Close
Menu

ਕਾਂਗਰਸੀ ਵਰਕਰਾਂ ਵੱਲੋਂ ਨਸ਼ਾ ਮਾਫ਼ੀਆ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਧਰਨਾ

-- 09 June,2015

ਹੈਰੋਇਨ ਸਮੇਤ ਕਾਬੂ ਕੀਤੇ ਪਰਮਿੰਦਰ ਮਿੰਟਾ ਮਾਮਲੇ ਦੀ ਐਸਆੲੀਟੀ ਜਾਂਚ ਮੰਗੀ

ਕਪੂਰਥਲਾ, 9 ਜੂਨ
ਪੁਲੀਸ, ਸਿਆਸਤਦਾਨ ਤੇ ਨਸ਼ਾ ਮਾਫੀਆ ਦੇ ਗਠਜੋੜ ਖ਼ਿਲਾਫ਼ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਜਲੰਧਰ ਪੁਲੀਸ ਵੱਲੋਂ ਢਾਈ ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਮਿੰਟਾ ਦੇ ਅਕਾਲੀ ਆਗੂਆਂ ਨਾਲ ਸਬੰਧ ਜੱਗ ਜ਼ਾਹਿਰ ਹਨ। ਉਨ੍ਹਾਂ ਇਸ ਮਾਮਲੇ ਦੀ ਐਸਆਈਟੀ ਪਾਸੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਦੋਸ਼ੀ ਬੱਚ ਕੇ ਨਾ ਨਿਕਲ ਸਕਣ ਤੇ ਨਸ਼ਾ ਸਮਗਲਰਾਂ ਨੂੰ ਸ਼ੈਅ ਦੇਣ ਵਾਲੇ ਸਿਆਸਤਦਾਨਾਂ ਦੀ ਪਛਾਣ ਹੋ ਸਕੇ। ਉਨ੍ਹਾਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਆਫ਼ ਇੰਡੀਆ ਨੂੰ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਥਿਤ ਦੋਸ਼ੀ ਇਹ ਹੈਰੋਇਨ ਕਿਥੋਂ ਪ੍ਰਾਪਤ ਕਰਦਾ ਸੀ ਤੇ ਕਿਥੇ ਸਪਲਾਈ ਕਰਦਾ ਸੀ। ਰਾਣਾ ਗੁਰਜੀਤ ਨੇ ਧਰਨੇ ਦੌਰਾਨ ਕਿਹਾ ਕਿ ਉਪਰੋਕਤ ਕਥਿਤ ਦੋਸ਼ੀ ਦੇ ਸਥਾਨਕ ਆਗੂਆਂ ਨਾਲ ਸਬੰਧ ਸਨ। ਇਸੇ ਕਰਕੇ ਉਸ ਨੂੰ ਪੁਲੀਸ ਨੇ ਨਾ ਫੜਿਆ ਤੇ ਨਾ ਹੀ ਦੂਸਰੇ ਜ਼ਿਲ੍ਹੇ ਦੀ ਪੁਲੀਸ ਨੇ ਕਾਬੂ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਭ੍ਰਿਸ਼ਟ ਪੁਲੀਸ ਅਫਸਰਾਂ ਦੀ ਨਸ਼ਾ ਮਾਫੀਆ ਨਾਲ ਮਿਲੀਭੁਗਤ ਹੈ। ਇਸੇ ਕਰਕੇ ਕਪੂਰਥਲਾ ਵਿੱਚ ਨਸ਼ਾ ਸਮਗਲਰਾਂ ਨੂੰ ਨਹੀਂ ਫੜਿਆ ਜਾ ਰਿਹਾ। ਉਨ੍ਹਾਂ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਤਿਆਰ ਕੀਤੀ ਰਿਪੋਰਟ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਭਾਵਸ਼ਾਲੀ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਕਿ ਦੋਸ਼ੀ ਭਾਵੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਉਸ ਨੂੰ ਬਚਾਉਣਾ ਨਹੀਂ ਚਾਹੀਦਾ। ਕੁਝ ਲੋਕ ਉਨ੍ਹਾਂ ਦੇ ਨਾਂ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਇਸ ਮੌਕੇ ਸੁਰਿੰਦਰ ਸਿੰਘ ਖਾਲਸਾ, ਗੁਰਦੀਪ ਸਿੰਘ ਬਿਸ਼ਨਪੁਰ, ਕੁਲਵੰਤ ਭੰਡਾਰੀ, ਮਨੋਜ ਭਸੀਨ, ਹਰਨੇਕ ਸਿੰਘ ਹੈਰੀ, ਦਵਿੰਦਰ ਪਾਲ ਸਿੰਘ ਰੰਗਾ, ਜਸਬੀਰ ਸਿੰਘ ਰੰਧਾਵਾ, ਪਵਨ ਕੁਮਾਰ ਅਗਰਵਾਲ, ਸਤਨਾਮ ਸਿੰਘ ਵਾਲੀਆ, ਦਾਰਾ ਰਾਮ, ਨਰਿੰਦਰ ਮਨਸੂ, ਤਰਸੇਮ ਲਾਲ, ਸਰਵਨ ਸਿੰਘ ਭੱਟੀ, ਦੀਪ ਸਿੰਘ, ਅਮਿਤ ਬੇਰੀ, ਠਾਕਰ ਦਾਸ, ਬਲਵਿੰਦਰ ਸਿੰਘ, ਜੋਗਿੰਦਰ ਬਿਲੂ ਤੋਂ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।

Facebook Comment
Project by : XtremeStudioz