Close
Menu

ਕਾਂਗਰਸ ਅਦਾਰਿਆਂ ਨੂੰ ਬੇਇੱਜ਼ਤ ਕਰਨ ’ਚ ਵਿਸ਼ਵਾਸ ਰੱਖਦੀ ਹੈ: ਮੋਦੀ

-- 22 March,2019

ਨਵੀਂ ਦਿੱਲੀ, 22 ਮਾਰਚ
ਕਾਂਗਰਸ ’ਤੇ ਸੱਤਾ ’ਚ ਰਹਿੰਦਿਆਂ ਸੰਸਦ, ਨਿਆਂਪਾਲਿਕਾ, ਮੀਡੀਆ ਅਤੇ ਹਥਿਆਰਬੰਦ ਬਲਾਂ ਸਮੇਤ ਅਦਾਰਿਆਂ ਦੀ ਬੇਇੱਜ਼ਤੀ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 11 ਅਪਰੈਲ ਤੋਂ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੋਟ ਪਾਉਣ ਤੋਂ ਪਹਿਲਾਂ ਉਹ ਬੁੱਧੀਮਾਨੀ ਨਾਲ ਸੋਚ ਵਿਚਾਰ ਕਰਨ। ਪ੍ਰਧਾਨ ਮੰਤਰੀ ਨੇ ਬਲੌਗ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਰੇ ਨਿਜ਼ਾਮ ਨੂੰ ਬਦਲਦਿਆਂ ਅਦਾਰਿਆਂ ਨੂੰ ਵਧੇਰੇ ਤਰਜੀਹ ਦਿੱਤੀ। ਸ੍ਰੀ ਮੋਦੀ ਨੇ ਲਿਖਿਆ,‘‘ਤੁਸੀਂ ਜਦੋਂ ਵੋਟ ਪਾਉਣ ਜਾਉਗੇ ਤਾਂ ਬੀਤੇ ਨੂੰ ਯਾਦ ਰੱਖਣਾ ਅਤੇ ਕਿਵੇਂ ਇਕ ਪਰਿਵਾਰ ਦੀ ਸੱਤਾ ਲਈ ਲਾਲਸਾ ਨੇ ਰਾਸ਼ਟਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜੇਕਰ ਉਨ੍ਹਾਂ ਉਸ ਸਮੇਂ ਅਜਿਹਾ ਕੀਤਾ ਸੀ ਤਾਂ ਹੁਣ ਵੀ ਉਹ ਪੱਕੇ ਤੌਰ ’ਤੇ ਇੰਜ ਕਰ ਸਕਦੇ ਹਨ।’’ ਮੁੱਖ ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੰਸਦ ਤੋਂ ਲੈ ਕੇ ਪ੍ਰੈੱਸ, ਜਵਾਨਾਂ ਤੋਂ ਲੈ ਕੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ, ਸੰਵਿਧਾਨ ਤੋਂ ਲੈ ਕੇ ਅਦਾਲਤਾਂ ਤਕ ਦਾ ਕਾਂਗਰਸ ਨੇ ਅਪਮਾਨ ਕੀਤਾ। ਉਨ੍ਹਾਂ ਮੁਤਾਬਕ,‘‘ਮੁਲਕ ਨੇ ਦੇਖਿਆ ਹੈ ਕਿ ਜਦੋਂ ਕੁਨਬੇ ਦੀ ਸਿਆਸਤ ਤਾਕਤਵਰ ਰਹੀ ਹੈ ਤਾਂ ਸੰਸਥਾਵਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਗਿਆ।’’ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਯੂਪੀਏ ਨੇ ਆਪਣੇ ਰਾਜ ਦੌਰਾਨ ਅਜਿਹਾ ਕਾਨੂੰਨ ਲਿਆਂਦਾ ਸੀ ਜਿਸ ਨਾਲ ‘ਉਕਸਾਊ’ ਪੋਸਟ ਪਾਉਣ ’ਤੇ ਜੇਲ੍ਹ ਜਾਣਾ ਪੈ ਸਕਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧਾਰਾ 356 ਸੈਂਕੜੇ ਵਾਰ ਲਗਾਈ। ਸ੍ਰੀਮਤੀ ਇੰਦਰਾ ਗਾਂਧੀ ਨੇ ਕਰੀਬ 50 ਵਾਰ ਇਸ ਦੀ ਵਰਤੋਂ ਕੀਤੀ। ਜੇਕਰ ਉਨ੍ਹਾਂ ਨੂੰ ਕੋਈ ਸੂਬਾ ਸਰਕਾਰ ਜਾਂ ਆਗੂ ਪਸੰਦ ਨਹੀਂ ਆਉਂਦਾ ਸੀ ਤਾਂ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਜਾਂਦਾ ਸੀ। ਸਾਬਕਾ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਚਲਾਉਣ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਖ਼ਿਲਾਫ਼ ਕੋਈ ਫ਼ੈਸਲਾ ਜਾਂਦਾ ਸੀ ਤਾਂ ਉਹ ਇਸ ਨੂੰ ਰੱਦ ਕਰ ਦਿੰਦੇ ਸਨ ਫਿਰ ਜੱਜ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਲਿਆਉਣ ਬਾਰੇ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਕੈਗ, ਯੋਜਨਾ ਕਮਿਸ਼ਨ ਆਦਿ ਸੰਸਥਾਵਾਂ ਦਾ ਕਾਂਗਰਸ ਨੇ ਕਦੇ ਵੀ ਸਤਿਕਾਰ ਨਹੀਂ ਕੀਤਾ। ਇਸੇ ਤਰ੍ਹਾਂ ਸੀਬੀਆਈ, ਕਾਂਗਰਸ ਬਿਉਰੋ ਆਫ਼ ਇਨਵੈਸਟੀਗੇਸ਼ਨ ਬਣ ਗਈ ਸੀ ਜਿਸ ਨੂੰ ਸੰਸਦੀ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਖ਼ਿਲਾਫ਼ ਵਰਤਿਆ ਜਾਂਦਾ ਸੀ।

Facebook Comment
Project by : XtremeStudioz