Close
Menu

ਕਾਂਗਰਸ ਤੇ ਭਾਜਪਾ ਵਰਕਰਾਂ ’ਚ ਝੜਪ; ਉਰਮਿਲਾ ਨੂੰ ਸੁਰੱਖਿਆ ਮਿਲੀ

-- 16 April,2019

ਮੁੰਬਈ, 16 ਅਪਰੈਲ
ਫ਼ਿਲਮਾਂ ਤੋਂ ਰਾਜਨੀਤੀ ਵਿੱਚ ਆਈ ਉਰਮਿਲਾ ਮਾਤੋਂਡਕਰ ਦੀ ਉੱਤਰੀ ਮੁੰਬਈ ਵਿੱਚ ਚੋਣ ਰੈਲੀ ਮੌਕੇ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਅੱਜ ਹੋਈਆਂ ਝੜਪਾਂ ਮਗਰੋਂ ਅਦਾਕਾਰਾ ਨੂੰ ਪੁਲੀਸ ਸੁਰੱਖਿਆ ਦਿੱਤੀ ਗਈ ਹੈ। ਪਹਿਲਾਂ ਉਰਮਿਲਾ ਨੇ ਪੁਲੀਸ ਕੋਲ ਪਹੁੰਚ ਕਰਕੇ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਸੀ। ਜ਼ੋਨ 11 ਦੇ ਡੀਸੀਪੀ ਸੰਗਰਾਮਸਿੰਹੁ ਨਿਸ਼ਾਨਦਰ ਨੇ ਦੱਸਿਆ, ‘‘ਸਾਨੂੰ ਮਾਤੋਂਡਕਰ ਵਲੋਂ ਪੁਲੀਸ ਸੁਰੱਖਿਆ ਲਈ ਅਰਜ਼ੀ ਮਿਲੀ ਸੀ ਅਤੇ ਉਨ੍ਹਾਂ ਨੂੰ ਚੋਣਾਂ ਹੋਣ ਤੱਕ ਪੁਲੀਸ ਸੁਰੱਖਿਆ ਦੇ ਦਿੱਤੀ ਗਈ ਹੈ।’’
ਪੁਲੀਸ ਨੇ ਦੱਸਿਆ ਕਿ ਇਹ ਝੜਪ ਬੋਰੀਵਲੀ ਰੇਲਵੇ ਸਟੇਸ਼ਨ ਨੇੜੇ ਹੋਈ, ਜਿੱਥੇ ਉੱਤਰੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਉਰਮਿਲਾ ਮਾਤੋਂਡਕਰ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਇੱਕ ਚਸ਼ਮਦੀਦ ਅਨੁਸਾਰ ਬੋਰੀਵਲੀ ਰੇਲਵੇ ਸਟੇਸ਼ਨ ਦੇ ਬਾਹਰ ਭਾਜਪਾ ਵਰਕਰਾਂ ਨੇ ਕਾਂਗਰਸੀ ਵਰਕਰਾਂ ਨਾਲ ਭਿੜਦਿਆਂ ‘ਮੋਦੀ’ ‘ਮੋਦੀ’ ਦੇ ਨਾਅਰੇ ਲਾਏ। ਇਸ ਹਲਕੇ ਤੋਂ ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਗੋਪਾਲ ਸ਼ੈਟੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਉਰਮਿਲਾ ਮਾਤੋਂਡਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਭਾਜਪਾ ਵਰਕਰ ਜਬਰੀ ਉਨ੍ਹਾਂ ਦੀ ਰੈਲੀ ਵਿਚ ਦਾਖ਼ਲ ਹੋਏ, ਜਿਸ ਕਰਕੇ ਉਨ੍ਹਾਂ ਨੇ ਆਪਣੀ ਸੁਰੱਖਿਆ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਭਾਜਪਾ ’ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਇਹ ਤਾਂ ਸ਼ੁਰੂਆਤ ਹੈ ਅਤੇ ਇਹ ਹਿੰਸਕ ਰੂੁਪ ਵੀ ਧਾਰਨ ਕਰ ਸਕਦੀ ਹੈ। ਇਸ ਕਰਕੇ ਮੈਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲੀਸ ਤੋਂ ਸੁਰੱਖਿਆ ਵੀ ਮੰਗੀ ਹੈ ਕਿਉਂਕਿ ਮੇਰੀ ਜਾਨ ਨੂੰ ਖ਼ਤਰਾ ਹੈ।’’ ਉਨ੍ਹਾਂ ਕਿਹਾ ਕਿ ਰੈਲੀ ਵਿੱਚ ਜਬਰੀ ਦਾਖ਼ਲ ਹੋਣ ਵਾਲੇ ਆਮ ਲੋਕ ਨਹੀਂ ਸਨ ਬਲਕਿ ਭਾਜਪਾ ਵਰਕਰ ਸਨ ਕਿਉਂਕਿ ਆਮ ਲੋਕ ਇਸ ਤਰ੍ਹਾਂ ਹਿੰਸਕ ਨਹੀਂ ਹੁੰਦੇ। ਉਨ੍ਹਾਂ ਕਿਹਾ, ‘‘ਸਾਡੀ ਰੈਲੀ ਦਾ ਵਿਰੋਧ ਕਰਨ ਵਾਲਿਆਂ ਨੇ ਭੱਦਾ ਨਾਚ ਕੀਤਾ ਅਤੇ ਗਾਲ੍ਹਾਂ ਕੱਢੀਆਂ। ਸ਼ਾਇਦ ਉਹ ਸਾਡੇ ਨਾਲ ਚੱਲ ਰਹੀਆਂ ਮਹਿਲਾਵਾਂ ਨੂੰ ਡਰਾਉਣਾ ਚਾਹੁੰਦੇ ਸਨ।’’

Facebook Comment
Project by : XtremeStudioz