Close
Menu

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪਾਕਿਸਤਾਨ ਵੱਲੋਂ ਕੀਤੇ ਉਦਾਘਟਨ ਦਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਨਿੱਘਾ ਸੁਆਗਤ

-- 29 November,2018

29 ਨਵੰਬਰ 2018, ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ

ਵਰਲਡ ਸਿੱਖ ਪਾਰਲੀਮੈਂਟ ਅਨੁਸਾਰ ਇਹ ਉਦਘਾਟਨ ਸਮਾਰੋਹ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੯ ਸਾਲਾ ਗੁਰਪੁਰਬ ਉੱਤੇ ਪਾਕਿਸਤਾਨ ਸਰਕਾਰ ਵੱਲੋਂ ਬਹੁਤ ਹੀ ਢੁਕਵਾਂ ਨਜ਼ਰਾਨਾ ਹੈ । ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਾਰੀ ਬਿਆਨ ਵਿੱਚ ਇਸ ਇਤਿਹਾਸਕ ਮੌਕੇ ਨੂੰ ਸਿੱਖ ਕੌਮ ਅਤੇ ਪਾਕਿਸਤਾਨ ਸਰਕਾਰ ਅਤੇ ਕੌਮ ਦਰਮਿਆਨ ਮਿੱਤਰਤਾ ਨੂੰ ਹੋਰ ਵਧਾਉਣ ਵਾਲਾ ਕਰਾਰ ਦਿੱਤਾ ਹੈ ।ਆਗੂਆਂ ਵੱਲੋਂ ਇਸ ਇਤਿਹਾਸਕ ਕਦਮ ਨੂੰ ਦਲੇਰ, ਦੂਰਦ੍ਰਿਸ਼ਟੀ ਵਾਲਾ ਕਦਮ ਕਰਾਰ ਦਿੱਤਾ ਹੈ ।

ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਭਾਈ ਜੋਗਾ ਸਿੰਘ, ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਤੇ ਭਾਈ ਹਰਵਿੰਦਰ ਸਿੰਘ ਨੇ ਇਸ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਪਾਕਿਸਤਾਨੀ ਆਗੂਆਂ ਦੀ ਲਾਂਘਾ ਬਨਾਉਣ ਦੀ ਪਹਿਲਕਦਮੀ ਦਾ ਧੰਨਵਾਦ ਕੀਤਾ । ਇਹ ਦੇਖਣਾ ਵੀ ਇੱਕ ਅਚੰਭਾ ਸੀ ਕਿ ਕਿਸ ਤਰ੍ਹਾਂ ਪਹਿਲਾਂ ਭਾਰਤ ਸਰਕਾਰ ਵੱਲੋਂ ਲਾਂਘੇ ਦੇ ਨਿਰਮਾਣ ਅੱਗੇ ਔਕੜਾਂ ਖੜ੍ਹੀਆਂ ਕੀਤੀਆਂ ਸਨ ਪਰ ਪਾਕਿਸਤਾਨ ਸਰਕਾਰ ਵੱਲੋਂ ਪਹਿਲਕਦਮੀ ਕਰਨ ਤੇ ਭਾਰਤ ਸਰਕਾਰ ਨੂੰ ਆਪਣੀ ਸਥਿਤੀ ਬਦਲਣ ਲਈ ਮਜਬੂਰ ਕਰ ਦਿੱਤਾ|

ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਭਾਈ ਜੋਗਾ ਸਿੰਘ ਨੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਤੇ ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਅਗਲੇ ਸਾਲ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਪ੍ਰਤੀ ਵੀ ਬਹੁਤ ਉਤਸਕ ਹਨ । ਉਹਨਾਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਪਾਕਿਸਤਾਨ ਦੇ ਸਿੱਖਾਂ ਨਾਲ ਮਿਲ ਕੇ ਅਤੇ ਪਾਕਿਸਤਾਨੀ ਸਰਕਾਰ ਦਾ ਸਾਥ ਲੈ ਕੇ ਆਪਣਾ ਪੂਰਾ ਜ਼ੋਰ ਲਗਾਵੇਗੀ ਤਾਂ ਕਿ ਇਹਨਾਂ ਸਮਾਗਮਾਂ ਨੂੰ ਸਫਲਤਾ ਪੂਰਵਕ ਵੱਡੇ ਪੱਧਰ ਤੇ ਨੇਪਰੇ ਚਾੜ੍ਹਿਆ ਜਾਵੇ ।

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਂਹ ਪੱਖੀ ਟਿੱਪਣੀਆਂ ਦਾ ਜਵਾਬ ਦਿੰਦਿਆਂ ਭਾਈ ਜੋਗਾ ਸਿੰਘ ਨੇ ਕਿਹਾ ਕਿ ਸਿੱਖਾਂ ਅਤੇ ਪਾਕਿਸਤਾਨ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਤਾਂ ਕਿ ਹਿੰਦੁਤਵੀ ਤਾਕਤਾਂ ਵੱਲੋਂ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਸਾਬੋਤਾਜ ਨਾ ਕੀਤਾ ਜਾ ਸਕੇ । ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਦਿੱਤੇ ਕਸ਼ਮੀਰ ਦੇ ਹਵਾਲੇ ਤੋਂ ਜਿਸ ਤਰ੍ਹਾਂ ਭਾਰਤ ਸਰਕਾਰ ਨੂੰ ਔਖ ਮਹਿਸੂਸ ਹੋਈ ਹੈ ਇਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੰਮ ਬਹੁਤ ਆਸਾਨ ਨਹੀਂ ਹੈ । ਵਰਲਡ ਸਿੱਖ ਪਾਰਲੀਮੈਂਟ ਅੰਤਰਾਸ਼ਟਰੀ ਕਾਨੂੰਨ ਤਹਿਤ ਭਾਰਤ ਦੇ ਕਬਜੇ ਹੇਠਲੇ ਪੰਜਾਬ ਅਤੇ ਕਸ਼ਮੀਰ ਵਿੱਚ ਸਵੈ ਨਿਰਣੇ ਦੇ ਹੱਕ ਪ੍ਰਤੀ ਦ੍ਰਿੜ ਹੈ ਤੇ ਸਦਾ ਇਹ ਮੰਗ ਕਰਦੀ ਰਹੇਗੀ ।

Facebook Comment
Project by : XtremeStudioz