Close
Menu

ਓਟੈਗੋ ਵੋਲਟਸ ਨੇ ਕਾਂਡੂਰਾਤਾ ਮੈਰੂਨਜ਼ ਨੂੰ 6 ਵਿਕਟਾਂ ਨਾਲ ਹਰਾਇਆ

-- 19 September,2013

Otago-volts-players-happpy-mood-18913-VG

ਮੁਹਾਲੀ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਵਿੱਚ ਚੈਂਪੀਅਨਜ਼ ਲੀਗ ਟੀ-20 ਚੈਂਪੀਅਨਸ਼ਿਪ ਦਾ ਤੀਜਾ ਕੁਆਲੀਫਾਇੰਗ ਮੈਚ ਅੱਜ ਓਟੈਗੋ ਵੋਲਟਸ ਨੇ ਸ੍ਰੀਲੰਕਾ ਦੀ ਟੀਮ ਕਾਂਡੂਰਾਤਾ ਮੈਰੂਨਜ਼ ਤੋਂ 6 ਵਿਕਟਾਂ ਨਾਲ ਜਿੱਤ ਲਿਆ। ਓਟੈਗੋ ਵੋਲਟਸ ਨੇ ਟਾਸ ਜਿੱਤ ਕੇ ਮੈਰੂਨਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਮੈਰੂਨਜ਼ ਨੇ 20 ਓਵਰਾਂ ਵਿਚ 9 ਵਿਕਟਾਂ ਉਤੇ 154 ਦਾ ਸਕੋਰ  ਖੜ੍ਹਾ ਕੀਤਾ ਪਰ ਓਟੈਗੋ ਨੇ ਰਿਆਨ ਟੈਨ ਡੋਏਸ਼ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ 18 ਓਵਰਾਂ ਵਿਚ ਹੀ 4 ਵਿਕਟਾਂ ਗੁਆ ਕੇ 157 ਦੌੜਾਂ ਬਣਾ ਲਈਆਂ ਤੇ ਮੈਚ ਆਪਣੇ ਨਾਂ ਕਰ ਲਿਆ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈਰੂਨਜ਼ ਟੀਮ ਦੇ ਸਲਾਮੀ ਬੱਲੇਬਾਜ਼ਾਂ ਉਪਲ ਥਰੰਗਾ ਅਤੇ ਸ਼ੇਹਾਨ ਜੈਸੂਰਿਆ ਨੇ ਹਾਲਾਂਕਿ ਸ਼ੁਰੂਆਤੀ ਦੌਰ ਵਿੱਚ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਪਰ ਜਲਦੀ ਹੀ ਜੈਸੂਰਿਆ 13 ਦੌੜਾਂ ਬਣਾ ਕੇ ਜੇਮਜ਼ ਮੈਕਮਿਲਨ ਦਾ ਸ਼ਿਕਾਰ ਬਣ ਗਿਆ। ਇਸ ਤੋਂ ਬਾਅਦ ਮੈਦਾਨ ਵਿੱਚ ਉਤਰਿਆ ਟੀਮ ਦਾ ਕਪਤਾਨ ਕੁਮਾਰ ਸੰਗਾਕਾਰਾ ਵੀ ਬਹੁਤਾ ਨਹੀਂ ਟਿਕ ਨਹੀਂ ਸਕਿਆ ਤੇ ਉਹ ਵੀ 13 ਦੇ ਨਿਜੀ ਸਕੋਰ ਉਤੇ ਆਊਟ ਹੋ ਗਿਆ।
ਮੈਰੂਨਜ਼ ਵੱਲੋਂ ਥਰੰਗਾ ਹੀ ਟਿਕ ਕੇ ਖੇਡ ਸਕਿਆ ਤੇ ਉਸ ਨੇ 56 ਗੇਂਦਾਂ ਵਿੱਚ 76 ਦੌੜਾਂ ਬਣਾਈਆਂ ਪਰ ਹੋਰ ਕੋਈ ਖਿਡਾਰੀ ਉਸ ਦਾ ਜ਼ਿਆਦਾ ਸਾਥ ਨਹੀਂ ਦੇ ਸਕਿਆ। ਓਟੈਗੋ ਲਈ ਇਆਨ ਬਟਲਰ ਨੇ ਪਾਰੀ ਦੇ 18ਵੇਂ ਓਵਰ ਵਿੱਚ 3 ਵਿਕਟਾਂ ਵਿਕਟਾਂ ਹਾਸਲ ਕੀਤੀਆਂ ਅਤੇ ਮੈਰੂਨਜ਼ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਮੈਕਮਿਲਨ, ਵੈਗਨਰ ਅਤੇ ਨਿਸ਼ਾਮ ਨੂੰ ਇਕ-ਇਕ ਅਤੇ ਰਿਆਨ ਨੂੰ 2 ਵਿਕਟਾਂ ਹਾਸਲ ਹੋਈਆਂ।
ਇਸ ਪਿੱਛੋਂ 155 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਓਟੈਗੋ ਵੋਲਟਸ ਦੇ ਇਰਾਦੇ ਪਹਿਲਾਂ ਹੀ ਮਜ਼ਬੂਤ ਸਨ। ਟੀਮ ਦੇ ਸਲਾਮੀ ਬੱਲੇਬਾਜ਼ ਨੀਲ ਬਰੂਮ ਅਤੇ ਰਦਰਫੋਰਡ ਨੇ ਚੰਗੀ ਸ਼ੁਰੂਆਤ ਕਰਦਿਆਂ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ। ਰਦਰਫੋਰਡ ਪਹਿਲੇ ਮੈਚ ਵਾਂਗ ਹੀ ਚੰਗੀ ਲੈਅ ਵਿੱਚ ਸੀ ਅਤੇ ਉਸ ਨੇ 4 ਸ਼ਾਨਦਾਰ ਚੌਕੇ ਵੀ ਲਾਏ ਪਰ ਉਹ ਕੱਲ੍ਹ ਵਾਂਗ ਹੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵੱਲ ਨਹੀਂ ਲਿਜਾ ਸਕਿਆ। ਉਹ 15 ਗੇਂਦਾਂ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਦੂਜਾ ਸਲਾਮੀ ਬੱਲੇਬਾਜ਼ ਨੀਲ ਬਰੂਮ ਵੀ 25 ਰਨ ਹੀ ਬਣਾ ਸਕਿਆ। ਪਿਛਲੇ ਮੈਚ ਦਾ ਹੀਰੋ ਰਿਹਾ ਕੈਪਟਨ ਬਰੈਂਡਨ ਮਕੱਲਮ ਵੀ ਕੁਝ ਖਾਸ ਨਹੀਂ ਕਰ ਸਕਿਆ। ਉਹ 16 ਗੇਂਦਾਂ ਵਿੱਚ ਇਕ ਚੌਕਾ ਮਾਰ ਕੇ 8 ਰਨ ਹੀ ਬਣਾ ਸਕਿਆ। ਇਸ ਮਗਰੋਂ ਰਿਆਨ ਅਤੇ ਜਿੰਮੀ ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਦਬਾਅ ਵਿੱਚ ਆਈ ਆਪਣੀ ਟੀਮ ਨੂੰ ਮਜ਼ਬੂਤੀ ਦਿੱਤੀ ਤੇ ਮੈਚ ਦਾ ਰੁਖ ਬਦਲ ਕੇ ਰੱਖ ਦਿੱਤਾ। ਉਨ੍ਹਾਂ ਵਿਰੋਧੀ ਟੀਮ ਦੇ ਕਿਸੇ ਵੀ ਗੇਂਦਬਾਜ਼ ਦੀ ਪੇਸ਼ ਨਾ ਜਾਣ ਦਿੱਤੀ। ਰਿਆਨ ਨੇ 32 ਗੇਂਦਾਂ ਦਾ ਸਾਹਮਣਾ ਕਰਦਿਆਂ ਦੋ ਚੌਕੇ ਅਤੇ 5 ਤਾਬੜਤੋੜ ਛੱਕਿਆਂ ਦੀ ਮਦਦ ਨਾਲ 64 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਟੀਮ ਨੂੰ ਜੇਮਸ਼ ਨਿਸ਼ਾਮ ਨੇ 19 ਗੇਂਦਾਂ ਵਿੱਚ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਦੋ ਓਵਰ ਬਾਕੀ ਰਹਿੰਦਿਆਂ ਨਾਬਾਦ 32 ਦੌੜਾਂ ਬਣਾ ਕੇ ਆਸਾਨ ਜਿੱਤ ਦਿਵਾਈ। ਰਿਆਨ ਨੂੰ ਬਿਹਤਰੀਨ ਬੱਲੇਬਾਜ਼ੀ ਲਈ ਮੈਨ ਆਫ਼ ਦਿ ਮੈਚ ਚੁਣਿਆ ਗਿਆ।
ਕਾਂਡੂਰਾਤਾ ਮੈਰੂਨਜ਼ ਵੱਲੋਂ ਦਿਲਹਾਰਾ ਲੋਕੂਹੇਤਿਗੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 20 ਰਨ ਦੇ ਕੇ 3 ਅਹਿਮ ਵਿਕਟਾਂ ਹਾਸਲ ਕੀਤੀਆਂ।  ਇਕ ਵਿਕਟ ਰਣਦੀਵ ਨੇ ਲਈ। ਇਹ ਮੈਚ ਜਿੱਤ ਕੇ ਓਟੈਗੋ ਵੋਲਟਸ ਕੁਆਲੀਫਾਈ ਕਰਨ ਲਈ ਮਜ਼ਬੂਤ ਦਾਅਵੇਦਾਰ ਬਣ ਗਈ ਹੈ।

Facebook Comment
Project by : XtremeStudioz