ਮਹੀਨੇ ਬਿਤਾਏ ਸਨ।
ਵਿਦੇਸ਼ ਨੀਤੀ ਬਾਰੇ ਵਿਚਾਰਸ਼ੀਲ ਸੰਸਥਾ ਲੋਈ ਇੰਸਟੀਚਿਊਟ ਦੇ ਪ੍ਰੋਗਰਾਮ ਡਾਇਰੈਕਟਰ ਰੋਕੀ ਮੈਡਕਾਫ ਨੇ ਕਿਹਾ ਕਿ ਸ੍ਰੀ ਐਬਟ ਭਾਰਤੀ ਲੋਕਤੰਤਰ ਦੇ ਪ੍ਰਸੰਸਕ ਹਨ ਅਤੇ ਉਹ ਭਾਰਤ ’ਚ ਬਿਤਾਏ ਆਪਣੇ ਦਿਨਾਂ ਨੂੰ ਯਾਦ ਕਰਦੇ ਰਹਿੰਦੇ ਹਨ। ਮੈਡਕਾਫ ਨੇ ਧਿਆਨ ਦਿਵਾਇਆ ਕਿ ਭਾਰਤ, ਆਸਟਰੇਲੀਆ ਲਈ ਚੌਥਾ ਸਭ ਤੋਂ ਵੱਡਾ ਬਰਾਮਦੀ ਟਿਕਾਣਾ ਹੈ। ਕੋਇਲੇ ਤੋਂ ਲੈ ਕੇ ਕੁਦਰਤੀ ਗੈਸ ਅਤੇ ਯੂਰੇਨੀਅਮ ਤਕ ਸੁਰੱਖਿਅਤ ਊਰਜਾ ਸਪਲਾਈ ਹੀ ਦੋਵਾਂ ਦੇਸ਼ਾਂ ਨੂੰ ਕੱਸ ਕੇ ਜੋੜਦੀ ਅਤੇ ਇਸ ਦੇ ਨਾਲ ਹੀ ਰੱਖਿਆ ਸਹਿਯੋਗ, ਸਿੱਖਿਆ, ਸਾਂਝੀ ਵਿਗਿਆਨਕ ਖੋਜ ਅਤੇ ਪਰਵਾਸ ਦੇ ਮੁੱਦੇ ਜੁੜੇ ਹੋਏ ਹਨ। ਉਨ੍ਹਾਂ ਕਿਹਾ, ‘‘ਹਿੰਦੂਮਤ ਆਸਟਰੇਲੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਧਰਮ ਬਣਦਾ ਜਾ ਰਿਹਾ ਹੈ। ਕਾਰੋਬਾਰੀ ਭਾਈਚਾਰੇ ਅਤੇ ਨੀਤੀਗਤ ਨਿਜ਼ਾਮ ਸਮੇਤ ਭਾਰਤੀਆਂ ਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਕੈਨਬਰਾ ’ਚ ਬਣਨ ਵਾਲੀ ਨਵੀਂ ਸਰਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੀ ਰਹੇਗੀ।’’

Facebook Comment
Project by : XtremeStudioz