Close
Menu

ਕਾਂਗਰਸ ਅਤੇ ਆਪ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਹੋਇਆ: ਮਜੀਠੀਆ

-- 24 December,2018

ਚੰਡੀਗੜ•/24 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਅਤੇ ਆਪ ਦੇ ਦੋ-ਦੋ ਚਿਹਰੇ ਹਨ। ਪਹਿਲਾ ਲੋਕ-ਪੱਖੀ ਚਿਹਰਾ ਸਿਰਫ ਦਿਖਾਵੇ ਲਈ ਹੈ ਜਦਕਿ ਮੌਕਾ ਮਿਲਦੇ ਹੀ ਉਹ ਆਪਣਾ ਦੂਜਾ ਲੋਕ-ਵਿਰੋਧੀ ਚਿਹਰਾ ਵਿਖਾ ਦਿੰਦੀਆਂ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਜਨਤਕ ਤੌਰ ਤੇ ਇਹ ਦੋਵੇਂ ਪਾਰਟੀਆਂ ਟੈਕਸ ਘਟਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰੰਤੂ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਇਹਨਾਂ ਦੋਵਾਂ ਨੇ ਜੀਐਸਟੀ ਦਰਾਂ ਘਟਾਉਣ ਦਾ ਸਖ਼ਤ ਵਿਰੋਧ ਕੀਤਾ ਸੀ।

ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜੀਐਸਟੀ ਦਰਾਂ ਘਟਾਏ ਜਾਣ ਦਾ ਵਿਰੋਧ ਕਰਨ ਲਈ ਕਾਂਗਰਸ ਅਤੇ ਆਪ ਇੱਕਜੁੱਟ ਹੋ ਗਈਆਂ ਸਨ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਸੇਧਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਕਿੰਨੀ ਦੇਰ ਤੋ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਕਹਿ ਕੇ ਇਸ ਦਾ ਵਿਰੋਧ ਕਰਦਾ ਆ ਰਿਹਾ ਹੈ, ਪਰੰਤੂ ਜਦੋਂ ਇਸ ਟੈਕਸ ਨੂੰ ਘਟਾਇਆ ਜਾ ਰਿਹਾ ਹੈ ਤਾਂ ਉਸ ਨੇ ਚੁੱਪੀ ਸਾਧ ਲਈ ਹੈ। ਇੰਨਾ ਹੀ ਨਹੀਂ, ਜੀਐਸਟੀ ਘਟਾਉਣ ਵਾਸਤੇ  ਜ਼ੋਰ ਲਗਾਉਣ ਦੀ ਥਾਂ ਉਸ ਨੇ ਆਪਣੇ ਆਦਮੀਆਂ ਨੂੰ ਜੀਐਸਟੀ ਦਰਾਂ ਘਟਾਉਣ ਦਾ ਵਿਰੋਧ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਬਦਕਿਸਮਤੀ ਨਾਲ 22 ਵਸਤਾਂ ਨੂੰ 28 ਫੀਸਦੀ ਦੇ ਦਾਇਰੇ ਵਿਚੋਂ ਕੱਢ ਕੇ 18 ਫੀਸਦੀ ਦੇ ਦਾਇਰੇ ਵਿਚ ਲਿਆਉਣ ਦੀ ਕਾਰਵਾਈ ਵਿਚ ਅੜਿੱਕੇ ਪਾਉਣ ਲਈ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਕਾਂਗਰਸੀ ਮੰਤਰੀਆਂ ਦੇ ਟੋਲੇ ਵਿਚ ਸ਼ਾਮਿਲ ਹੋ ਗਿਆ ਸੀ। ਉਹਨਾਂ ਕਿਹਾ ਕਿ ਕੋਈ ਵੀ ਮਨਪ੍ਰੀਤ ਤੋਂ ਗਰੀਬਾਂ ਦੇ ਹਿੱਤਾਂ ਦੀ ਰਾਖੀ ਦੀ ਉਮੀਦ ਨਹੀਂ ਕਰਦਾ, ਕਿਉਂਕਿ ਉਹ ਪੂਰੀ ਤਰਾਂ• ਗਰੀਬਾਂ ਦੇ ਖ਼ਿਲਾਫ ਹੈ। ਉਸ ਦਾ ਅਰਥ-ਸਾਸ਼ਤਰ ਹੀ ਗਰੀਬ-ਵਿਰੋਧੀ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਰਾਜ਼ ਸਾਰੇ ਜਾਣਦੇ ਹਨ ਕਿ ਹਾਲ ਹੀ ਵਿਚ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਇਹਨਾਂ ਪਾਰਟੀਆਂ ਨੇ 22 ਵਸਤਾਂ ਨੂੰ 28 ਫੀਸਦੀ ਦੇ ਦਾਇਰੇ ‘ਚੋਂ ਕੱਢ ਕੇ 18 ਫੀਸਦੀ ਦੇ ਦਾਇਰੇ ਅੰਦਰ ਲਿਆਉਣ ਦਾ ਵਿਰੋਧ ਕੀਤਾ ਸੀ। ਇਸ ਵਿਰੋਧ ਦੀ ਅਗਵਾਈ ਕਾਂਗਰਸੀ ਟੋਲੇ ਨੇ ਇਹ ਦਲੀਲ ਦਿੰਦਿਆਂ ਕੀਤੀ ਸੀ ਕਿ ਇਸ ਨਾਲ ਸੂਬਿਆਂ ਦੀ ਆਮਦਨ ਵੀ ਘਟ ਜਾਵੇਗੀ। ਪਰੰਤੂ ਜਦੋਂ ਵਿਰੋਧੀ ਧਿਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਉਹਨਾਂ ਦੇ ਵਿਰੋਧ ਨੂੰ ਮੀਟਿੰਗ ਦੀ ਕਾਰਵਾਈ ਦੇ ਵੇਰਵੇ ਵਿਚ ਸ਼ਾਮਿਲ ਕੀਤਾ ਜਾਵੇਗਾ ਤਾਂ ਉਹ ਪਿੱਛੇ ਹਟ ਗਏ। ਲੋਕਾਂ ਅੱਗੇ ਭੇਦ ਖੁੱਲਣ ਤੋਂ ਡਰੋਂ ਇਹਨਾਂ ਪਾਰਟੀਆਂ ਨੇ ਮਜ਼ਬੂਰੀਵੱਸ ਜੀਐਸਟੀ ਦਰਾਂ ਘਟਾਉਣ ਲਈ ਸਹਿਮਤੀ ਦਿੱਤੀ।

ਅਕਾਲੀ ਆਗੂ ਨੇ ਕਿਹਾ ਕਿ ਜੀਐਸੀਟੀ ਵਿਚ ਦਿੱਤੀ ਕਿਸੇ ਵੀ ਛੋਟ ਦਾ ਫਾਇਦਾ ਸਿੱਧਾ ਆਮ ਉਪਭੋਗਤਾ ਨੂੰ ਮਿਲਦਾ ਹੈ ਅਤੇ ਜੀਐਸਟੀ ਘਟਾਉਣ ਦਾ ਵਿਰੋਧ ਕਰਨਾ ਇੱਕ ਲੋਕ-ਵਿਰੋਧੀ ਕਦਮ ਹੈ। ਉਹਨਾਂ ਕਿਹਾ ਕਿ  ਕਾਂਗਰਸ, ਸੀਪੀਐਮ ਅਤੇ ਆਪ ਦਾ ਭਾਂਡਾ ਫੁੱਟ ਗਿਆ ਹੈ ਕਿ ਇਹ ਗਰੀਬਾਂ ਨਾਲ ਸਿਰਫ ਫੋਕੀ ਹਮਦਰਦੀ ਕਰਦੀਆਂ ਹਨ। ਜਦਕਿ ਅਸਲੀਅਤ ਵਿਚ ਗਰੀਬਾਂ ਦੀ ਭਲਾਈ ਲਈ ਕੀਤੇ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕਰਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਇਹ ਦਲੀਲ ਆਧਾਰਹੀਣ ਹੈ ਕਿ ਜੀਐਸਟੀ ਦਰਾਂ ਘਟਾਉਣ ਨਾਲ ਸਿਰਫ ਸੂਬਿਆਂ ਦੀ ਆਮਦਨ ਘਟੇਗੀ। ਜਦਕਿ ਟੈਕਸ ਦਰਾਂ ਦੀ ਕੀਤੀ ਕਮੀ ਨਾਲ ਕੇਂਦਰ ਸਰਕਾਰ ਦੀ ਆਮਦਨ ਉਤੇ ਵੀ ਮਾੜਾ ਪ੍ਰਭਾਵ ਪਵੇਗਾ।

ਅਕਾਲੀ ਆਗੂ ਨੇ ਕਿਹਾ ਕਿ ਹਾਲ ਹੀ ਵਿਚ ਐਨਡੀਏ ਸਾਸ਼ਿਤ ਸਾਰੇ ਸੂਬਿਆਂ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਸਥਾਨਕ ਟੈਕਸ ਘਟਾ ਦਿੱਤੇ ਸਨ, ਪਰੰਤੂ ਕਾਂਗਰਸ ਸਾਸ਼ਿਤ ਰਾਜਾਂ ਨੇ ਬੜੀ ਬੇਸ਼ਰਮੀ ਨਾਲ ਇਹੋ ਦਲੀਲ ਦਿੱਤੀ ਸੀ ਕਿ ਅਜਿਹਾ ਕਰਨ ਨਾਲ ਸੂਬਿਆਂ ਦੀ ਆਮਦਨ ਘਟ ਜਾਵੇਗੀ। ਉਹਨਾਂ ਕਿਹਾ ਕਿ ਵਿਰੋਧੀ ਧਿਰ ਇਸ ਤਰ•ਾਂ ਦੁਖੀ ਹੋ ਰਹੀ ਹੈ, ਜਿਵੇਂ ਟੈਕਸ ਘਟਾਉਣ ਨਾਲ ਸਿਰਫ ਕਾਂਗਰਸ ਸਾਸ਼ਿਤ ਸੂਬੇ ਹੀ ਪ੍ਰਭਾਵਿਤ ਹੋਣਗੇ ਜਦਕਿ ਅਸਲੀਅਤ ਵਿਚ ਕੇਂਦਰ ਸਰਕਾਰ ਸਮੇਤ ਸਾਰੇ ਸੂਬਿਆਂ ਉੱਤੇ ਇਕੋ ਜਿਹਾ ਅਸਰ ਪਵੇਗਾ। ਉਹਨਾਂ ਕਿਹਾ ਕਿ ਜਦੋਂ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਦੇ ਸਾਸ਼ਨ ਵਾਲੇ ਜ਼ਿਆਦਾਤਰ ਸੂਬੇ ਇਸ ਕਟੌਤੀ ਖਿੜੇ ਮੱਥੇ ਸਵੀਕਾਰ ਕਰ ਸਕਦੇ ਹਨ ਤਾਂ ਇਸ ਲੋਕਪੱਖੀ ਕਦਮ ਦਾ ਕਾਂਗਰਸ ਕਿਉਂ ਵਿਰੋਧ ਕਰਦੀ ਹੈ?

ਸਰਦਾਰ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਭਰੋਸਾ ਦੇ ਚੁੱਕੀ ਹੈ ਕਿ ਜਿਹਨਾਂ ਸੂਬਿਆਂ ਦੀ ਆਮਦਨ ਦੀ ਵਿਕਾਸ ਦਰ 14 ਫੀਸਦੀ ਤੋਂ ਥੱਲੇ ਹੈ ਤਾਂ ਉਹਨਾਂ ਦੀ ਭਰਪਾਈ ਕੀਤੀ ਜਾਵੇਗੀ। ਇਸ ਲਈ ਜੇਕਰ ਥੋੜ•ੀ ਬਹੁਤ ਆਮਦਨ ਘਟਦੀ ਹੈ ਤਾਂ  ਸੂਬਿਆਂ ਲਈ ਫ਼ਿਕਰ ਦੀ ਗੱਲ ਨਹੀਂ ਹੈ, ਸਗੋਂ ਸੂਬਿਆਂ ਨੂੰ ਆਪਣੀਆਂ ਸਾਰੀਆਂ ਲੋੜਾਂ ਵਾਸਤੇ ਕੇਂਦਰ ਵੱਲ ਵੇਖਣ ਦੀ ਥਾਂ ਆਪਣੇ ਵਿੱਤੀ ਸਰੋਤ ਵਧਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।  

Facebook Comment
Project by : XtremeStudioz