Close
Menu

ਕਲਾਕਾਰ ਲੋਕਾਂ ਨੂੰ ਭਰਮਾ ਤਾਂ ਸਕਦੇ ਹਨ, ਪਰ ਪੰਜਾਬ ਦਾ ਭਲਾ ਨਹੀਂ ਕਰ ਸਕਦੇ-ਬਾਦਲ

-- 26 September,2015

ਸੰਗਰੂਰ, 26 ਸਤੰਬਰ – ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਫੋਕੇ ਨਾਅਰੇ ਲਗਾ ਕੇ ਆਮ ਜਨਤਾ ਨੂੰ ਭਰਮਾ ਤਾਂ ਸਕਦੇ ਹਨ, ਪਰ ਬਿਨਾਂ ਕਿਸੇ ਪ੍ਰਸ਼ਾਸਕੀ ਸੂਝ-ਬੂਝ ਦੇ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੁੱਝ ਭਲਾ ਨਹੀਂ ਕਰ ਸਕਦੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਹੀ ਸੰਭਵ ਹੋਇਆ ਹੈ। ਉਹ ਅੱਜ ਮਲੇਰਕੋਟਲਾ ਵਿਖੇ ਈਦ ਮੌਕੇ ਮੁਸਿਲਮ ਭਾਈਚਾਰੇ ਵੱਲੋਂ ਕਰਵਾਏ ਈਦ ਮਿਲਨ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਸ. ਬਾਦਲ ਨੇ ਮਲੇਰਕੋਟਲਾ ਦੀ ਵੱਡੀ ਈਦਗਾਹ ਵਿਖੇ ਮੁਸਿਲਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਅਤੇ ਸ਼ਹਿਰ ਦੇ ਇਕ ਪੈਲਸ ਵਿਚ ਭਾਈਚਾਰੇ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕੀਤਾ।  ਇਸ ਮੌਕੇ ਸ. ਬਾਦਲ ਨੇ ਮਲੇਰਕੋਟਲਾ ਦੀ ਧਰਤੀ, ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਜਬਰ-ਜ਼ੁਲਮ ਵਿਰੁੱਧ ਅਵਾਜ਼ ਉਠਾਈ ਸੀ, ਨੂੰ ਪ੍ਰਣਾਮ ਕਰਦੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਨਿਸ਼ਾਨਾ ਰਾਜ ਵਿਚ ਅਮਨ-ਸ਼ਾਤੀ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਹੈ। ਉਨਾਂ ਇਸ ਮੌਕੇ ਹੱਜ ਮੰਜਲ ਵਿਚ ਦਫਤਰ ਦੀ ਉਸਾਰੀ ਲਈ 22.98 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਹਲਕਾ ਵਿਧਾਇਕਾ ਅਤੇ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੂੰ ਦਿੱਤਾ। ਉਨਾਂ ਇਹ ਵੀ ਐਲਾਨ ਕੀਤਾ ਕਿ ਮੁਸਲਿਮ ਭਾਈਚਾਰੇ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਕਬਰਸਤਾਨ ਬਨਾਉਣ ਵਾਸਤੇ ਪੰਚਾਇਤਾਂ ਜਾਂ ਨਗਰ ਕੌਸ਼ਲਾਂ ਨੂੰ ਥਾਂ ਦੇਣ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਜੇਕਰ ਕਿਸੇ ਥਾਂ ਇੰਨਾਂ ਸੰਸਥਾਵਾਂ ਕੋਲ ਥਾਂ ਨਹੀਂ ਹੋਵੇਗੀ, ਤਾਂ ਸਰਕਾਰ ਇੰਤਜ਼ਾਮ ਕਰਕੇ ਦੇਵੇਗੀ।
ਸ. ਬਾਦਲ ਨੇ ਕਾਂਗਰਸ ਦੀ ਅਲੋਚਨਾ ਕਰਦੇ ਕਿਹਾ ਕਿ ਕਾਂਗਰਸ ਨੇ ਕੇਂਦਰ ਤੇ ਰਾਜ ਦੀ ਸੱਤਾ ਵਿਚ ਹੁੰਦੇ ਤਾਂ ਕਿਸਾਨ ਦੇ ਹਿੱਤ ਵਿਚ ਕਦੇ ਹੋਈ ਕੰਮ ਨਹੀਂ ਕੀਤਾ ਅਤੇ ਅੱਜ ਜਦੋਂ ਕਿਸਾਨ ‘ਤੇ ਕੁਦਰਤੀ ਸੰਕਟ ਆਇਆ ਹੈ ਤਾਂ ਕਿਸਾਨਾਂ ਨੂੰ ਆਪਣੇ ਰਾਜਸੀ ਮੁਫਾਦ ਲਈ ਭੜਕਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕਾਂਗਰਸ ਨੇ ਦੇਸ਼ ਦੀ ਸੱਤਾ ‘ਤੇ 50 ਸਾਲ ਤੋਂ ਵੱਧ ਸਮਾਂ ਰਾਜ ਕਰਦੇ ਹੋਏ ਦੇਸ਼ ਦੇ ਅੰਨ ਦਾਤੇ ਦੀ ਸਾਰ ਲਈ ਹੁੰਦੀ ਤਾਂ ਅੱਜ ਕਿਸਾਨ ਦੇ ਇਹ ਹਾਲਤ ਨਾ ਹੁੰਦੇ। ਉਨਾਂ ਕਿਹਾ ਕਿ ਕਾਂਗਰਸ ਨੇ ਸਦਾ ਅੰਗਰੇਜ਼ਾ ਦੀ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਨੂੰ ਅਪਨਾਇਆ ਅਤੇ ਇਸ ‘ਤੇ ਚੱਲਦੇ ਦੇਸ਼ ਦੇ ਲੋਕਾਂ ਨੂੰ ਆਪਣੀ ਸੱਤਾ ਦੇ ਲਾਲਚ ਲਈ ਵੰਡੀ ਰੱਖਿਆ।
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਮਲੇਰਕੋਟਲਾ, ਜਿੱਥੇ ਕਿ ਰਾਜ ਵਿਚ ਸਭ ਤੋਂ ਵੱਧ ਸਬਜ਼ੀ ਦੀ ਪੈਦਾਵਰ ਹੁੰਦੀ ਹੈ, ਵਿਖੇ ਫੂਡ ਪ੍ਰੋਸੈਸਿੰਗ ਕੇਂਦਰ ਕਾਇਮ ਕਰਨ  ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਕਿ ਕਿਸਾਨਾਂ ਨੂੰ ਆਪਣੀ ਉਪਜ ਦਾ ਵੱਧ ਭਾਅ ਮਿਲ ਸਕੇ ਅਤੇ ਰੋਜ਼ਗਾਰ ਦੇ ਮੌਕੇ ਇਸ ਇਲਾਕੇ ਵਿਚ ਪੈਦਾ ਹੋ ਸਕਣ। ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਲਈ ਕੇਂਦਰ ਸਰਕਾਰ ਵੱਲੋਂ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਕਿਸੇ ਨਿੱਜੀ ਉਦਮੀ ਨੂੰ ਉਤਸ਼ਾਹਿ ਕਰਕੇ ਇੱਥੇ ਵੱਡਾ ਫੂਡ ਪਾਰਕ ਕਾਇਮ ਕੀਤਾ ਜਾਵੇ।
ਸ. ਬਾਦਲ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਛੋਟੇ-ਵੱਡੇ ਸ਼ਹਿਰਾਂ ਵਿਚ ਪੀਣ ਵਾਲੇ ਪਾਣੀ, ਸੀਵਰੇਜ਼ ਅਤੇ ਸੀਵਰੇਜ ਟਰੀਮਮੈਂਟ ਪਲਾਂਟ ਅਤੇ ਸਟਰੀਟ ਲਾਇਨਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਇੰਨਾਂ ਸਹੂਲਤਾਂ ਦਾ ਅਨੰਦ ਲੋਕ ਲੈ ਸਕਣਗੇ। ਉਨਾਂ ਮਲੇਰਕੋਟਲਾ ਸ਼ਹਿਰ ਵਿਚ ਪੈ ਰਹੇ ਸੀਵਰੇਜ ਦੇ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਕੀਤੀਆਂ। ਉਨਾਂ ਇਸ ਮੌਕੇ ਮਲੇਕੋਟਲਾ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਵਿਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਮਾਗਮ ਨੂੰ ਸੰਬੋਧਨ ਕਰਦੇ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਕਰਾਵਏ ਗਏ ਕੰਮਾਂ ਲਈ ਧੰਨਵਾਦ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਦਿਹਾੜੇ ਲਈ ਵਧਾਈ ਦਿੱਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਦੀ ਸੋਚ ਸਦਕਾ ਹੀ ਪੰਜਾਬ ਵਿਚ ਭਾਈਚਾਰਕ ਸਾਂਝ ਬਰਕਰਾਰ ਹੈ। ਉਨਾਂ ਕਿਹਾ ਕਿ ਅੱਜ ਸ. ਬਾਦਲ ਨੂੰ ਇੰਨਾਂ ਦੀਆਂ ਖੂਬੀਆਂ ਕਾਰਨ ਕੇਵਲ ਪੰਜਾਬ ਦੇ ਹੀ ਨਹੀਂ ਬਲਕਿ ਵਿਸ਼ਵ ਆਗੂ ਵਜੋਂ ਪਛਾਣ ਮਿਲੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹੀ ਇਲਾਕੇ ਵਿਚ ਵੱਡੇ ਪੁੱਲ, ਓਵਰ ਬ੍ਰਿਜ਼, ਸੁੰਦਰ ਸੜਕਾਂ, ਕਾਲਜ, ਯਾਦਗਾਰ ਅਤੇ ਹੋਰ ਵੱਡੇ ਪ੍ਰਾਜੈਕਟ ਮਿਲੇ ਹਨ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਇਕਬਾਲ ਸਿੰਘ ਝੂੰਦਾ, ਅਕਾਲੀ ਆਗੂ ਇਜ਼ਹਾਰ ਆਲਮ, ਮੁੱਖ ਸੰਸਦੀ ਸਕੱਤਰ ਫਰਜ਼ਾਨਾ ਆਲਮ, ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ. ਤੇਜਾ ਸਿੰਘ ਕਮਾਲਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਐਸ. ਐਸ. ਪੀ ਸ. ਪ੍ਰਿਤਪਾਲ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਰਵਿੰਦ ਕੁਮਾਰ, ਸਾਹਿਬਜ਼ਾਦਾ ਨਦੀਮ ਅਨਵਾਰ ਖਾਂ, ਈਦਗਾਹ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਅਸਰਾਰ ਨਿਜ਼ਾਮੀ, ਐਸ ਡੀ ਐਮ ਮਲੇਰਕੋਟਲਾ ਅਮਿਤ ਬੈਂਬੀ, ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ, ਵਾਈਸ ਚੇਅਰਮੈਨ ਸ. ਰਵਿੰਦਰ ਸਿੰਘ ਚੀਮਾ, ਚੇਅਰਮੈਨ ਜਸਬੀਰ ਸਿੰਘ ਦਿਉਲ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ, ਗੁਰਬਚਨ ਸਿੰਘ, ਜੈਪਾਲ ਸਿੰਘ ਮੰਡੀਆ, ਜਗਤਾਰ ਸਿੰਘ ਜੱਗੀ ਚੇਅਰਮੈਨ  ਅਤੇ ਹੋਰ ਆਗੂ ਹਾਜ਼ਰ ਸਨ।

Facebook Comment
Project by : XtremeStudioz