Close
Menu

ਕਰਜ਼ਾ ਮੁਆਫ਼ੀ ਨਾਲ ਕਿਸਾਨ ਢਿੱਲੜ ਹੋ ਜਾਣਗੇ: ਖੱਟਰ

-- 02 May,2019

ਚੰਡੀਗੜ੍ਹ, 2 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (65) ਮੁਤਾਬਕ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਨ ਦੀ ਭਾਜਪਾ ਦੀ ਨੀਤੀ ਦਾ ਅਸਰ ਲੋਕ ਸਭਾ ਚੋਣਾਂ ’ਤੇ ਨਹੀਂ ਪਏਗਾ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਯੋਜਨਾਵਾਂ ਨਾਲ ਸਖ਼ਤ ਮਿਹਨਤ ਕਰਨ ਵਾਲੇ ਵਿਅਕਤੀ ਢਿੱਲੇ ਪੈ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ‘ਨਿਆਏ’ ਯੋਜਨਾ ਲਈ ਬਜਟ ਕਿਥੋਂ ਆਏਗਾ ਅਤੇ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਹੋਰ ਸਾਰੀਆਂ ਯੋਜਨਾਵਾਂ ਨੂੰ ਬੰਦ ਕਰਨਾ ਪਏਗਾ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਸ੍ਰੀ ਖੱਟਰ ਨੇ ਕਿਹਾ,‘‘ਕਰਜ਼ਾ ਮੁਆਫ਼ ਨਾ ਕਰਨ ਦੀ ਨੀਤੀ ਦਾ ਕੋਈ ਨਾਂਹਪੱਖੀ ਅਸਰ ਨਹੀਂ ਪਏਗਾ। ਕਿਸਾਨ ਹੁਣ ਸਿਆਣਾ ਹੋ ਗਿਆ ਹੈ। ਕਰਜ਼ੇ ਮੁਆਫ਼ ਕਰਨ ਨਾਲੋਂ ਅਸੀਂ ਉਨ੍ਹਾਂ ਦੇ ਮੁਨਾਫ਼ੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਫ਼ਸਲਾਂ ਦਾ ਸਮਰਥਨ ਮੁੱਲ ਵਧੇਰੇ ਤੈਅ ਕੀਤਾ ਗਿਆ ਹੈ। ਅਸੀਂ ਉਨ੍ਹਾਂ ਨੂੰ ਸਹਾਇਤਾ ਦਾ ਐਲਾਨ ਕੀਤਾ ਹੈ ਪਰ ਕੋਈ ਮੁਆਫ਼ੀ ਨਹੀਂ ਦਿੱਤੀ ਗਈ ਹੈ। ਕਿਸਾਨ ਸਾਡੇ ਕਦਮਾਂ ਤੋਂ ਖੁਸ਼ ਹੈ। ਉਨ੍ਹਾਂ ਨੂੰ ਪਹਿਲਾਂ ਕਦੇ ਇੰਨਾ ਪੈਸਾ ਨਹੀਂ ਮਿਲਿਆ ਸੀ।’’ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਕੁਝ ਮੁਫ਼ਤ ’ਚ ਮਿਲਦਾ ਹੈ ਤਾਂ ਉਹ ਢਿੱਲੇ ਪੈ ਜਾਂਦੇ ਹਨ। ‘ਉਹ ਇਧਰੋਂ-ਉਧਰੋਂ ਕਰਜ਼ੇ ਲੈ ਲੈ ਕੇ ਫਿਰ ਕਸੂਤੇ ਫਸ ਜਾਂਦੇ ਹਨ। ਕਈ ਸੂਬਿਆਂ ’ਚ ਹਾਲਾਤ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਲਾਹੇਵੰਦ ਹੋ ਸਕਦਾ ਹੈ ਪਰ ਸਾਡੇ ਸੂਬੇ ਹਰਿਆਣਾ ’ਚ ਇਹ ਸਹੀ ਨਹੀਂ ਹੈ।’ ਕਾਂਗਰਸ ਦੀ ‘ਨਿਆਏ’ ਯੋਜਨਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇਸ ਲਈ ਪੈਸਾ ਕਿਥੋਂ ਆਏਗਾ, ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ‘ਉਹ ਇਹ ਵਾਅਦਾ ਤਾਂ ਹੀ ਪੂਰਾ ਕਰ ਸਕਣਗੇ ਜੇਕਰ ਸਾਰੀਆਂ ਹੋਰ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਜਾਵੇ। ‘ਨਿਆਏ’ ਲਈ ਕੀ ਉਹ ਸਾਰੀਆਂ ਯੋਜਨਾਵਾਂ ਨੂੰ ਬੰਦ ਕਰਨ ਦਾ ਜੇਰਾ ਦਿਖਾ ਸਕਦੇ ਹਨ।’ ਸ੍ਰੀ ਖੱਟਰ ਮੁਤਾਬਕ ਮੁਲਕ ’ਚ ਰਾਸ਼ਟਰਵਾਦ ਦੀ ਬਹਿਸ ਨੂੰ ਹਵਾ ਭਾਜਪਾ ਨੇ ਨਹੀਂ ਦਿੱਤੀ ਸਗੋਂ ਵਿਰੋਧੀ ਪਾਰਟੀਆਂ ਨੇ ‘ਦਹਿਸ਼ਤਗਰਦਾਂ ਦੀ ਬੋਲੀ’ ਬੋਲ ਕੇ ਅਤੇ ‘ਪਾਕਿਸਤਾਨ ਦੀ ਹਮਾਇਤ’ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ‘ਜਦੋਂ ਲੋਕ ਗੰਭੀਰਤਾ ਨਾਲ ਕਿਸੇ ਮੁੱਦੇ ਨੂੰ ਲੈਣ ਤਾਂ ਸਾਨੂੰ ਵੀ ਇਸ ਬਾਰੇ ਗੱਲ ਕਰਨੀ ਪਈ ਕਿਉਂਕਿ ਆਖਰਕਾਰ ਉਹ ਵੋਟਰ ਹਨ।’ ਕਾਂਗਰਸ ਵੱਲੋਂ ਸਾਰੀਆਂ 10 ਸੀਟਾਂ ’ਤੇ ਸੀਨੀਅਰ ਆਗੂ ਮੈਦਾਨ ’ਚ ਉਤਾਰੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਲੋਕ ਪਰਿਵਾਰਵਾਦ ਦੀ ਸਿਆਸਤ ਨੂੰ ਮੁੱਢੋਂ ਉਖਾੜਨ ਦੇ ਰੌਂਅ ’ਚ ਹਨ।

Facebook Comment
Project by : XtremeStudioz