Close
Menu

ਕਰਾਚੀ ਵਿਚ ਚੀਨੀ ਕੌਂਸੁਲੇਟ ’ਤੇ ਆਤਮਘਾਤੀ ਹਮਲਾ; ਸੱਤ ਮੌਤਾਂ

-- 24 November,2018

ਕਰਾਚੀ, 24 ਨਵੰਬਰ
ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਤਿੰਨ ਹਥਿਆਰਬੰਦ ਆਤਮਘਾਤੀ ਬੰਬਧਾਰੀਆਂ ਨੇ ਚੀਨ ਦੇ ਕੌਂਸਲਖ਼ਾਨੇ ’ਤੇ ਧਾਵਾ ਬੋਲ ਕੇ ਦੋ ਪੁਲੀਸਕਰਮੀਆਂ ਸਣੇ ਚਾਰ ਲੋਕਾਂ ਦੀ ਜਾਨ ਲੈ ਲਈ ਤੇ ਬਾਅਦ ਵਿਚ ਸੁਰੱਖਿਆ ਦਸਤਿਆਂ ਨੇ ਹਮਲਾਵਰਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਲਈ ਹੈ ਜਿਸ ਦਾ ਕਹਿਣਾ ਹੈ ਕਿ ਉਹ ਬਲੋਚ ਸਰਜ਼ਮੀਨ ’ਤੇ ਚੀਨ ਦੇ ਪਸਾਰਵਾਦੀ ਹਰਬਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਕਰਾਚੀ ਦੇ ਪੁਲੀਸ ਮੁਖੀ ਆਮਿਰ ਸ਼ੇਖ ਨੇ ਕਿਹਾ ਕਿ ਦਹਿਸ਼ਤਗਰਦਾਂ ਕੋਲੋਂ 9 ਹਥਗੋਲੇ, ਕਲਾਸ਼ਨੀਕੋਵ ਰਾਈਫਲਾਂ, ਮੈਗਜ਼ੀਨ ਤੇ ਵਿਸਫ਼ੋਟਕ ਬਰਾਮਦ ਹੋਏ ਹਨ। ਮਾਰੇ ਗਏ ਦੋਵੇਂ ਸ਼ਹਿਰੀ ਪਿਓ ਪੁੱਤਰ ਹਨ। ਕੌਂਸੁਲੇਟ ਤੋਂ ਥੋੜ੍ਹੀ ਦੂਰ ਗੱਡੀ ਖੜ ਕਰ ਕੇ ਆਏ ਦਹਿਸ਼ਤਪਸੰਦਾਂ ਨੇ ਪਹਿਲਾਂ ਕੌਂਸੁਲੇਟ ਦੇ ਬਾਹਰ ਚੌਕੀ ’ਤੇ ਹਮਲਾ ਕੀਤਾ ਤੇ ਹਥਗੋਲਾ ਸੁੱਟਿਆ। ਬੀਐਲਏ ਨੇ ਹਮਲਾਵਰਾਂ ਦੀਆਂ ਤਸਵੀਰਾਂ ਵੀ ਨਸ਼ਰ ਕਰ ਦਿੱਤੀਆਂ ਹਨ। ਚੀਨ ਨੇ ਹਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਪਾਕਿਸਤਾਨ ਵਲੋਂ ਇਸ ਹਮਲੇ ਨੂੰ ਨਾਕਾਮ ਬਣਾਉਣ ਲਈ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਧਰ ਭਾਰਤ ਨੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸੇ ਦੌਰਾਨ ਪਾਕਿਸਤਾਨ ਸਰਕਾਰ ਨੇ ਚੀਨ ਨੂੰ ਆਪਣੇ ਦੇਸ਼ ਵਿਚ ਚੀਨੀ ਨਾਗਰਿਕਾਂ ਦੀ ਭਰਵੀਂ ਸੁਰੱਖਿਆ ਮੁਹੱਈਆ ਕਰਾਉਣ ਅਤੇ ਕਰਾਚੀ ਵਿਚ ਹੋਏ ਹਮਲੇ ਦੀ ਨਿੱਠਵੀਂ ਜਾਂਚ ਕਰਾਉਣ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨਾਲ ਫੋਨ ’ਤੇ ਗੱਲਬਾਤ ਕੀਤੀ।

ਕਰਾਚੀ ਦੀ ਬਹਾਦਰ ਮਹਿਲਾ ਪੁਲੀਸ ਅਫ਼ਸਰ ਨੇ ਬਚਾਈ ਚੀਨੀ ਸਫ਼ੀਰਾਂ ਦੀ ਜਾਨ
ਕਰਾਚੀ: ਕਰਾਚੀ ਪੁਲੀਸ ਦੀ ਇਕ ਜਾਂਬਾਜ਼ ਮਹਿਲਾ ਅਫ਼ਸਰ ਜਿਸ ਨੂੰ ਇਕ ਵੇਲੇ ਪ੍ਰਾਈਵੇਟ ਸਕੂਲ ਵਿਚ ਦਾਖ਼ਲਾ ਲੈਣ ’ਤੇ ਉਸ ਦੇ ਰਿਸ਼ਤੇਦਾਰਾਂ ਨੇ ਛੱਡ ਦਿੱਤਾ ਸੀ, ਨੇ ਅੱਜ ਇੱਥੇ ਚੀਨੀ ਕੌਂਸਲਖ਼ਾਨੇ ’ਤੇ ਹੋਏ ਅਤਿਵਾਦੀ ਹਮਲੇ ਸਮੇਂ ਕਈ ਚੀਨੀ ਸਫਾਰਤੀ ਕਰਮੀਆਂ ਦੀ ਜਾਨ ਬਚਾ ਲਈ। ਅਤਿਵਾਦੀ ਹਮਲੇ ਨੂੰ ਨਾਕਾਮ ਬਣਾਉਣ ਲਈ ਵਿੱਢੇ ਪੁਲੀਸ ਅਪਰੇਸ਼ਨ ਦੀ ਅਗਵਾਈ ਐਸਐਸਪੀ ਸੁਹਾਇ ਅਜ਼ੀਜ਼ ਤਾਲਪੁਰ ਕਰ ਰਹੀ ਸੀ। ਉਸ ਨੇ ਅਤਿਵਾਦੀਆਂ ਨੂੰ ਕੌਂਸਲਖ਼ਾਨੇ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ। ਅਤਿਵਾਦੀਆਂ ਕੋਲ ਹਥਗੋਲੇ, ਅਸਾਲਟ ਰਾਈਫਲਾਂ , ਮੈਗਜ਼ੀਨ ਤੇ ਵਿਸਫੋਟਕਾਂ ਤੋਂ ਇਲਾਵਾ ਖੁਰਾਕ ਸਮੱਗਰੀ ਤੇ ਦਵਾਈਆਂ ਵੀ ਸਨ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦਾ ਮਕਸਦ ਸਫ਼ਾਰਤੀ ਸਟਾਫ ਨੂੰ ਬੰਧਕ ਬਣਾਉਣਾ ਸੀ। ਤਾਲਪੁਰ ਦੀ ਟੀਮ ਨੇ ਕੌਂਸਲੇਟ ਪਹੁੰਚਣ ਸਾਰ ਪੁਜ਼ੀਸ਼ਨਾਂ ਲੈ ਲਈਆਂ ਤੇ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੁਕਾਬਲੇ ਵਿਚ ਦੋ ਪੁਲੀਸ ਕਰਮੀ ਮਾਰੇ ਗਏ ਪਰ ਸਾਰੇ ਹਮਲਾਵਰ ਵੀ ਮਾਰੇ ਗਏ।

Facebook Comment
Project by : XtremeStudioz