Close
Menu

ਓਲੀਵੀਆ ਚਾਓ ਮੁੜ ਤੋਂ ਫੈਡਰਲ ਸਿਆਸਤ ‘ਚ ਪਰਤੀ

-- 29 July,2015

ਓਟਾਵਾ : ਪਿਛਲੀਆਂ ਮੇਅਰ ਚੋਣਾਂ ਹਾਰਨ ਤੋਂ ਬਾਅਦ ਸਾਬਕਾ ਐਨ ਡੀ ਪੀ ਲੀਡਰ ਜੈਕ ਲੇਟਨ ਦੀ ਪਤਨੀ ਇੱਕ ਵਾਰ ਮੁੜ ਸਿਆਸਤ ਵਿਚ ਆਉਣ ਲਈ ਤਿਆਰ ਹਨ।

ਇਸ ਦਾ ਫੈਸਲਾ ਉਨ੍ਹਾਂ ਅੱਜ ਟੋਰਾਂਟੋ ਵਿਖੇ ਐਨ ਡੀ ਪੀ ਆਗੂ  ਥੌਮਸ ਮਲਕੇਅਰ ਦੀ ਮੌਜੂਦਗੀ ਵਿਚ ਸੁਣਾਇਆ ਅਤੇ ਪ੍ਰਣ ਕੀਤਾ ਕਿ ਉਹ ਸਾਰੇ ਦੇਸ਼ ਵਿਚ ਚਾਈਲਡ ਕੇਅਰ ਪ੍ਰੋਗਰਾਮ ਨੂੰ ਲਾਗੂ ਕਰਵਾਉਣਗੇ ਅਤੇ 15 ਡਾਲਰ ਪ੍ਰਤੀ ਘੰਟਾ ਦੇ ਵੇਤਨ ਨੂੰ ਯਕੀਨੀ ਬਣਾਉਗੇ। ਉਨ੍ਹਾਂ ਨੈਸ਼ਨਲ ਟਰਾਂਜਿ਼ਟ ਸਕੀਮ ਨੂੰ ਲਾਗੂ ਕਰਵਾਉਣ ਬਾਰੇ ਕਿਹਾ।

ਯੋਜਨਾ ਮੁਤਾਬਕ ਚਾਓ ਅਗਾਮੀ ਚੋਣਾਂ ਵਿਚ ਟੋਰਾਂਟੋ ਡਾਊਨਟਾਊਨ ਦੀ ਸਪੇਡਾਈਨਾ-ਫੋਰਟ ਯੌਰਕ ਹਲਕੇ ਤੋਂ ਚੋਣ ਲੜਨਗੇ। ਇਹ ਘੋਸ਼ਣਾ ਉਨ੍ਹਾਂ ਕੌਂਡੋ ਡੇ-ਕੇਅਰ ਸੈਂਟਰ ਵਿਖੇ ਕੀਤੀ ਜਿਥੇ ਬਹੁਤ ਸਾਰੇ ਮਾਂ-ਪਿਓ ਆਪਣੇ ਬੱਚਿਆਂ ਦੇ ਨਾਲ ਪਹੁੰਚੇ ਹੋਏ ਸਨ।

ਟੋਰਾਂਟੋ ਦੀਆਂ ਮੇਅਰ ਚੋਣਾਂ ਵਿਚ ਹਿੱਸਾ ਲੈਣ ਲਈ ਸਾਬਕਾ ਸਿਟੀ ਕਾਊਂਸਲਰ ਅਤੇ ਟੋਰਾਂਟੋ ਮੈਂਬਰ ਪਾਰਲੀਮੈਂਟ ਓਲੀਵੀਆ ਚਾਓ ਨੇ ਫੈਡਰਲ ਰਾਜਨੀਤੀ ਤੋਂ ਬੀਤੇ ਸਾਲ ਕਿਨਾਰਾ ਕਰ ਲਿਆ ਸੀ। ਪਰ ਇਨ੍ਹਾਂ ਚੋਣਾਂ ਵਿਚ ਓਲੀਵੀਆ ਨੂੰ ਜਬਰਦਸਤ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਇਸ ਵਿਚ ਜੌਹਨ ਟੋਰੀ ਨੇ ਮੇਅਰ ਚੋਣ ਜਿਤੀ ਅਤੇ ਵਿਵਾਦਗ੍ਰਸਤ ਮੇਅਰ ਰੌਬ ਫੋਰਡ ਦੇ ਭਰਾ ਡੱਗ ਫੋਰਡ ਦੂਜੇ ਨੰਬਰ ਤੇ ਰਹੇ ਸਨ।

ਚਾਓ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਟੀਫਨ ਹਾਰਪਰ ਦੇ ਦੱਸ ਸਾਲ ਦੇ ਕਾਰਜਕਾਲ ਤੋਂ ਬਾਅਦ ਹੁਣ ਕੈਨੇਡਾ ਬਦਲਾਓ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮਲਕੇਅਰ ਹੀ ਇਕ ਅਜਿਹਾ ਆਗੂ ਹੈ ਜੋ ਕਿ ਸਟੀਫਨ ਹਾਰਪਰ ਨੂੰ ਮਾਤ ਦੇ ਸਕਦਾ ਹੈ ਅਤੇ ਵਧੀਆ ਪਬਲਿਕ ਟਰਾਂਜਿ਼ਟ ਤੇ ਘੱਟੋ ਘੱਟ ਵੇਤਨ ਦਰ੍ਹਾਂ ਨੂੰ ਵਧਾ ਸਕਦਾ ਹੈ ਤਾਂ ਜੋ ਸਖਤ ਮਿਹਨਤ ਕਰਨ ਵਾਲਾ ਆਮ ਕੈਨੇਡੀਅਨ ਵਧੀਆ ਜਿੰਦਗੀ ਜਿਉ ਸਕੇ।

ਲਿਬਰਲ ਆਗੂ ਜਸਟਿਨ ਟਰੂਡੋ ਤੇ ਨਿਸ਼ਾਨਾ ਸੇਧਦੇ ਹੋਏ ਚਾਓ ਨੇ ਕਿਹਾ ਕਿ ਟਰੂਡੋ ਅਤੇ ਹਾਰਪਰ ਵਲੋਂ ਲਿਆਂਦੇ ਗਏ ਬਿੱਲ ਸੀ-51 ਤੇ ਸਿਰਫ਼ ਤੇ ਸਿਰਫ਼ ਐਨ ਡੀ ਪੀ ਹੀ ਮੁੜ ਵਿਚਾਰ ਕਰ ਸਕਦੀ ਹੈ।

ਰਾਇਰਸਨ ਯੂਨੀਵਰਸਿਟੀ ਜਿਥੇ ਕਿ ਚਾਓ ਇਨ੍ਹੀ ਦਿਨੀਂ ਪੜਾਉਂਦੇ ਹਨ ਉਥੋਂ ਉਹ ਛੁੱਟੀ ਲੈਣ ਜਾ ਰਹੇ ਹਨ।

ਮਲਕੇਅਰ ਨੇ ਇਸ ਮੌਕੇ ਕਿਹਾ ਕਿ ਟੋਰਾਂਟੋ ਕੈਨੇਡਾ ਦਾ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ ਅਤੇ ਇਸ ਦੀ ਮਜ਼ਬੂਤੀ ਵਿਚ ਹੀ ਕੈਨੇਡਾ ਦੀ ਮਜ਼ਬੁਤੀ ਹੈ। ਮਲਕੇਅਰ ਦਾ ਅੱਠ ਦਿਨ੍ਹਾਂ ਉਂਟੇਰੀਓ ਦਾ ਦੌਰਾ ਅੱਜ ਖਤਮ ਹੋਣ ਜਾ ਰਿਹਾ ਹੈ।

ਇਸ ਹਲਕੇ ਤੋਂ ਮੌਜੂਦਾ ਲਿਬਰਲ ਮੈਂਬਰ ਪਾਰਲੀਮੈਂਟ ਐਡਮ ਵੌਹਨ ਹਨ। ਇਸ ਹਲਕੇ ਵਿਚ ਸ਼ਹਿਰ ਦਾ ਬਹੁਤਾ ਡਾਊਨਟਾਊਨ ਦਾ ਹਿੱਸਾ ਅਤੇ ਝੀਲ ਦੇ ਨਾਲ ਲੱਗਦੇ ਇਲਾਕੇ ਪੈਂਦੇ ਹਨ। ਵੌਹਨ ਇੱਕ ਸਾਬਕਾ ਟੀ ਵੀ ਪਤਰਕਾਰ ਅਤੇ ਕਾਊਂਸਲਰ ਰਹਿ ਹਨ।

Facebook Comment
Project by : XtremeStudioz