Close
Menu

ਕਰਕਰੇ ਵਿਰੁੱਧ ਬਿਆਨ ’ਤੇ ਕਸੂਤੀ ਫਸੀ ਪ੍ਰੱਗਿਆ ਨੇ ਮੁਆਫ਼ੀ ਮੰਗੀ

-- 21 April,2019

ਭੋਪਾਲ, 21 ਅਪਰੈਲ
ਮਾਲੇਗਾਉਂ ਬੰਬ ਧਮਾਕਿਆਂ ਦੀ ਮੁਲਜ਼ਮ ਅਤੇ ਭਾਜਪਾ ਦੀ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ 26/11 ਮੁੰਬਈ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਆਈਪੀਐੱਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਕੀਤੀ ਵਿਵਾਦਤ ਟਿੱਪਣੀ ਤੋਂ ਉਪਜੇ ਬਿਆਨ ਬਾਅਦ ਮੁਆਫ਼ੀ ਮੰਗ ਲਈ ਹੈ ਅਤੇ ਕਿਹਾ ਹੈ ਕਿ ਉਸ ਦੇ ਬਿਆਨ ਨਾਲ ਦੇਸ਼ ਦੇ ਦੁਸ਼ਮਣਾਂ ਲਾਹਾ ਮਿਲ ਸਕਦਾ ਹੈ, ਇਸ ਲਈ ਉਹ ਆਪਣਾ ਬਿਆਨ ਵਾਪਿਸ ਲੈਂਦੀ ਹੈ। ਸਾਧਵੀ ਨੇ ਕਿਹਾ ਸੀ ਕਿ ਅਤਿਵਾਦ ਵਿਰੋਧੀ ਦਸਤੇ ਦੇ ਸਾਬਕਾ ਮੁਖੀ ਕਰਕਰੇ ਦੀ ਮੌਤ ਇਸ ਲਈ ਹੋਈ ਕਿਉਂਕਿ ਤਸੀਹੇ ਦੇਣ ਕਰਕੇ ਉਸ ਨੇ ਕਰਕਰੇ ਨੂੰ ‘ਸਰਾਪ’ ਦਿੱਤਾ ਸੀ। ਇਸ ਬਿਆਨ ਦਾ ਅੱਜ ਚੋਣ ਕਮਿਸ਼ਨ ਨੇ ਨੋਟਿਸ ਲੈ ਲਿਆ ਹੈ। ਇਸ ਤੋਂ ਪਹਿਲਾਂ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰੱਗਿਆ ਨੇ ਦਾਅਵਾ ਕੀਤਾ ਸੀ ਕਿ ਕਰਕਰੇ ਨੇ ਉਸ ਨੂੰ ਰਿਹਾਅ ਨਾ ਕਰਨ ਦਾ ਫ਼ੈਸਲਾ ਲਿਆ ਸੀ। ਪ੍ਰੱਗਿਆ ਨੇ ਕਿਹਾ,‘‘ਹੇਮੰਤ ਕਰਕਰੇ ਨੂੰ ਮਾਲੇਗਾਉਂ ਧਮਾਕਿਆਂ ਦੀ ਜਾਂਚ ਟੀਮ ਦੇ ਮੈਂਬਰ ਨੇ ਮੁੰਬਈ ਸੱਦਿਆ ਸੀ। ਉਸ ਸਮੇਂ ੳਹ ਮੁੰਬਈ ਜੇਲ੍ਹ ’ਚ ਬੰਦ ਸੀ। ਕਮਿਸ਼ਨ ਮੈਂਬਰ ਨੇ ਉਸ ਨੂੰ ਕਿਹਾ ਕਿ ਜੇਕਰ ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਤਾਂ ਮੈਨੂੰ ਜੇਲ੍ਹ ’ਚ ਗ਼ੈਰਕਾਨੂੰਨੀ ਢੰਗ ਨਾਲ ਨਹੀਂ ਰੱਖਣਾ ਚਾਹੀਦਾ। ਪਰ ਕਰਕਰੇ ਨੇ ਕਿਹਾ ਕਿ ਉਹ ਹਰ ਹਾਲ ’ਚ ਸਬੂਤ ਲੈ ਕੇ ਆਏਗਾ ਪਰ ਸਾਧਵੀ ਨੂੰ ਨਹੀਂ ਛੱਡੇਗਾ।’’ ਕਰਕਰੇ ਨਵੰਬਰ 2008 ’ਚ ਮੁੰਬਈ ’ਚ ਦਹਿਸ਼ਤਗਰਦਾਂ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ। ਸਾਧਵੀ ਨੇ ਕਿਹਾ,‘‘ਇਹ ਕਰਕਰੇ ਦੀ ਚਲਾਕੀ ਸੀ। ਇਹ ਦੇਸ਼ਧ੍ਰੋਹ ਸੀ। ਇਹ ਧਰਮ ਖ਼ਿਲਾਫ਼ ਸੀ। ਉਹ ਹਰ ਤਰ੍ਹਾਂ ਦੇ ਸਵਾਲ ਕਰਦਾ ਸੀ। ਇਹ ਕਿਉਂ ਹੋਇਆ, ਉਹ ਕਿਉਂ ਹੋਇਆ? ਮੈਂ ਆਖਦੀ ਸੀ ਮੈਨੂੰ ਨਹੀਂ ਪਤਾ, ਰੱਬ ਜਾਣਦਾ ਹੈ। ਉਹ ਆਖਦਾ ਸੀ ਕੀ ਮੈਨੂੰ ਸਾਰਾ ਕੁੱਝ ਜਾਣਨ ਲਈ ਰੱਬ ਕੋਲ ਜਾਣਾ ਚਾਹੀਦਾ ਹੈ। ਮੈਂ ਉਸ ਨੂੰ ਆਖਿਆ ਜੇਕਰ ਤੂੰ ਜਾਣਾ ਚਾਹੁੰਦਾ ਹੈ ਤਾਂ ਜਾ। ਤੁਹਾਨੂੰ ਵਿਸ਼ਵਾਸ ਕਰਨਾ ਮੁਸ਼ਕਲ ਹੋਵੇਗਾ ਪਰ ਮੈਂ ਉਸ ਨੂੰ ਕਿਹਾ ਕਿ ਉਸ ਦਾ ਸਰਬਨਾਸ਼ ਹੋ ਜਾਵੇਗਾ।’’ ਉਸ ਨੇ ਕਿਹਾ,‘‘ਠੀਕ ਸਵਾ ਮਹੀਨੇ ’ਚ ਸੂਤਕ (ਕਿਸੇ ਪਰਿਵਾਰਕ ਮੈਂਬਰ ਦੀ ਮੌਤ ਮਗਰੋਂ ਧਾਰਮਿਕ ਰਸਮ) ਲੱਗਦਾ ਹੈ। ਜਿਸ ਦਿਨ ਮੈਂ ਗਈ ਸੀ, ਉਸ ਦਿਨ ਉਸ ਦੇ ਸੂਤਕ ਲੱਗ ਗਿਆ ਸੀ। ਠੀਕ ਸਵਾ ਮਹੀਨੇ ’ਚ ਜਿਸ ਦਿਨ ਉਸ ਨੂੰ ਅਤਿਵਾਦੀਆਂ ਨੇ ਮਾਰਿਆ, ਉਸ ਦਿਨ ਸੂਤਕ ਦਾ ਅੰਤ ਹੋ ਗਿਆ।’’ ਉੱਧਰ ਕਾਂਗਰਸ ਨੇ ਸਾਧਵੀ ਪ੍ਰੱਗਿਆ ਠਾਕੁਰ ਵੱਲੋਂ ਕੀਤੀ ਵਿਵਾਦਤ ਟਿੱਪਣੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਪ੍ਰੱਗਿਆ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪ੍ਰੱਗਿਆ ਦੇ ਵਿਵਾਦਤ ਵੀਡੀਓ ਨੂੰ ਸ਼ੇਅਰ ਕਰਦਿਆਂ ਕਿਹਾ,‘ਮੋਦੀ ਜੀ ਸਿਰਫ਼ ਭਾਜਪਾ ਆਗੂ ਹੀ 26/11 ਦੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ਧ੍ਰੋਹੀ ਆਖਣ ਦਾ ਜੁਰਮ ਕਰ ਸਕਦੇ ਹਨ। ਇਹ ਦੇਸ਼ ਦੇ ਹਰ ਸੈਨਿਕ ਦਾ ਅਪਮਾਨ ਹੈ ਜੋ ਅਤਿਵਾਦ ਖ਼ਿਲਾਫ਼ ਲੜਦਿਆਂ ਆਪਣੀ ਸ਼ਹਾਦਤ ਦਿੰਦਾ ਹੈ। ਤੁਸੀਂ ਮੁਲਕ ਤੋਂ ਮੁਆਫ਼ੀ ਮੰਗੋ ਅਤੇ ਪ੍ਰੱਗਿਆ ਖ਼ਿਲਾਫ਼ ਕਾਰਵਾਈ ਕਰੋ।’ ਸਾਧਵੀ ਵੱਲੋਂ ਦਿੱਤੇ ਗਏ ਬਿਆਨ ’ਤੇ ਇਤਰਾਜ਼ ਜਤਾਉਂਦਿਆਂ ਭੋਪਾਲ ਤੋਂ ਕਾਂਗਰਸ ਉਮੀਦਵਾਰ ਦਿਗਵਿਜੈ ਸਿੰਘ ਨੇ ਕਿਹਾ ਕਿ ਹੇਮੰਤ ਕਰਕਰੇ ਸਮਰਪਿਤ ਅਧਿਕਾਰੀ ਸਨ ਜਿਨ੍ਹਾਂ ਦੇਸ਼ ਦੀ ਸੁਰੱਖਿਆ ਲਈ ਸ਼ਹਾਦਤ ਦਿੱਤੀ ਅਤੇ ਸਾਨੂੰ ਉਨ੍ਹਾਂ ਦੀ ਕੁਰਬਾਨੀ ’ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦੇਸ਼ ਲਈ ਸ਼ਹਾਦਤ ਦੇਣ ਵਾਲੇ ਬਾਰੇ ਕੋਈ ਵਿਵਾਦਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। ਏਆਈਐੱਮਆਈਐੱਮ ਦੇ ਆਗੂ ਅਸਦੁਦੀਨ ਓਬੈਸੀ ਨੇ ਵੀ ਪ੍ਰੱਗਿਆ ਦੇ ਬਿਆਨ ਦੀ ਨਿਖੇਧੀ ਕੀਤੀ ਹੈ।

Facebook Comment
Project by : XtremeStudioz