Close
Menu

ਕਸ਼ਮੀਰ ਮਸਲੇ ਦੇ ਹੱਲ ਲਈ ਤਜਵੀਜ਼ ਤਿਆਰ ਕਰ ਰਹੀ ਹੈ ਇਮਰਾਨ ਸਰਕਾਰ

-- 30 August,2018

ਇਸਲਾਮਾਬਾਦ, ਪਾਕਿਸਤਾਨ ਦੀ ਇਕ ਸੀਨੀਅਰ ਮੰਤਰੀ ਨੇ ਕਿਹਾ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਕਸ਼ਮੀਰ ਮਸਲੇ ਦੇ ਹੱਲ ਲਈ ਇਕ ਤਜਵੀਜ਼ ਤਿਆਰ ਕਰ ਰਹੀ ਹੈ, ਜਿਸ ਨੂੰ ਉਨ੍ਹਾਂ ‘ਟਕਰਾਅ ਦੇ ਹੱਲ ਦਾ ਮਾਡਲ’ ਕਰਾਰ ਦਿੱਤਾ ਹੈ। ਮਨੁੱਖੀ ਹੱਕਾਂ ਬਾਰੇ ਮੰਤਰੀ ਸ਼ੀਰੀਂ ਮਜ਼ਾਰੀ ਨੇ ਇਹ ਖ਼ੁਲਾਸਾ ਇਕ ਟੀਵੀ ਟਾਕ ਸ਼ੋਅ ਦੌਰਾਨ ਕੀਤਾ, ਪਰ ਉਨ੍ਹਾਂ ਇਸ ਦੇ ਹੋਰ ਵੇਰਵੇ ਨਹੀਂ ਦਿੱਤੇ।
ਉਨ੍ਹਾਂ ਪਿਛਲੇ ਦਿਨੀਂ ਉਰਦੂ ਚੈਨਲ ‘24ਨਿਊਜ਼ਐਚਡੀ’ ਦੇ ਮੇਜ਼ਬਾਨ ਨੂੰ ਦੱਸਿਆ, ‘‘ਅਸੀਂ ਇਕ ਹਫ਼ਤੇ ਦੌਰਾਨ ਤਜਵੀਜ਼ ਤਿਆਰ ਕਰ ਕੇ ਇਹ ਸਾਰੀਆਂ ਸਬੰਧਤ ਧਿਰਾਂ ਨਾਲ ਸਾਂਝੀ ਕਰਾਂਗੇ।’’ ਉਨ੍ਹਾਂ ਕਿਹਾ ਕਿ ਇਹ ਤਜਵੀਜ਼, ਜੋ ‘ਟਕਰਾਅ ਦੇ ਹੱਲ ਦਾ ਮਾਡਲ’ ਹੈ, ਨੂੰ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਖ਼ਾਨ ਤੇ ਕੈਬਨਿਟ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ, ‘‘ਜੇ ਤਜਵੀਜ਼ ਦਾ ਖਰੜਾ ਮਨਜ਼ੂਰ ਕਰ ਲਿਆ ਗਿਆ ਤਾਂ ਅਸੀਂ ਇਸ ਉਤੇ ਅੱਗੇ ਵਧਾਂਗੇ।’’ ਗ਼ੌਰਤਲਬ ਹੈ ਕਿ ਮੋਹਤਰਮਾ ਸ਼ੀਰੀਂ ਨੂੰ ਮੁਲਕ ਦੀ ਤਾਕਤਵਰ ਫ਼ੌਜ ਦੀ ਕਰੀਬੀ ਮੰਨਿਆ ਜਾਂਦਾ ਹੈ। ਪਾਕਿਸਤਾਨ ਦੀਆਂ ਸਾਰੀਆਂ ਨੀਤੀਆਂ ਤੇ ਵੱਡੇ ਫ਼ੈਸਲਿਆਂ ਵਿੱਚ ਫ਼ੌਜ ਦਾ ਦਖ਼ਲ ਹੁੰਦਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਬੀਬੀ ਸ਼ੀਰੀਂ ਨੇ ਆਖਿਆ ਕਿ ਇਸ ਤਜਵੀਜ਼ ਦਾ ਖਰੜਾ ‘ਲਗਪਗ ਤਿਆਰ’ ਹੈ। ਦੱਸਣਯੋਗ ਹੈ ਕਿ ਬੀਤੇ ਮਹੀਨੇ ਸ੍ਰੀ ਖ਼ਾਨ ਨੇ ਆਪਣੀ ਜੇਤੂ ਰੈਲੀ ਦੌਰਾਨ ਬੋਲਦਿਆਂ ਭਾਰਤ ਨਾਲ ਰਿਸ਼ਤੇ ਬਿਹਤਰ ਬਣਾਉਣ ਦੀ ਖ਼ਾਹਿਸ਼ ਜ਼ਾਹਰ ਕੀਤੀ ਸੀ।
ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਚਾਹੇਗੀ ਕਿ ਦੋਵਾਂ ਮੁਲਕਾਂ ਦੇ ਆਗੂ ਮਿਲ ਕੇ ‘ਮੁੱਖ ਮੁੱਦੇ’ ਕਸ਼ਮੀਰ ਸਮੇਤ ਦੋਵਾਂ ਮੁਲਕਾਂ ਦਰਮਿਆਨ ਵਿਵਾਦ ਦੇ ਸਾਰੇ ਮਾਮਲਿਆਂ ਦਾ ਹੱਲ ਕਰਨ। ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਚੰਗੇ ਰਿਸ਼ਤੇ ਸਮੁੱਚੇ ਖ਼ਿੱਤੇ ਲਈ ਲਾਹੇਵੰਦ ਹਨ। ਉਨ੍ਹਾਂ ਦੋਵਾਂ ਮੁਲਕਾਂ ਦਰਮਿਆਨ ਵਪਾਰ-ਕਾਰੋਬਾਰ ਦੇ ਵਾਧੇ ਉਤੇ ਵੀ ਜ਼ੋਰ ਦਿੱਤਾ ਸੀ।

Facebook Comment
Project by : XtremeStudioz