Close
Menu

ਕਮਲ ਨਾਥ ਵੱਲੋਂ ਸਹੁੰ ਚੁੱਕਣ ਸਾਰ ਕਿਸਾਨ ਕਰਜ਼ ਮੁਆਫ਼ੀ ਦਾ ਐਲਾਨ

-- 18 December,2018

ਭੋਪਾਲ, 18 ਦਸੰਬਰ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਅੱਜ ਅਹੁਦੇ ਦੀ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਾਂਗਰਸ ਦੇ ਐਲਾਨਨਾਮੇ ਤਹਿਤ ਕੁਝ ਹੋਰ ਪਹਿਲਕਦਮੀਆਂ ਵੀ ਕੀਤੀਆਂ ਹਨ। ਇਨ੍ਹਾਂ ’ਚ ਵਿਆਹੁਣ ਯੋਗ ਲੜਕੀਆਂ ਨੂੰ ਸਰਕਾਰ ਵੱਲੋਂ 51 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣਾ ਅਤੇ ਸੂਬੇ ’ਚ ਨਿਵੇਸ਼ ਲਈ ਸਨਅਤਾਂ ਨੂੰ ਪ੍ਰੇਰਕ ਰਾਸ਼ੀ ਤਾਂ ਹੀ ਦੇਣਾ ਸ਼ਾਮਲ ਹੈ ਜਦੋਂ ਸਬੰਧਤ ਨਿਵੇਸ਼ਕਰਤਾ 70 ਫੀਸਦ ਰੁਜ਼ਗਾਰ ਦੇਣ ਦੀ ਸ਼ਰਤ ਪੂਰੀ ਕਰਨਗੇ। ਨਵੇਂ ਮੁੱਖ ਮੰਤਰੀ ਨੇ ਚਾਰ ‘ਗਾਰਮੈਂਟ ਪਾਰਕ’ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਕਮਲ ਨਾਥ ਨੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਫਾਈਲ ਦਸਤਖਤ ਕਰਨ ਤੋਂ ਬਾਅਦ ਕਿਸਾਨ ਭਲਾਈ ਤੇ ਖੇਤੀਬਾੜੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ. ਰਾਜੇਸ਼ ਰਾਜੋਰਾ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਸੂਬੇ ’ਚ ਸਥਿਤ ਕੌਮੀਕ੍ਰਿਤ ਤੇ ਸਹਿਕਾਰੀ ਬੈਂਕਾਂ ਦਾ ਘੱਟ ਮਿਆਦੀ ਫਸਲੀ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸ੍ਰੀ ਰਾਜੋਰਾ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਸੂਬੇ ਦੇ ਤਕਰੀਬਨ 34 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ ਤੇ ਸਰਕਾਰ ’ਤੇ 35-38 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ।

Facebook Comment
Project by : XtremeStudioz