Close
Menu

ਓਵਾਇਸੀ ਨੇ ‘ਸਾਮਨਾ’ ਦੇ ਸੰਪਾਦਕ ਰਾਊਤ ਖ਼ਿਲਾਫ਼ ਮੰਗੀ ਕਾਰਵਾਈ

-- 14 April,2015

ਹੈਦਰਾਬਾਦ, ਸ਼ਿਵ ਸੈਨਾ ਦੇ ਆਗੂ ਸੰਜੈ ਰਾਊਤ ਵੱਲੋਂ ਮੁਸਲਮਾਨਾਂ ਤੋਂ ਵੋਟ ਦਾ ਹੱਕ ਖੋਹੇ ਜਾਣ ਸਬੰਧੀ ਦਿੱਤੇ ਬਿਆਨ ਬਾਰੇ ਏਆਈਅੈਮਆਈਅੈਮ ਦੇ ਪ੍ਰਧਾਨ ਅਸਾਦੂਦੀਨ ਓਵਾਇਸੀ ਨੇ ਅੱਜ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਸ਼ਿਵ ਸੈਨਾ ਆਗੂ ਦੇ ਇਸ ਬਿਆਨ ਤੋਂ ਵੱਖ ਨਹੀਂ ਕਰ ਸਕਦੀ। ਉਨ੍ਹਾਂ ਨੇ ਭਾਜਪਾ ਤੋਂ ਇਸ ਆਗੂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਸ੍ਰੀ ਓਵਾਇਸੀ ਨੇ ਕਿਹਾ ਕਿ ਉਸ (ਰਾਊਤ) ਕੋਲ ਕਿਸੇ ਵੀ ਭਾਰਤੀ ਕੋਲੋਂ ਸੰਵਿਧਾਨਕ ਹੱਕ ਖੋਹਣ ਦਾ ਕੋਈ ਅਧਿਕਾਰ ਨਹੀਂ ਹੈ। ਉਸ ਨੂੰ ਮੁਸਲਮਾਨਾਂ ਨੂੰ ਬਾਕੀਅਾਂ ਨਾਲੋਂ ਵੱਖ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਸ੍ਰੀ ਓਵਾਇਸੀ ਨੇ ਕਿਹਾ ਕਿ ਫਾਸ਼ੀਵਾਦੀ ਹਿੰਦੂ ਪਾਰਟੀਅਾਂ ਦਾ ਅਸਲ ਏਜੰਡਾ ਹੁਣ ਜੱਗ ਜ਼ਾਹਰ ਹੋ ਗਿਆ ਹੈ। ਨਫ਼ਰਤ ਫੈਲਾਉਣਾ ਹੀ ਉਨ੍ਹਾਂ ਦੀ ਵਿਚਾਰਧਾਰਾ ਹੈ। ਸ਼ਿਵ ਸੈਨਾ ਮਹਿਜ਼ ਭਾਜਪਾ ਦੀ ਭਾਈਵਾਲ ਹੀ ਨਹੀਂ ਹੈ ਬਲਕਿ ਉਹ ਸੱਤਾ ਦੀ ਵੀ ਭਾਗੀਦਾਰ ਹੈ। ਉਨ੍ਹਾਂ ਪੁੱਛਿਆ ਕਿ ਕੀ ਸੱਤਾਧਾਰੀ ਪਾਰਟੀ (ਭਾਜਪਾ) ਦੇ ਵੀ ਸਾਮਾਨ ਹੀ ਵਿਚਾਰ ਹਨ? ਉਨ੍ਹਾਂ ਕਿਹਾ ਕਿ ਭਾਜਪਾ ਇਹ ਕਹਿ ਕੇ ਪੱਲਾ ਨਹੀਂ ਝਾਡ਼ ਸਕਦੀ ਕਿ ਇਹ ਕਿਸੇ ਦੇ ਨਿੱਜੀ ਵਿਚਾਰ ਹਨ। ਭਾਜਪਾ ਨੂੰ ਰਾਊਤ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਸੱਤਾਧਾਰੀ ਪਾਰਟੀ ਦਾ ਹਿੱਸਾ ਹੈ।  ਸ੍ਰੀ ਓਵਾਇਸੀ ਨੇ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕ ਸ੍ਰੀ ਰਾਊਤ ਦੀ ਟਿੱਪਣੀ ਨੂੰ ਕੇਂਦਰੀ ਮੰਤਰੀ ਨਜ਼ਮਾ ਹੈਪਤੁੱਲਾ ਤੇ ਮੁਖਤਾਰ ਅੱਬਾਸ ਨਕਵੀ ਲਈ ਵੀ ਨਾਮੋਸ਼ੀ ਵਾਲੀ ਦੱਸਿਆ ਹੈ ਕਿਉਂਕਿ ਜੇਕਰ ਸ਼ਿਵ ਸੈਨਾ ਦੇ ਇਸ ਆਗੂ ਦੀ ਦਲੀਲ ਨਾਲ ਸਹਿਮਤੀ ਜਤਾਈ ਜਾਵੇ ਤਾਂ ਇਨ੍ਹਾਂ ਕੇਂਦਰੀ ਮੰਤਰੀਅਾਂ ਤੋਂ ਵੀ ਵੋਟ ਦਾ ਹੱਕ ਖੋਹਿਆ ਜਾਵੇਗਾ। ਦੱਸਣਯੋਗ ਹੈ ਕਿ ਕੱਲ੍ਹ ਸ਼ਿਵ ਸੈਨਾ ਨੇ ਕਿਹਾ ਸੀ ਕਿ ਮੁਸਲਮਾਨਾਂ ਤੋਂ ਵੋਟ ਦਾ ਹੱਕ ਖੋਹ ਲੈਣਾ ਚਾਹੀਦਾ ਹੈ ਕਿਉਂਕਿ ਇਸ ਭਾਈਚਾਰੇ ਨੂੰ ਅਕਸਰ ਵੋਟ ਬੈਂਕ ਵਜੋਂ ਵਰਤਿਆ ਜਾਂਦਾ ਹੈ। ਇਸ ਟਿੱਪਣੀ ’ਤੇ ਵੱਖ ਵੱਖ ਪਾਰਟੀਅਾਂ ਨੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ।

Facebook Comment
Project by : XtremeStudioz