Close
Menu

ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ’ਤੇ ਅਣਗਹਿਲੀ ਦਾ ਦੋਸ਼

-- 23 April,2015

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਵਾ ਨੇ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਬੇਕਦਰੀ ਦਾ ਮਾਮਲਾ ਉਠਾਉਂਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਖੱਜਲ-ਖੁਆਰੀ ਰੋਕਣ ਲਈ ਕਦਮ ਚੁੱਕਣ ਅਤੇ ਕਣਕ ਦੀ ਖ਼ਰੀਦ ਦੀਆਂ ਸ਼ਰਤਾਂ ਨਰਮ ਕਰਵਾਉਣ।  ੳੁਨ੍ਹਾਂ ਅੱਜ ਇੱਥੇ ਕਿਹਾ ਕਿ ਸੂਬਾ ਸਰਕਾਰ ਕਣਕ ਦੀ ਖ਼ਰੀਦ ਯਕੀਨੀ ਨਹੀਂ ਬਣਾ ਸਕੀ। ੲਿਸ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਤੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜ ਸੂਬਿਆਂ ਨੂੰ ਕਣਕ ਦੀ ਖ਼ਰੀਦ ਵਿੱਚ ਰਿਆਇਤਾਂ ਦੇ ਦਿੱਤੀਆਂ ਹਨ ਪਰ ਪੰਜਾਬ ਨੂੰ ਅਜੇ ਤੱਕ ਰਿਆਇਤਾਂ ਨਹੀਂ ਮਿਲੀਆਂ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਰਿਪੋਰਟ ਦੇਰੀ ਨਾਲ ਭੇਜੀ ਹੈ। ਇਸ ਕਰਕੇ ਰਿਆਇਤਾਂ ਮਿਲਣ ਵਿੱਚ ਦੇਰੀ ਹੋਈ ਹੈ।  ਉਨ੍ਹਾਂ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਟੀਮ ਦੇ ਦੌਰੇ ਤੋਂ ਬਾਅਦ ਪੰਜਾਬ ਨੂੰ ਖ਼ਰੀਦ ਵਿੱਚ ਛੋਟ ਮਿਲੇਗੀ। ਇਹ ਸਿੱਧੇ ਤੌਰ ’ਤੇ ਸੂਬੇ ਦੇ ਕਿਸਾਨਾਂ ਨਾਲ ਧੱਕਾ ਹੈ।  ਉਨ੍ਹਾਂ ਕਿਹਾ ਕਿ ਕੇਂਦਰੀ ਟੀਮ ਦੀ ਕਾਰਵਾਈ ਤੱਕ ਜ਼ਿਆਦਾਤਰ ਕਿਸਾਨ ਆਪਣੀ ਫ਼ਸਲ ਵੇਚ ਚੁੱਕੇ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋ ਅਪਰੈਲ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਕੇਂਦਰ ਸਰਕਾਰ ਕੋਲੋਂ 717 ਕਰੋੜ ਰੁਪਏ ਦੀ ਮਦਦ ਅਤੇ ਕਣਕ ’ਤੇ ਬੋਨਸ ਦੇਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਇਸ ਮੰਗ ਬਾਰੇ ਕੇਂਦਰ ਸਰਕਾਰ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ  ਕੇਂਦਰ ਸਰਕਾਰ ਸੂਬੇ ਦੀ ਅਕਾਲੀ ਪੰਜਾਬ ਸਰਕਾਰ ਨੂੰ ਰਣਨੀਤੀ ਤਹਿਤ ਸਬਕ ਸਿਖਾਉਣਾ ਚਾਹੁੰਦੀ ਹੈ, ਜਿਸ ਦਾ ਖਾਮਿਆਜ਼ਾ ਸੂਬੇ ਦੇ ਕਿਸਾਨ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬੇ ਦੇ ਕਿਸਾਨਾਂ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ ਤੇ ਕਣਕ ਦੀ ਖ਼ਰੀਦ ਯਕੀਨੀ ਬਣਾੳੁਣੀ ਚਾਹੀਦੀ ਹੈ।

Facebook Comment
Project by : XtremeStudioz