Close
Menu

ਕਾਂਗਰਸੀ ਆਗੂਆਂ ਵੱਲੋਂ ਬਾਜਵਾ ਦੇ ਅਸਤੀਫ਼ੇ ਦੀ ਮੰਗ

-- 27 February,2015

ਅੰਮ੍ਰਿਤਸਰ, ਮਾਝਾ ਦੇ ਚਾਰ ਜ਼ਿਲ੍ਹਿਆਂ ਵਿੱਚ ਹੋਈਆਂ ਮਿਉਂਸਪਲ ਚੋਣਾਂ ਦੌਰਾਨ ਕਾਂਗਰਸ ਦੀ ਹੋਈ ਹਾਰ ਦਾ ਵੱਡਾ ਕਾਰਨ ਕਾਂਗਰਸ ਦਾ ਅੰਦਰੂਨੀ ਕਲੇਸ਼ ਵੀ ਹੈ, ਜਿਸ ਕਾਰਨ ਕਾਂਗਰਸੀ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕੋਲੋਂ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮਾਝੇ ਵਿੱਚ ਕਾਂਗਰਸ ਨੂੰ 277 ਸੀਟਾਂ ਵਿੱਚੋਂ ਸਿਰਫ 26 ਸੀਟਾਂ ਮਿਲੀਆਂ ਹਨ।
ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਚੰਗੇ ਆਗੂ ਦੀ ਅਗਵਾਈ ਦੀ ਘਾਟ ਰੜਕਦੀ ਰਹੀ ਹੈ। ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੋਈ ਵੀ ਅਜਿਹਾ ਆਗੂ ਨਹੀਂ ਸੀ, ਜੋ ਕਾਂਗਰਸ ਨੂੰ ਅਗਵਾਈ ਦੇ ਕੇ ਜਿੱਤ ਵੱਲ ਲੈ ਜਾਂਦਾ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਪ੍ਰਧਾਨ ਖੁਦ ਆਪਣੇ ਹਲਕੇ ਵਿੱਚੋਂ ਕਾਂਗਰਸੀ ਉਮੀਦਵਾਰਾਂ ਨੂੰ ਨਹੀਂ ਜਿਤਾ ਸਕੇ। ੳੁਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਸੂਬੇ ਦੇ ਲੋਕ ਹਾਕਮ ਧਿਰ ਦੀਆਂ ਵਧੀਕੀਆਂ, ਨਸ਼ਿਆਂ ਦੇ ਰੁਝਾਨ, ਭ੍ਰਿਸ਼ਟਾਚਾਰ, ਆਦਿ ਤੋਂ ਪ੍ਰੇਸ਼ਾਨ ਹਨ ਪਰ ਇਸ ਦੇ ਬਾਵਜੂਦ ਲੋਕਾਂ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਅੰਮ੍ਰਿਤਸਰ ਤੋਂ ਵਿਧਾਇਕ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਭਾਵੇਂ ਹਾਕਮ ਧਿਰ ਨੇ ਜਿੱਤ ਪ੍ਰਾਪਤੀ ਲਈ ਹਰ ਹਰਬਾ ਵਰਤਿਆ, ਜੋ ਕਿ ਜਮਹੂਰੀਅਤ ਦਾ ਕਤਲ ਹੈ ਪਰ ਇਸ ਹਾਰ ਲਈ ਕਾਂਗਰਸ ਦਾ ਅੰਦਰੂਨੀ ਕਲੇਸ਼ ਵੀ ਜ਼ਿੰਮੇਵਾਰ ਹੈ। ਬਟਾਲਾ ਤੋਂ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੇ ਆਖਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਹੰਕਾਰ ਅਤੇ ੳੁਨ੍ਹਾਂ ਦੇ ਭਰਾ ਦਾ ਦਖ਼ਲ ਕਾਂਗਰਸ ਦਾ ਨੁਕਸਾਨ ਕਰ ਰਿਹਾ ਹੈ। ੳੁਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪ੍ਰਧਾਨ ਨੇ ਕਾਂਗਰਸ ਵਿੱਚ ਧੜੇਬੰਦੀ ਨੂੰ ਵਧਾਇਆ ਹੈ ਅਤੇ ਹਰ ਜ਼ਿਲ੍ਹੇ ਵਿੱਚ ਬਾਜਵਾ ਕਾਂਗਰਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਕਾਂਗਰਸ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਅੌਜਲਾ ਨੇ ਮੰਨਿਆ ਕਿ ਕਾਂਗਰਸ ਦਾ ਅੰਦਰੂਨੀ ਵਿਵਾਦ ਹੀ ਹਾਰ ਦਾ ਕਾਰਨ ਹੈ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੰਗੀ ਅਗਵਾਈ ਦੀ ਘਾਟ ਕਾਰਨ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਨ੍ਹਾਂ ਆਖਿਆ ਕਿ ਇਹ ਚਿੰਤਨ ਦਾ ਸਮਾਂ ਹੈ ਤਾਂ ਜੋ 2017 ਵਿੱਚ ਵਿਧਾਨ ਸਭਾ ਚੋਣਾਂ ਸਮੇਂ ਡਟ ਕੇ ਲੜਾਈ ਲੜੀ ਜਾ ਸਕੇ।

Facebook Comment
Project by : XtremeStudioz