Close
Menu

ਕਾਂਗਰਸ ਕੋਲ ਚੋਣਾਂ ਲਈ ਕੋਈ ਮੁੱਦਾ ਨਹੀਂ : ਅਕਾਲੀ ਦਲ

-- 07 October,2013

cheemaਚੰਡੀਗੜ੍ਹ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਲੰਮੇ ਸਮੇਂ ਤੋਂ ਭਾਈਵਾਲ ਅਤੇ ਸਫਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀਆਂ ਨੂੰ ਨਿੰਦਣ ਦੀ ਥਾਂ ਆਪਣੇ ਘਰ ਭਾਵ ਕਾਂਗਰਸ ਪਾਰਟੀ ਨੂੰ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਾਈਵਾਲ ਪਾਰਟੀਆਂ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾ ਇਕੱਠਿਆਂ ‘ਤੇ ਮਜ਼ਬੂਤੀ ਨਾਲ ਲੜਨਗੀਆਂ ਤੇ ਜਿੱਤਣਗੀਆਂ।

ਅੱਜ ਪ੍ਰੈਸ ਦੇ ਨਾਂ ਜਾਰੀ ਸਾਂਝੇ ਬਿਆਨ ‘ਚ ਡਾ ਚੀਮਾ ਅਤੇ ਸ. ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਆਉਣ ਵਾਲੀ ਚੋਣਾਂ ਲਈ ਕੋਈ ਵੀ ਰਾਜਨੀਤਿਕ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾ ਹੀ ਸੂਬੇ ਵਿਚ ਅਤੇ ਨਾ ਹੀ ਦੇਸ਼ ਵਿਚ ਅਗਵਾਈ ਕਰਨ ਦੇ ਸਮੱਰਥ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਨੇ ਹਮੇਸ਼ਾਂ ਹੀ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਅਤੇ ਕਦੇ ਵੀ ਸੁਹਿਰਦਤਾ ਨਹੀ ਵਿਖਾਈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਲਗਾਤਾਰ ਫਲਾਪ ਰਹਿਣ ਵਿੱਚੋ ਪੰਜਾਬ ਕਾਂਗਰਸ ਲੀਡਰਸ਼ਿਪ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੀ ਹੈ ਅਤੇ ਹੁਣ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਵਿਕਾਸ ਕਾਰਜ਼ਾਂ ਨੂੰ ਨਿੰਦਣਾ ਹੀ ਇਸ ਦਾ ਮੁੱਖ ਕੰਮ ਰਹਿ ਗਿਆ ਹੈ।

ਡਾ ਚੀਮਾ ਅਤੇ ਸ. ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਡੱਪਣ ਵਿਖਾਉਂਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਨੂੰ ਨਾਲ ਲੈ ਕੇ ਸ੍ਰੀ ਮੋਨਟੇਕ ਸਿੰਘ ਆਹਲੁਵਾਲਿਆ ਨੂੰ ਸੇਮ ਦੀ ਸਮੱਸਿਆ ਹਲ ਕਰਨ ਲਈ ਮਿਲੇ ਸਨ। ਉਨ੍ਹਾਂ ਕਿਹਾ ਕਿ ਇਹ ਸ.ਬਾਦਲ ਦੀ ਇਮਾਨਦਾਰੀ ਅਤੇ ਪਾਰਦਰਸ਼ਤਾ ਹੈ ਕਿ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਨੂੰ ਨਾਲ ਲੈ ਕੇ ਤੁਰਨ ਦੀ ਨਵੀਂ ਰੀਤ ਪਾਈ ਹੈ।

ਡਾ ਚੀਮਾ ਅਤੇ ਸ. ਗਰੇਵਾਲ ਨੇ ਪ੍ਰਤਾਪ ਸਿੰਘ ਬਾਜਵਾ ਦਾ ਅਸਤੀਫਾ ਮੰਗਦਿਆਂ ਕਿਹਾ ਕਿ ਉਹ ਹਰ ਮੁਹਾਜ ‘ਤੇ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਸੀਨੀਅਰ ਕਾਂਗਰਸੀ ਨੇਤਾ ਬਾਜਵਾ ਦੀ ਲੀਡਰਸ਼ਿਪ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਵਿਕਾਸ ਨੂੰ ਦੇਖ ਦਿਆਂ ਕਾਂਗਰਸ ਪਾਰਟੀ ਨੂੰ ਉੱਕਾ ਹੀ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਬਾਜਵਾ ਖਿਲਾਫ ਅਵਾਜ਼ ਬੁਲੰਦ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਪਾਰਟੀ ਨੇਤਾ ਹੀਣ ਪਾਰਟੀ ਬਣਕੇ ਰਹਿ ਗਈ ਹੈ।

Facebook Comment
Project by : XtremeStudioz