Close
Menu

ਕਬੱਡੀ ਖਿਡਾਰੀਆਂ ਨੇ ਮਾਨਸਾ ਦੇ ਸਟੇਡੀਅਮ ‘ਚ ਪਾਇਆ ਖੌਰੂ

-- 10 December,2013

DDD_5539ਮਾਨਸਾ,10 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੀ ਧਰਤੀ ‘ਤੇ ਕਰਵਾਏ ਜਾ ਰਹੇ ਚੌਥੇ ਪਰਲਜ਼ ਵਿਸ਼ਵ ਕਬੱਡੀ ਕੱਪ 2013 ਦੇ ਮੰਗਲਵਾਰ ਨੂੰ ਮਾਨਸਾ ਦੇ ਮਲਟੀਪਰਪਜ਼ ਸਟੇਡੀਅਮ ‘ਚ ਕਬੱਡੀ ਖਿਡਾਰੀਆਂ ਵਲੋਂ ਪਾਏ ਗਏ ਖੌਰੂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਐੱਲ. ਐੱਮ. ਸਰਕਾਰੀ ਕਾਲਜ ਦੇ ਖੇਡ ਮੈਦਾਨ ‘ਚ ਮੰਗਲਵਾਰ ਨੂੰ ਹੋਏ ਮੁਕਾਬਲਿਆਂ ‘ਚ ਇੰਗਲੈਂਡ, ਡੈਨਮਾਰਕ ਅਤੇ ਅਮਰੀਕਾ ਦੀਆਂ ਟੀਮਾਂ ਪੁਰਸ਼ਾਂ ਦੇ ਮੁਕਾਬਲੇ ‘ਚ ਜੇਤੂ ਰਹੀਆਂ, ਜਦੋਂ ਕਿ ਔਰਤਾਂ ਦਾ ਇਕੋ-ਇਕ ਮੁਕਾਬਲਾ ਪਾਕਿਸਤਾਨ ਨੇ ਜਿੱਤ ਲਿਆ। ਮੰਗਲਵਾਰ ਨੂੰ ਖੇਡੇ ਗਏ ਪਹਿਲੇ ਮੈਚ ‘ਚ ਡੈਨਮਾਰਕ ਅਤੇ ਸਕਾਟਲੈਂਡ ਦੀਆਂ ਟੀਮਾਂ ਦਰਮਿਆਨ ਫਸਵੀਂ ਟੱਕਰ ਹੋਈ, ਜਿਸ ‘ਚ ਡੈਨਮਾਰਕ ਨੇ ਸਕਾਟਲੈਂਡ ਨੂੰ 56-44 ਅੰਕਾਂ ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਅੱਧੇ ਸਮੇਂ ਤੱਕ 26 ਅਤੇ 25 ਅੰਕ ਪ੍ਰਾਪਤ ਕਰਕੇ ਲਗਭਗ ਬਰਾਬਰੀ ‘ਤੇ ਚੱਲ ਰਹੀਆਂ ਸਨ। ਸਕਾਟਲੈਂਡ ਦੇ ਲੀਆਮ ਐਡਮ, ਰਾਬਰਟ ਅਤੇ ਜਾਰਜ ਵਰਗੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਡੈਨਮਾਰਕ ਦੇ ਹੀਮਿਲ, ਸਾਈਮਨ, ਡੇਨੀਅਲ ਅਤੇ ਕ੍ਰਿਸਟਲ ਮਾਨਵ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਮੈਚ ‘ਤੇ ਜਿੱਤ ਹਾਸਲ ਕਰ ਲਈ। ਇਸ ਮੈਚ ‘ਚ ਡਬਲ ਟੱਚ (ਦੋਹਰੀ ਛੋਹ) ਦੇ ਆਧਾਰ ‘ਤੇ 11 ਅੰਕਾਂ ਦਾ ਫੈਸਲਾ ਹੋਇਆ, ਜੋ ਕਿ ਕਿਸੇ ਮੈਚ ‘ਚ ਸਭ ਤੋਂ ਵੱਡਾ ਅੰਕੜਾ ਹੈ। ਕ੍ਰਿਸਟਲ ਮਾਨਵ ਦੀ ਖੇਡ ‘ਤੇ ਸਭ ਤੋਂ ਵੱਧ ਤਾੜੀਆਂ ਵੱਜੀਆਂ ਅਤੇ ਦਰਸ਼ਕਾਂ ਨੇ ਉਸ ਦੇ ਅੰਦਾਜ਼ ਦਾ ਖੂਬ ਆਨੰਦ ਮਾਣਿਆ। ਦਿਨ ਦੇ ਦੂਜੇ ਮੈਚ ‘ਚ ਅਮਰੀਕਾ ਦੀ ਟੀਮ ਨੇ ਇਕ ਪਾਸੜ ਜਿਹੀ ਟੱਕਰ ਦਰਮਿਆਨ ਅਰਜਨਟੀਨਾ ਦੀ ਟੀਮ ਨੂੰ 59-39 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ‘ਚ ਪਹੁੰਚਣ ਦਾ ਰਾਹ ਪੱਧਰਾ ਕਰ ਲਿਆ।  ਸੈਮੀ ਫਾਈਨਲ ‘ਚ ਅਮਰੀਕਾ ਦੀ ਟੱਕਰ ਪਾਕਿਸਤਾਨ ਨਾਲ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਭਾਰਤ ਪਹਿਲਾਂ ਹੀ ਸੈਮੀ ਫਾਈਨਲ ‘ਚ ਪਹੁੰਚ ਚੁੱਕਿਆ ਹੈ। ਅਮਰੀਕਾ ਦੀ ਟੀਮ ਨੇ ਅੱਧੇ ਸਮੇਂ ਤੱਕ ਅਰਜਨਟੀਨਾ ਦੇ ਖਿਲਾਫ 16 ਦੇ ਮੁਕਾਬਲੇ 30 ਅੰਕ ਬਣਾ ਲਏ ਸਨ। ਅਮਰੀਕਾ ਦੇ ਬਲਜੀਤ ਬੱਲੀ, ਧਰਮਜੀਤ ਸੰਧੂ, ਇੰਦਰਜੀਤ ਜੱਜ ਅਤੇ ਚਮਕੌਰ ਧਾਲੀਵਾਲ ਨੇ ਵਧੀਆ ਖੇਡ ਦਿਖਾਈ, ਜਦੋਂ ਕਿ ਅਰਜਨਟੀਨਾ ਦੇ ਮੈਕਸੀਜੀ ਅਤੇ ਬਰੂਨੋ, ਰੋਮਨ (ਕੈਪਟਨ) ਦੀ ਖੇਡ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਔਰਤਾਂ ਦੇ ਇਕ ਮੁਕਾਬਲੇ ‘ਚ ਪਾਕਿਸਤਾਨ ਦੀ ਟੀਮ ਨੇ ਮੈਕਸੀਕੋ ਨੂੰ 49-24 ਦੇ ਅੰਕਾਂ ਨਾਲ ਹਰਾ ਕੇ ਸੈਮੀ ਫਾਈਨਲ ‘ਚ ਪਹੁੰਚਣ ਵਲ ਇਕ ਕਦਮ ਹੋਰ ਵਧਾ ਲਿਆ ਹੈ। ਅੱਧੇ ਸਮੇਂ ਤੱਕ ਪਾਕਿਸਤਾਨ ਦੀ ਟੀਮ 31-13 ਦੇ ਫਰਕ ਨਾਲ ਅੱਗੇ ਸੀ। ਪਾਕਿਸਤਾਨ ਦੀਆਂ ਖਿਡਾਰਨਾਂ ਸਾਜੀਆ ਅਤੇ ਮਜੀਹਾ ਲਤੀਫ (ਕਪਤਾਨ), ਨੀਲਮ ਰਿਆਜ਼ ਅਤੇ ਨੀਧਾ ਅਰਸ਼ਦ ਨੇ ਦਮਦਾਰ ਖੇਡ ਦਿਖਾਈ ਅਤੇ ਮੈਕਸੀਕੋ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ। ਮੈਕਸੀਕੋ ਵਲੋਂ ਵੀ ਸਿਲਵੀਆ, ਵੀਆਨਾ ਸੈਫੁੱਲਾ ਅਤੇ ਐਨਾ ਲੁਸੀਆ ਨੇ ਪੂਰੀ ਵਾਹ ਲਾਈ ਪਰ ਪਾਕਿਸਤਾਨ ਦੀਆਂ ਖਿਡਾਰਨਾਂ ਉਨ੍ਹਾਂ ‘ਤੇ ਅਖੀਰ ਤੱਕ ਹਾਵੀ ਰਹੀਆਂ। ਮੰਗਲਵਾਰ ਦੇ ਆਖਰੀ ਮੈਚ ‘ਚ ਇੰਗਲੈਂਡ ਦੀ ਪੁਰਸ਼ਾਂ ਦੀ ਟੀਮ ਨੇ ਇਕ ਸੰਘਰਸ਼ਪੂਰਨ ਮੁਕਾਬਲੇ ‘ਚ ਕੈਨੇਡਾ ਦੀ ਟੀਮ ਨੂੰ 44-36 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ। ਅੱਧੇ ਸਮੇਂ ਤੱਕ ਜੇਤੂ ਟੀਮ 22-19 ਦੇ ਅੰਕਾਂ ਨਾਲ ਅੱਗੇ ਚੱਲ ਰਹੀ ਸੀ। ਦੋਹਾਂ ਟੀਮਾਂ ਦਰਮਿਆਨ ਬੇਹੱਦ ਫਸਵੀਂ ਟੱਕਰ ਹੋਈ, ਜਿਸ ‘ਚ ਇੰਗਲੈਂਡ ਦਾ ਹਰਬੰਸ ਸਿੰਘ ਹੰਸਾ, ਸੁਖਦੀਪ, ਦੀਪਾ ਘੁਰਲੀ ਅਤੇ ਗੁਰਦੇਵ ਗੋਪੀ ਨੇ ਕਮਾਲ ਦੀ ਖੇਡ ਦਿਖਾਈ, ਜਦੋਂ ਕਿ ਦੂਜੇ ਪਾਸੇ ਕੈਨੇਡਾ ਦੇ ਕਪਤਾਨ ਕੁਲਵਿੰਦਰ ਕਿੰਦਾ ਅਤੇ ਗੱਗੂ ਭਿੰਡਰ ਨੇ ਵੀ ਬਰਾਬਰ ਦੀ ਟੱਕਰ ਦਿੱਤੀ ਪਰ ਉਹ ਆਪਣੀ ਟੀਮ ਨੂੰ ਜਿੱਤ ਦੇ ਕੰਢੇ ਤੱਕ ਨਹੀਂ ਪਹੁੰਚਾ ਸਕੇ। ਪੁਰਸ਼ਾਂ ਦੀਆਂ ਟੀਮਾਂ ਦੇ ਸੈਮੀ ਫਾਈਨਲ ਮੁਕਾਬਲੇ ਬੁੱਧਵਾਰ ਨੂੰ ਬਠਿੰਡਾ ‘ਚ ਕਰਵਾਏ ਜਾਣਗੇ, ਜਦੋਂ ਕਿ ਔਰਤਾਂ ਦੇ ਸੈਮੀ ਫਾਈਨਲ ਮੁਕਾਬਲੇ 12 ਦਸੰਬਰ ਨੂੰ ਜਲੰਧਰ ‘ਚ ਹੋਣਗੇ ਅਤੇ ਇਸ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਲੁਧਿਆਣਾ ‘ਚ ਖੇਡੇ ਜਾਣਗੇ।

Facebook Comment
Project by : XtremeStudioz