Close
Menu

ਓਲੰਪਿਕ ਬਿੱਡ ਲਈ ਹਾਲੇ ਹੋਰ ਬਹੁਤ ਤਿਆਰੀਆਂ ਬਾਕੀ ਹਨ : ਮੇਅਰ ਟੋਰੀ

-- 14 August,2015

ਟੋਰਾਂਟੋ : ਮੇਅਰ ਜੌਨ ਟੋਰੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਬੇਸ਼ੱਕ 2024 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਲਈ ਸਤੰਬਰ 15 ਤੋਂ ਪਹਿਲਾਂ ਪਹਿਲਾਂ ਬਿੱਡ ਕਰਨ ਦੀ ਆਖਰੀ ਤਰੀਕ ਤੈਅ ਹੈ, ਪਰ ਹਾਲੇ ਇਸ ਸੰਬੰਧ ਵਿਚ ਕਈ ਮਹੱਤਵਪੂਰਨ ਫ਼ੈਸਲੇ ਲੈਣੇ ਬਾਕੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧ ਵਿਚ ਬਿੱਡ ਨੂੰ ਸਾਈਨ ਕਰਨ ਦੀ ਸਥਿਤੀ ਤੋਂ ਓਹ ਹਾਲੇ ਬਹੁਤ ਦੂਰ ਹਨ।

ਟੋਰੀ ਵੱਲੋਂ ਇਹ ਬਿਆਨ ਵੀਰਵਾਰ ਨੂੰ ਸਿਟੀ ਹਾਲ ਵਿਖੇ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵਿਚ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਟੋਰੀ ਵੱਲੋਂ ਕੈਨੇਡੀਅਨ ਓਲੰਪਿਕ ਕਮੇਟੀ ਦੇ ਪ੍ਰਧਾਨ ਮਾਰਸੇਲ ਔਬੁਟ ਨਾਲ ਸੰਭਾਵੀ ਬਿੱਡ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਹੈ। ਔਬੁਟ ਵੱਲੋਂ ਪਹਿਲਾਂ ਹੀ ਜਨਤਕ ਤੌਰ ‘ਤੇ ਇਸ ਬਿੱਡ ਨੂੰ ਕਾਮਯਾਬ ਕਰਨ ਲਈ ਆਪਣਾ ਪੂਰਾ ਜ਼ੋਰ ਲਗਾਏ ਜਾਣ ਦਾ ਬਿਆਨ ਦਿੱਤਾ ਗਿਆ ਹੈ।

ਕੁੱਝ ਅਖ਼ਬਾਰਾਂ ਵੱਲੋਂ ਇਹ ਖਬਰ ਦਿੱਤੀ ਗਈ ਸੀ ਕਿ ਮੇਅਰ ਇਸ ਬਿੱਡ ਲਈ ਹਸਤਾਖਰ ਕਰਨ ਦੀ ਤਿਆਰੀ ਕਰ ਚੁੱਕੇ ਹਨ, ਪਰ ਇਸ ਖਬਰ ਦਾ ਖੰਡਨ ਕਰਦਿਆਂ ਮੇਰਟ ਟੋਰੀ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਵੱਲੋਂ  ਇਸ ਮਾਮਲੇ ਵਿਚ ਗੱਲਬਾਤ ਜਾਰੀ ਹੈ ਅਤੇ ਹਾਲੇ ਉਹ ਹਸਤਾਖਰ ਕਰਨ ਦੇ ਫ਼ੈਸਲੇ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ, “ਮੈਂ ਜੋ ਕੁੱਝ ਵੀ ਦੱਸਿਆ ਹੈ, ਉਹੀ ਕਰਾਂਗਾ, ਪਰ ਇਸ ਵਿਚ ਹਾਲੇ ਕੁੱਝ ਹੋਰ ਸਮਾਂ ਲੱਗੇਗਾ।”

Facebook Comment
Project by : XtremeStudioz