Close
Menu

ਕਾਂਗਰਸ ਦਾ ਭੋਗ ਪਾਉਣ ਲਈ ਰਾਹੁਲ ਗਾਂਧੀ ਦਾ ਅੱਗੇ ਆਉਣਾ ਜ਼ਰੂਰੀ: ਮਜੀਠੀਆ

-- 09 September,2013

majithia fzr

ਜਲੰਧਰ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਲਈ ਯੋਗ ਕਾਂਗਰਸੀ ਉਮੀਦਵਾਰ ਦੱਸੇ ਜਾਣ ਨੂੰ ‘ਕਠਪੁਤਲੀ ਸਿਆਸਤ ਦਾ ਡਰਾਪਸੀਨ’ ਕਰਾਰ ਦਿੰਦਿਆਂ ਕਿਹਾ  ਕਿ ਦੇਸ਼ ਭਰ ਵਿਚ ਭ੍ਰਿਸ਼ਟ ਤੇ ਲੋਕ-ਮਾਰੂ ਕਾਂਗਰਸ ਦਾ ਭੋਗ ਪਾਉਣ ਲਈ ਰਾਹੁਲ ਗਾਂਧੀ ਦਾ ਅੱਗੇ ਆਉਣਾ ਜ਼ਰੂਰੀ ਹੈ। ਅੱਜ ਜਾਰੀ ਇਕ ਬਿਆਨ ਰਾਹੀਂ ਤਿੱਖੇ ਵਿਅੰਗ-ਬਾਣ ਦਾਗਦਿਆਂ ਮਜੀਠੀਆ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਭਲੀ-ਭਾਂਤ ਪਤਾ ਸੀ ਕਿ ਗਾਂਧੀ ਪਰਿਵਾਰ ਵੱਲੋਂ ਡਾ. ਮਨਮੋਹਨ ਸਿੰਘ ਨੂੰ ਕਠਪੁਤਲੀ ਦੇ ਰੂਪ ਵਿਚ ਸਾਹਮਣੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਕੇ ਜੋ ਸਿਆਸੀ ਨਾਟਕ ਖੇਡਿਆ ਜਾ ਰਿਹਾ ਸੀ, ਉਸ ਦਾ ‘ਕਲਾਈਮੈਕਸ ਦ੍ਰਿਸ਼’ ਇਹੋ ਹੀ ਹੋ ਸਕਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਡਾ. ਮਨਮੋਹਨ ਸਿੰਘ ਦੇ ਇਸ ਰੂਪ ‘ਤੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਉਨ੍ਹਾਂ ਨੂੰ ਖੁਸ਼ਾਮਦੀ ਸਿਆਸਤ ਦੀ ਇਸ ਕਾਂਗਰਸੀ ਨੌਟੰਕੀ ਵਿਚ ਇੰਨੀ ਕੁ ਹੀ ਭੂਮਿਕਾ ਨਿਭਾਉਣ ਦਾ ਆਦੇਸ਼ ਸੀ। ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਂਗਰਸੀ ਉਮੀਦਵਾਰ ਬਣਾਉਣਾ ਭਾਵੇਂ ਦੇਸ਼ ਵਿਚੋਂ ਕਾਂਗਰਸ ਦੀਆਂ ਸਫਾਂ ਲਪੇਟਣ ਵਿਚ ਸਹਾਈ ਹੋਵੇਗਾ ਪਰ ਵਿਰੋਧੀ ਪਾਰਟੀਆਂ ਲਈ ਇਹ ਸ਼ੁਭ-ਸੰਕੇਤ ਸਾਬਿਤ ਹੋਵੇਗਾ ਕਿਉਂਕਿ ਕਾਂਗਰਸੀ ਯੁਵਰਾਜ ਦਾ ਹੁਣ ਤਕ ਦਾ ਸਿਆਸੀ ਇਤਿਹਾਸ ਰਿਹਾ ਹੈ ਕਿ ਉਹ ਜਿੱਥੇ ਵੀ ਕਾਂਗਰਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਮਕਸਦ ਨਾਲ ਗਿਆ, ਉੱਥੇ ਹੀ ਕਾਂਗਰਸ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕਾਰਨ ਬਣਿਆ। ਮਜੀਠੀਆ ਨੇ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਦਲਦਲ, ਮਹਿੰਗਾਈ ਦੇ ਹਨੇਰੇ ਅਤੇ ਗ਼ੁਰਬਤ ਦੇ ਸੰਤਾਪ ਵਿਚ ਸੁੱਟਣ ਵਾਲੀ ਕਾਂਗਰਸ ਪਾਰਟੀ ਕੋਲ ਹੁਣ ‘ਉਤਰ ਕਾਂਟੋ ਮੈਂ ਚੜ੍ਹਾਂ’ ਦੀ ਅੰਦਰੂਨੀ ਸਿਆਸੀ ਖੇਡ ਖੇਡਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇਸ਼ ਦੀ ਡਾਵਾਂਡੋਲ ਹੋਈ ਆਰਥਿਕ ਸਥਿਤੀ, ਮਹਾ-ਘਪਲਿਆਂ, ਭ੍ਰਿਸ਼ਟਤੰਤਰ, ਕਾਲੇ ਧਨ ਅਤੇ ਮਹਿੰਗਾਈ ਦੀ ਮਾਰ ਕਾਰਨ ਕੁਰਲਾ ਰਹੀ ਜਨਤਾ ਦਾ ਧਿਆਨ ਹੋਰ ਪਾਸੇ ਲਾਉਣ ਦਾ ਚਲਾਕੀ ਭਰਿਆ ਯਤਨ ਹੈ, ਜਿਸਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਵਜੋਂ ਪੇਸ਼ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਵਿਚ ਸੂਝਵਾਨ, ਦੂਰਅੰਦੇਸ਼ ਅਤੇ ਮਜ਼ਬੂਤ ਲੀਡਰਸ਼ਿਪ ਦੀ ਕਿੱਲਤ ਹੈ, ਜੋ ਕਾਂਗਰਸ ਪਾਰਟੀ ਦਾ ਬਿਸਤਰਾ ਗੋਲ ਕਰਨ ਅਤੇ ਕਾਂਗਰਸ ਵਿਰੋਧੀਆਂ ਦੀ ਵੱਡੀ ਜਿੱਤ ਦਾ ਮੁੱਢ ਬੰਨ੍ਹੇਗੀ।

Facebook Comment
Project by : XtremeStudioz