Close
Menu

ਕਾਂਗਰਸ ਅਤੇ ਭਾਜਪਾ ਦੀ ਚਾਬੀ ਅੰਬਾਨੀ ਭਰਾਵਾਂ ਕੋਲ : ਕੇਜਰੀਵਾਲ

-- 24 February,2014

Kejriwalਨਵੀਂ ਦਿੱਲੀ, 24 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਥੇ ਕਿਹਾ ਹੈ ਕਿ ਦੇਸ਼ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ, ਪਰ ਸੱਤਾ ਦੀ ਚਾਬੀ ਅੰਬਾਨੀ ਭਰਾਵਾਂ ਕੋਲ ਹੀ ਰਹਿੰਦੀ ਹੈ। ਉਨ੍ਹਾਂ ਦੋਵਾਂ ਭਰਾਵਾਂ ਦੇ ਵਿਦੇਸ਼ੀ ਬੈਂਕ ਖਾਤਿਆਂ ਦੇ ਨੰਬਰ ਜਨਤਕ ਕਰ ਦਿੱਤੇ। ਇਸੇ ਦੌਰਾਨ ਆਪ ਨੇ ਨਵੀਨ ਜੈਹਿੰਦ ਨੂੰ ਰੋਹਤਕ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ।
ਸ੍ਰੀ ਕੇਜਰੀਵਾਲ ਨੇ ਰੋਹਤਕ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰਾਜ ਵਿੱਚ ਲੋਕ ਸਭਾ ਤੇ ਰਾਜ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਕਿਸਾਨਾਂ, ਸਾਬਕਾ ਫੌਜੀਆਂ, ਔਰਤਾਂ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਜ਼ੋਰਦਾਰ ਹੰਭਲਾ ਮਾਰਿਆ। ਉਨ੍ਹਾਂ ਭਾਸ਼ਨ ਦੌਰਾਨ ਕੇਂਦਰ ਦੀ ਯੂਪੀਏ ਤੇ ਹਰਿਆਣਾ ਰਾਜ ਦੀ ਕਾਂਗਰਸ ਸਰਕਾਰ ਉਪਰ ਰੱਜ ਕੇ ਵਾਰ ਕੀਤੇ।
ਹੁੱਡਾ ਸੈਕਟਰ-6 ਦੇ ਮੈਦਾਨ ਵਿੱਚ ਸ੍ਰੀ ਕੇਜਰੀਵਾਲ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਤੇ 90 ਵਿਧਾਨ ਸਭਾ ਸੀਟਾਂ ਤੋਂ ਚੋਣਾਂ ਲੜੇਗੀ। ਉਨ੍ਹਾਂ ਰਾਜ ਸਰਕਾਰ ’ਤੇ ਵੱਡੇ ਸਨਅਤਕਾਰਾਂ ਦੇ ਹਿੱਤ ਵਿੱਚ ਕੰਮ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ। ਸੱਤਾ ਵਿੱਚ ਆਉਂਦਿਆਂ ਹੀ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਹੈ। ਰਾਜ ਵਿੱਚ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਹਰਿਆਣਾ ਬਹੁਤ ਅੱਗੇ ਹੈ। ਉਨ੍ਹਾਂ ਐਲਾਨ ਕੀਤਾ ਕਿ ‘ਆਪ’ ਦੇ ਸੱਤਾ ਵਿੱਚ ਆਉਣ ਮਗਰੋਂ ਪਿੰਡਾਂ ਵਿੱਚ ਉਦੋਂ ਤਕ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਜਾਣਗੇ ਜਦੋਂ ਤੱਕ ਔਰਤਾਂ ਮਤਾ ਪਾਸ ਕਰਕੇ ਨਹੀਂ ਦੇਣਗੀਆਂ। ਸਾਬਕਾ ਫੌਜੀਆਂ ਦੀਆਂ ਔਰਤਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਂਦਿਆਂ ਹੀ ਸਰਹੱਦ ’ਤੇ ਸ਼ਹੀਦ ਹੋਣ ਵਾਲੇ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਵੇਗੀ। ਇਸ ਤੋਂ ਪਹਿਲਾਂ ਗੁੜਗਾਉਂ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਯੋਗੇਂਦਰ ਯਾਦਵ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ, ਹਜਕਾਂ, ਭਾਜਪਾ ਤੇ ਇਨੈਲੋ ਇਕ ਹੀ ਥੈਲੇ ਦੇ ਚੱਟੇ-ਵੱਟੇ ਹਨ। ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਜਿੱਤ ਦਾ ਸਿਹਰਾ ਹਰਿਆਣਾ ਵਾਸੀਆਂ ਨੂੰ ਦਿੱਤਾ। ਸਾਬਕਾ ਮੰਤਰੀ ਰਾਖੀ ਬਿਰਲਾ ਨੇ ਆਜ਼ਾਦੀ ਦੀ ਦੂਜੀ ਲੜਾਈ ਦਿੱਲੀ ਮਗਰੋਂ ਹਰਿਆਣਾ ’ਚ ਸ਼ੁਰੂ ਹੋਣ ਦਾ ਐਲਾਨ ਕੀਤਾ।
ਨਵੀਨ ਜੈਹਿੰਦ ਰੋਹਤਕ ਤੋਂ ਉਮੀਦਵਾਰ: ਆਪ ਨੇ ਰੋਹਤਕ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਨਵੀਨ ਜੈਹਿੰਦ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉਹ ਲੰਮੇ ਸਮੇਂ ਤੋਂ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਰਹੇ ਤੇ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਉਹ ਅੰਨਾ ਕੋਰ ਕਮੇਟੀ ਦੇ ਮੈਂਬਰ ਵੀ ਸਨ।

Facebook Comment
Project by : XtremeStudioz