Close
Menu

ਕਮਜ਼ੋਰ ਮੌਨਸੂਨ ਨਾਲ ਨਜਿੱਠਣ ਲਈ ਸਰਕਾਰ ਤਿਆਰ ਅਨਾਜ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਨਹੀਂ

-- 04 June,2015

ਨਵੀਂ ਦਿੱਲੀ, 4 ਜੂਨ-ਖੇਤੀਬਾੜੀ ਮੰਤਰਾਲੇ (ਭਾਰਤ ਸਰਕਾਰ) ਦੁਆਰਾ ਮੀਡੀਆ ਸੈਂਟਰ ਦਿੱਲੀ ਵਿਖੇ ਇਕ ਪੱਤਰਕਾਰ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ‘ਮੋਦੀ ਸਰਕਾਰ-ਸਾਲ ਏਕ-ਪਹਿਲ ਅਨੇਕ’ ਦੇ ਨਾਲ ਖੇਤੀਬਾੜੀ ਮੰਤਰਾਲੇ ਦੀਆਂ
ਇਕ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ | ਸੰਮੇਲਨ ਵਿਚ ਰਾਧਾ ਮੋਹਨ ਸਿੰਘ (ਕੇਂਦਰੀ ਖੇਤੀਬਾੜੀ ਮੰਤਰੀ) ਨੇ ਕਿਹਾ ਕਿ ਸਾਡੇ ਦੇਸ਼ ਵਿਚ ਅਨਾਜ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਸਾਨ ਚੈਨਲ ਦੀ ਗੱਲ ਕਰਦਿਆਂ ਕਿਹਾ ਕਿ ਇਸ ਚੈਨਲ ਤੋਂ ਕਿਸਾਨਾਂ ਨੂੰ ਖੂਬ ਮਦਦ ਮਿਲੇਗੀ ਅਤੇ ਉਹ ਖੇਤੀਬਾੜੀ ਸਬੰਧੀ ਹਰ ਕਿਸਮ ਦੀ ਸਮੁੱਚੀ ਜਾਣਕਾਰੀ ਲੈ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹੁਣ ਦੇ ਸਮੇਂ ਵਿਚ ਆਧੁਨਿਕ ਤਕਨੀਕ ਦੇ ਨਾਲ ਖੇਤੀ ਕਰਾਂਗੇ ਤਾਂ ਹੀ ਗੁਜ਼ਾਰਾ ਹੋਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਾਲਾਂ ਨੂੰ ਬੀਜਣ ਤਾਂ ਕਿ ਸਾਡੇ ਦੇਸ਼ ਵਿਚ ਦਾਲਾਂ ਦੀ ਕਿਸੇ ਕਿਸਮ ਦੀ ਕਮੀ ਨਾ ਰਹੇ | ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਤਾ ਨਾਹਰਾ ‘ਪ੍ਰਤੀ ਬੂੰਦ-ਅਧਿਕ ਫ਼ਸਲ’ ਵੀ ਮੁੱਖ ਰੱਖਿਆ ਗਿਆ | ਇਸ ਮੌਕੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਭਰੋਸਾ ਜਿਤਾਇਆ ਕਿ ਬਾਰਿਸ਼ ਘੱਟ ਹੋਣ ਦੀ ਸਥਿਤੀ ‘ਚ ਉਤਪਾਦਨ ਦਾ ਨੁਕਸਾਨ ਘੱਟ ਕਰਨ ਅਤੇ ਅਰਥਵਿਵਸਥਾ ‘ਤੇ ਇਸ ਦੇ ਸੰਭਾਵਿਤ ਅਸਰ ਨਾਲ ਨਜਿੱਠ ਲਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਸਾਲ ਦੇ ਅੰਤ ਤੱਕ ਨਵੀਂ ਫਸਲ ਬੀਮਾ ਨੀਤੀ ਲਿਆਉਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਆਮਦਨ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ | ਇਸ ਮੌੇਕੇ ਇਕ ਕਿਤਾਬਚਾ ਵੀ ਪੇਸ਼ ਕੀਤਾ ਗਿਆ | ਸਮਾਗਮ ‘ਚ ਸੰਜੀਵ ਬਲਿਆਲ (ਕੇਂਦਰੀ ਰਾਜ ਮੰਤਰੀ) ਅਤੇ ਹੋਰ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ |

 

Facebook Comment
Project by : XtremeStudioz