Close
Menu

ਐੱਸ. ਜੀ. ਪੀ. ਸੀ. ਸੱਚਾਈ ਦੱਸੇ : ਖਹਿਰਾ

-- 22 May,2015

ਚੰਡੀਗੜ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ‘ਚ ਐੱਸ. ਜੀ. ਪੀ. ਸੀ. ਤੇ ਰਾਜ ਸਰਕਾਰ ਵਲੋਂ ਧਾਰਮਿਕ ਦਰਸ਼ਨ ਯਾਤਰਾ ‘ਚ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਤ ਦਿਖਾਈਆਂ ਜਾ ਰਹੀਆਂ ਨਿਸ਼ਾਨੀਆਂ ਦੇ ਸੰਬੰਧ ‘ਚ ਪਿਛਲੇ ਦਿਨੀਂ ਉਠਾਏ ਗਏ ਸਵਾਲਾਂ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਇਸਦੇ ਬਾਰੇ ‘ਚ ਸਿੱਖ ਭਾਈਚਾਰੇ ‘ਚ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੀਰ ਬੁੱਧੂਸ਼ਾਹ ਦੇ ਪਰਿਵਾਰ ਨਾਲ ਸੰਬੰਧਤ, ਜਿਨ੍ਹਾਂ ਧਰੋਹਰਾਂ ਦੇ ਬਾਰੇ ‘ਚ ਉਨ੍ਹਾਂ ਪ੍ਰਾਪਤ ਤੱਥਾਂ ਦੇ ਆਧਾਰ ‘ਤੇ ਸਵਾਲ ਉਠਾਏ ਸਨ, ਉਨ੍ਹਾਂ ਦਾ ਹਾਲੇ ਤਕ ਐੱਸ. ਜੀ. ਪੀ. ਸੀ. ਪ੍ਰਧਾਨ ਵਲੋਂ ਕੋਈ ਤਸੱਲੀਜਨਕ ਜਵਾਬ ਨਹੀਂ ਮਿਲਿਆ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਧਰੋਹਰਾਂ ਦੀ ਅਸਲੀਅਤ ਦੱਸਣ ਦੀ ਥਾਂ ਮੇਰੇ ‘ਤੇ ਦਿਮਾਗੀ ਸੰਤੁਲਨ ਗੁਆਉਣ ਅਤੇ ਹੋਰਨਾਂ ਅਜਿਹੇ ਸਿਆਸੀ ਦੋਸ਼ ਲਗਾਉਣ ‘ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਖਹਿਰਾ ਨੇ ਪਿਛਲੇ ਦਿਨੀਂ ਪੀਰ ਬੁੱਧੂਸ਼ਾਹ ਦੀ 8ਵੀਂ ਪੀੜ੍ਹੀ ‘ਚੋਂ ਅਮਰੀਕਾ ਦੇ ਲਾਸ ਏਂਜਲਸ ਕੈਲੀਫੋਰਨੀਆ ‘ਚ ਰਹਿ ਰਹੇ ਸੈਯਦ ਨਈਮ ਹੈਦਰ ਦੇ ਦਾਅਵੇ ਦੇ ਆਧਾਰ ‘ਤੇ ਦਰਸ਼ਨ ਯਾਤਰਾ ‘ਚ ਦਿਖਾਈਆਂ ਜਾ ਰਹੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਧਰੋਹਰਾਂ ਦੇ ਸੰਬੰਧ ‘ਚ ਸਵਾਲ ਉਠਾਉਂਦੇ ਹੋਏ ਐਸ. ਜੀ. ਪੀ. ਸੀ. ਨੂੰ ਇਸ ਬਾਰੇ ‘ਚ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਸੀ। ਖਹਿਰਾ ਨੇ ਅੱਜ ਮਲੇਸ਼ੀਆ ਤੋਂ ਪ੍ਰਾਪਤ ਹੋਈ ਨਵੀਂ ਜਾਣਕਾਰੀ ਦੇ ਆਧਾਰ ‘ਤੇ ਫਿਰ ਇਨ੍ਹਾਂ ਸਵਾਲਾਂ ਨੂੰ ਉਠਾਉਂਦੇ ਹੋਏ ਐੱਸ. ਜੀ. ਪੀ. ਸੀ. ਨੂੰ ਸੱਚ ਦੱਸਣ ਦੀ ਚੁਣੌਤੀ ਦਿੱਤੀ ਹੈ। ਖਹਿਰਾ ਨੇ ਦੱਸਿਆ ਕਿ ਹੈਦਰ ਦੇ ਬਾਅਦ ਹੁਣ ਮਲੇਸ਼ੀਆ ਦੇ ਸਿੱਖ ਨੇਤਾ ਪ੍ਰੀਤਮ ਸਿੰਘ ਵਲੋਂ ਉਨ੍ਹਾਂ ਨੂੰ ਕਈ ਤਸਵੀਰਾਂ ਤੇ ਦਸਤਾਵੇਜ ਭੇਜੇ ਗਏ ਹਨ ਜੋ ਖਾਲਸਾ ਦੇ 300 ਸਾਲਾ ਪ੍ਰੋਗਰਾਮਾਂ ਨਾਲ ਸੰਬੰਧਤ ਹਨ। ਉਸ ਸਮੇਂ ਸਿੰਗਾਪੁਰ ‘ਚ ਸਿੱਖ ਸੰਗਠਨਾਂ ਵਲੋਂ ਹੈਦਰ ਨੂੰ ਬੁਲਾਇਆ ਗਿਆ ਸੀ, ਜਿਥੇ ਗੁਰੂ ਸਾਹਿਬਾਨ ਨਾਲ ਸੰਬੰਧਤ ਧਰੋਹਰਾਂ ਦੇ ਦਰਸ਼ਨ ਸਿੱਖ ਸੰਗਤਾਂ ਨੂੰ ਕਰਵਾਏ ਗਏ ਸਨ। ਉਸ ਸਮੇਂ ਉਥੇ ਦੇ ਅੰਗਰੇਜ਼ੀ ਅਖਬਾਰ ਦਿ ਸਟੇਟ ਟਾਇਮਜ਼ ‘ਚ ਇਸ ਸੰਬੰਧੀ ਛਪੀਆਂ ਰਿਪੋਰਟਾਂ ਦੀਆਂ ਕਾਪੀਆਂ ਤੇ ਫੋਟੋਆਂ ਵੀ ਖਹਿਰਾ ਨੇ ਮੀਡੀਆ ਨੂੰ ਦਿੱਤੀਆਂ। ਉਨ੍ਹਾਂ ਮੀਡੀਆ ਨੂੰ ਹੈਦਰ ਦੀ ਉਹ ਵੀਡੀਓ ਵੀ ਦਿਖਾਈ, ਜਿਸ ‘ਚ ਧਰੋਹਰਾਂ ਨੂੰ ਪ੍ਰਦਰਸ਼ਿਤ ਕਰਦੇ ਹੋਏੇ ਦਾਅਵਾ ਕੀਤਾ ਗਿਆ ਕਿ ਅਸਲੀ ਧਰੋਹਰਾਂ ਉਨ੍ਹਾਂ ਕੋਲ ਅਜਾਇਬ ਘਰ ‘ਚ ਸੁਰੱਖਿਅਤ ਹਨ। ਇਨ੍ਹਾਂ ‘ਚ ਦਸਤਾਰ, ਕੰਘਾ, ਕ੍ਰਿਪਾਨ, ਇਕ ਹੁਕਮਨਾਮਾ ਤੇ ਨਾਭਾ ਰਿਆਸਤ ਵਲੋਂ ਪਰਿਵਾਰ ਨੂੰ ਦਿੱਤੇ ਗਏ ਵਜ਼ੀਫੇ ਤੇ ਪੈਨਸ਼ਨ ਦੇ ਦਸਤਾਵੇਜ ਸ਼ਾਮਲ ਹਨ। ਖਹਿਰਾ ਨੇ ਕਿਹਾ ਕਿ ਹੁਣ ਐੱਸ. ਜੀ. ਪੀ. ਸੀ. ਨੂੰ ਪੀਰ ਬੁੱਧੂਸ਼ਾਹ ਦੇ ਪਰਿਵਾਰ ਨਾਲ ਸੰਬੰਧਤ ਧਰੋਹਰਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਕਿ ਪਰਿਵਾਰ ਕੋਲ ਮੌਜੂਦ ਧਰੋਹਰਾਂ ਅਸਲੀ ਹਨ ਜਾਂ ਐੱਸ. ਜੀ. ਪੀ. ਸੀ. ਵਾਲੀਆਂ, ਜੋ ਕਿ ਧਾਰਮਿਕ ਦਰਸ਼ਨ ਯਾਤਰਾ ‘ਚ ਦਿਖਾਈਆਂ ਜਾ ਰਹੀਆਂ ਹਨ। ਖਹਿਰਾ ਨੇ ਇਹ ਵੀ ਸਪਸ਼ਟ ਕੀਤਾ ਕਿ ਦਰਸ਼ਨ ਯਾਤਰਾ ‘ਚ ਦਿਖਾਈਆਂ ਜਾ ਰਹੀਆਂ ਹੋਰਨਾਂ ਧਰੋਹਰਾਂ ਦੇ ਬਾਰੇ ‘ਚ ਕੋਈ ਸ਼ੰਕਾ ਨਹੀਂ ਪਰ ਸਿਰਫ ਉਨ੍ਹਾਂ ਧਰੋਹਰਾਂ ਨੂੰ ਲੈ ਕੇ ਭ੍ਰਮ ਦੀ ਸਥਿਤੀ ਬਣੀ ਹੈ, ਜਿਨ੍ਹਾਂ ‘ਚੋਂ ਕੁਝ ਧਰੋਹਰਾਂ ‘ਤੇ ਪੀਰ ਬੁੱਧੂਸ਼ਾਹ ਪਰਿਵਾਰ ਦੇ ਵੰਸ਼ ਨਾਲ ਸੰਬੰਧਤ ਹੈਦਰ ਦਾਅਵਾ ਕਰ ਰਹੇ ਹਨ।

Facebook Comment
Project by : XtremeStudioz