Close
Menu

ਕਸੂਤੇ ਫਸੇ ਮੋਇਲੀ; ਸਰਕਾਰ ਨੂੰ ਵੀ ਹੋਈ ਪ੍ਰੇਸ਼ਾਨੀ

-- 03 September,2013

Veerappa-Moily-91

ਨਵੀਂ ਦਿੱਲੀ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਤੇਲ ਮੰਤਰੀ ਵਿਰੱਪਾ ਮੋਇਲੀ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਰਾਹੀਂ ਇਹ ਤਜਵੀਜ਼ ਦੇਣ ਕਿ ਸ਼ਹਿਰਾਂ ਦੇ ਪੈਟਰੋਲ ਪੰਪ ਰਾਤ ਨੂੰ 8 ਵਜੇ ਤੋਂ ਸਵੇਰ ਦੇ ਅੱਠ ਵਜੇ ਤੱਕ ਬੰਦ ਰੱਖੇ ਜਾਣ ਤਾਂ ਜੋ ਵਿਦੇਸ਼ੀ ਕਰੰਸੀ ਦੀ ਬੱਚਤ ਕੀਤੀ ਜਾ ਸਕੇ, ਨੇ ਸਰਕਾਰ ਨੂੰ ਅੱਜ ਜਿੱਚ ਕਰ ਦਿੱਤਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ. ਚਿੰਦਬਰਮ ਨ ਇਹ ਕਹਿਣਾ ਪਿਆ ਕਿ ਸਰਕਾਰ ਦੀ ਤਜਵੀਜ਼ ਨਹੀਂ ਇਸ ਲਈ ਇਸ ਨੂੰ ਲਾਗੂ ਕਰਨ ਦਾ ਸਵਾਲ ਪੈਦਾ ਨਹੀਂ ਹੁੰਦਾ।  ਇਸ ਤੋਂ ਬਾਅਦ ਸ੍ਰੀ ਮੋਇਲੀ ਨੇ  ਕਿਹਾ ਕਿ ਸਰਕਾਰ ਤੇਲ ਦੀ ਖਪਤ ਘੱਟ ਕਰਨ ਲਈ ਅਜਿਹੀ ਕਿਸੇ ਤਜਵੀਜ਼ ’ਤੇ ਗੌਰ ਨਹੀਂ ਕਰ ਰਹੀ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ‘‘ਅਸੀਂ ਪਹਿਲਾਂ ਹੀ ਇਹ ਪੂਰੀ ਤਰ੍ਹਾਂ ਸਪਸ਼ਟ ਕਰ ਚੁੱਕੇ ਹਾਂ ਕਿ ਇਹ ਸਾਡਾ ਵਿਚਾਰ ਨਹੀਂ ਹੈ। ਇਹ ਵਿਚਾਰ ਲੋਕਾਂ ਅਤੇ ਹੋਰਨਾਂ ਤੋਂ ਆ ਰਿਹਾ ਸੀ। ਅਸੀਂ ਫਿਲਹਾਲ (ਇਨ੍ਹਾਂ ਸੁਝਾਵਾਂ ਬਾਰੇ) ਕੋਈ ਫੈਸਲਾ ਨਹੀਂ ਲਿਆ। ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਪੈਟਰੋਲ ਪੰਪ ਬੰਦ ਰੱਖਣ ਬਾਰੇ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ।’’
ਤੇਲ ਮੰਤਰਾਲੇ ਵੱਲੋਂ ਤੇਲ ਦੀ ਬੱਚਤ ਕਰਨ ਲਈ 16 ਸਤੰਬਰ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ 3 ਫੀਸਦ ਮੰਗ ਘਟਾ ਕੇ 16000 ਕਰੋੜ ਰੁਪਏ ਦੀ ਬਚਤ ਕਰਨ ਦਾ ਟੀਚਾ ਮਿਥਿਆ ਗਿਆ। ਇਸੇ ਤਹਿਤ ਇਹ ਵਿਚਾਰ ਆ ਰਿਹਾ ਸੀ ਕਿ ਪੈਟਰੋਲ ਪੰਪ ਸਵੇਰੇ 8 ਵਜੇ ਤੋਂ ਰਾਤੀਂ 8 ਵਜੇ ਤਕ ਖੁੱਲ੍ਹੇ ਰੱਖੇ ਜਾਣ। ਤੇਲ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਅਜਿਹੀ ਕਿਸੇ ਵੀ ਤਜਵੀਜ਼ ’ਤੇ ਅਮਲ ਕਰਨ ਤੋਂ ਇਨਕਾਰ ਕੀਤਾ ਹੈ। ਸ੍ਰੀ ਮੋਇਲੀ ਨੇ ਕਿਹਾ ਕਿ ਉਹ ਦੇਸ਼ਵਾਸੀਆਂ ਨੂੰ ਇਸ ਤੱਥ ਤੋਂ ਜਾਣੂ ਕਰਾਉਣਾ ਚਾਹੁੰਦੇ ਹਨ ਕਿ ਦੇਸ਼ ਦੀ 80 ਫੀਸਦ ਤੇਲ ਦੀ ਮੰਗ ਦਰਾਮਦਾਂ ਰਾਹੀਂ ਪੂਰੀ ਕੀਤੀ ਜਾਂਦੀ ਹੈ ਅਤੇ ਤੇਲ ਦੀ ਕਿਫ਼ਾਇਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਰਕਾਰ ਸਾਲ ਦਰ ਸਾਲ 170 ਅਰਬ ਡਾਲਰ ਦਾ ਬੋਝ ਸਹਿਣ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ‘‘ਅਸੀਂ ਇਕ ਵੱਡੀ ਬੱਚਤ ਮੁਹਿੰਮ ਲੈ ਕੇ ਆ ਰਹੇ ਹਾਂ ਜੋ 16 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਉਸ ਤੋਂ ਪਹਿਲਾਂ ਅਸੀਂ ਇਸ ਬਾਰੇ ਵਿਚਾਰ ਕਰ ਰਹੇ ਹਾਂ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ। ਜੇ ਭਾਜਪਾ ਕੋਲ ਕੋਈ ਵਧੀਆ ਵਿਚਾਰ ਹੈ ਤਾਂ ਉਹ ਸਾਨੂੰ ਦੇਵੇ ਪਰ ਅਸੀਂ ਇਸ ਦਾ ਸਵਾਗਤ ਕਰਾਂਗੇ। ਅਸੀਂ ਯਕੀਨਨ ਇਸ ’ਤੇ ਗੌਰ ਕਰਾਂਗੇ।’’
ਭਾਜਪਾ ਨੇ ਰਾਤ ਨੂੰ ਪੈਟਰੋਲ ਪੰਪ ਬੰਦ ਰੱਖਣ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ ਲੋਕਾਂ ’ਤੇ ਆਰਥਿਕ ਐਮਰਜੈਂਸੀ ਲਾਗੂ ਕਰਨ ਦੀ ਤਸ਼ਬੀਹ ਦਿੱਤੀ ਸੀ। ਇਸ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਤੋਂ ਅੱਜ ਸੀਪੀਆਈ-ਐਮ, ਸੀਪੀਆਈ ਅਤੇ ਤ੍ਰਿਣਮੂਲ ਕਾਂਗਰਸ ਨੇ ਰਾਜ ਸਭਾ ’ਚੋਂ ਵਾਕਆਊਟ ਕੀਤਾ। ਭਾਜਪਾ ਨਾਲ ਸਬੰਧਤ ਮੈਂਬਰਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਚੱਲਦੇ ਸੈਸ਼ਨ ਵਿੱਚ ਅਜਿਹਾ ਫੈਸਲਾ ਇਸ ਨੂੰ ਬਾਈਪਾਸ ਕਰਨ ਦੇ ਤੁੱਲ ਹੈ। ਸੀਪੀਆਈ-ਐਮ ਦੇ ਪ੍ਰਸ਼ਾਂਤ ਚੈਟਰਜੀ ਨੇ ਕਿਹਾ ਕਿ ਇਹ ਅਫਸੋਸਨਾਕ ਗੱਲ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਪਾਰਲੀਮੈਂਟ ਤੋਂ ਬਾਹਰ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵਾਧਾ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਪਿਛਲੇ ਤਿੰਨ ਮਹੀਨਿਆਂ ਵਿੱਚ ਛੇਵੀਂ ਵਾਰ ਵਾਧਾ ਕੀਤਾ ਗਿਆ ਹੈ। ਡੀਜ਼ਲ ਦੀ ਕੀਮਤ ਹਰ ਮਹੀਨੇ 50 ਪੈਸੇ ਵਧਾਈ ਜਾ ਰਹੀ ਹੈ। ਸਰਕਾਰ ਰੁਪਏ ਦੀ ਡਿੱਗ ਰਹੀ ਕੀਮਤ ਨੂੰ ਠੱਲ੍ਹ ਨਹੀਂ ਪਾ ਸਕੀ ਅਤੇ ਹੁਣ ਤੇਲ ਕੀਮਤਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮੁਸੀਬਤਾਂ ਲਈ ਸਰਕਾਰ ਕਸੂਰਵਾਰ ਹੈ।’’ ਭਾਜਪਾ ਦੇ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਲੋਕ ਵਿਰੋਧੀ ਹੈ ਅਤੇ ਫੈਸਲਾ ਪਾਰਲੀਮੈਂਟ ਨੂੰ ਭਰੋਸੇ ’ਚ ਲਏ ਬਗੈਰ ਕੀਤਾ ਗਿਆ ਹੈ। ਸੀਪੀਆਈ-ਐਮ ਦੇ ਆਗੂ ਸੀਤਾਰਾਮ ਯੇਚੁਰੀ ਨੇ ਇਸ ਮੁੱਦੇ ’ਤੇ ਬਹਿਸ ਕਰਵਾਉਣ ਦੀ ਮੰਗ ਕੀਤੀ ਪਰ ਸਦਨ ਦੇ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਇਸ ਦੀ ਆਗਿਆ ਨਾ ਦਿੱਤੀ। ਇਸ ਤੋਂ ਸ੍ਰੀ ਯੇਚੁਰੀ ਅਤੇ ਉਨ੍ਹਾਂ ਦੇ ਸਾਥੀ ਸਦਨ ’ਚੋਂ ਵਾਕਆਊਟ ਕਰ ਗਏ।

Facebook Comment
Project by : XtremeStudioz