Close
Menu

ਐਸਡੀਐਮ ਵੱਲੋਂ ਬੱਸ ਚਾਲਕ ਤੇ ਕੰਡਕਟਰ ਦੇ ਬਿਆਨ ਦਰਜ

-- 03 August,2015

ਦੀਨਾਨਗਰ, ਦੀਨਾਨਗਰ ਥਾਣੇ ’ਤੇ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਸ਼ੁਰੂ ਹੋਈ ਜਾਂਚ ਦੇ ਮੱਦੇਨਜ਼ਰ ਅੱਜ ਐਸ.ਡੀ.ਐਮ. ਗੁਰਦਾਸਪੁਰ ਮਨਮੋਹਨ ਸਿੰਘ ਕੰਗ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਬੱਸ ਦੇ ਚਾਲਕ ਨਾਨਕ ਚੰਦ ਅਤੇ ਕੰਡਕਟਰ ਵਰਿੰਦਰ ਕੁਮਾਰ ਕੋਲੋਂ ਪੁੱਛ ਪਡ਼ਤਾਲ ਕਰਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਗਏ। ਬੱਸ ਚਾਲਕ ਅਤੇ ਕੰਡਕਟਰ ਨੇ 27 ਜੁਲਾਈ ਨੂੰ ਦੀਨਾਨਗਰ ਵਿੱਚ ਹੋਏ ਅਤਿਵਾਦੀ ਹਮਲੇ ਦੌਰਾਨ ਕਰੀਬ 76 ਸਵਾਰੀਆਂ ਦੀ ਜਾਨ ਬਚਾੲੀ ਸੀ।
ਇਸ ਸਬੰਧੀ ਅੱਜ ਸਵੇਰੇ ਥਾਣਾ ਦੀਨਾਨਗਰ ਪਹੁੰਚੇ ਜਾਂਚ ਅਧਿਕਾਰੀ ਐਸ.ਡੀ.ਐਮ. ਮਨਮੋਹਨ ਸਿੰਘ ਕੰਗ, ਡੀ.ਐਸ.ਪੀ. ਹੈੱਡ ਕੁਆਰਟਰ ਪ੍ਰਹਿਲਾਦ ਸਿੰਘ ਅਤੇ ਡੀ.ਐਸ.ਪੀ. ਪਠਾਨਕੋਟ ਜਗਜੀਤ ਸਿੰਘ ਨੇ ਏ.ਐਸ.ਪੀ. ਡਾ. ਅਖਿਲ ਚੌਧਰੀ ਦੇ ਦਫ਼ਤਰ ਵਿੱਚ ਬੱਸ ਚਾਲਕ ਨਾਨਕ ਚੰਦ ਵਾਸੀ ਪਿੰਡ ਸਮਰਾਲਾ ਅਤੇ ਕੰਡਕਟਰ ਵਰਿੰਦਰ ਕੁਮਾਰ ਕੋਲੋਂ ਅਤਿਵਾਦੀਆਂ ਦੁਆਰਾ ਕੀਤੇ ਗਏ ਹਮਲੇ ਦੀ ਜਾਣਕਾਰੀ ਹਾਸਲ ਕੀਤੀ ਅਤੇ ਦੋਹਾਂ ਦੇ ਲਿਖਤੀ ਬਿਆਨ ਦਰਜ ਕੀਤੇ। ਐਸਡੀਐਮ ਮਨਮੋਹਨ ਸਿੰਘ ਕੰਗ  ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ ਨੂੰ ਬਾਰੀਕੀ ਨਾਲ ਪਰਖਿਅਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਜ ਬੱਸ ਚਾਲਕ ਵੱਲੋਂ ਆਪਣੇ ਪੱਧਰ ’ਤੇ ਮੀਡੀਆ ਰਾਹੀਂ ਕਈ ਤਰ੍ਹਾਂ ਦੇ ਬਿਆਨ ਦਿੱਤੇ ਜਾ ਚੁੱਕੇ ਹਨ ਪਰ ਉਨ੍ਹਾਂ ਨੇ ਜਾਂਚ ਵਿੱਚ ਹੁਣ ਬੱਸ ਦੇ ਕੰਡਕਟਰ ਨੂੰ ਵੀ ਸ਼ਾਮਲ ਕੀਤਾ ਹੈ ਤਾਂ ਜੋ ਅਸਲੀਅਤ ਛਿਪੀ ਨਾ ਰਹਿ ਜਾਵੇ।
ਦਫ਼ਤਰ ਤੋਂ ਬਾਹਰ ਆਉਣ ’ਤੇ ਨਾਨਕ ਚੰਦ ਅਤੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਜਾਂਚ ਅਧਿਕਾਰੀ ਵੱਲੋਂ ਉਨ੍ਹਾਂ ਕੋਲੋਂ ਅਤਿਵਾਦੀ ਹਮਲੇ ਮੌਕੇ ਵਾਪਰੀ ਘਟਨਾ ਬਾਰੇ ਵਿਸਥਾਰ ਨਾਲ ਪੁੱਛਿਆ ਗਿਆ ਅਤੇ ਲਿਖਤੀ ਬਿਆਨਾਂ ’ਤੇ ਦਸਤਖ਼ਤ ਕਰਵਾਏ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਰੋਡਵੇਜ਼ ਸਬ ਡਿਪੂ ਗੁਰਦਾਸਪੁਰ ਦੇ ਇੰਸਪੈਕਟਰ ਕ੍ਰਿਸ਼ਨ ਕੁਮਾਰ ਅਤੇ ਇੰਸਪੈਕਟਰ ਜਗਦੀਸ਼ ਚੰਦਰ ਵੀ ਆਏ    ਹੋਏ ਸਨ।

Facebook Comment
Project by : XtremeStudioz