Close
Menu

ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਮਾਲੀ ਤੰਗਹਾਲੀ ‘ਤੇ ਸਫ਼ੈਦ ਪੇਪਰ ਜਾਰੀ ਕਰੇ-ਸੁਖਬੀਰ

-- 07 August,2013

1-2

ਨਵਾਂਸ਼ਹਿਰ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਦੇਸ਼ ਵਿੱਚ ਪੈਦਾ ਕੀਤੀ ਮਾਲੀ ਤੰਗਹਾਲੀ ਜਿਸ ਕਾਰਨ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਅੰਤਰਰਾਸ਼ਟਰੀ ਮਾਰਕੀਟ ਵਿੱਚ 62 ਰੁਪਏ ਨੇੜੇ ਪੁੱਜ ਗਈ ਹੈ, ‘ਤੇ ਸਫ਼ੈਦ ਪੇਪਰ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ।

ਨਵਾਂਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 460 ਸਰਪੰਚਾਂ ਅਤੇ 2740 ਪੰਚਾਂ ਨੂੰ ਸਹੁੰ ਚੁਕਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਰਥਿਕਤਾ ਵਿੱਚ ਆ ਰਿਹਾ ਨਿਘਾਰ ਦੇਸ਼ ਦੇ ਹਰੇਕ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਨਿਵੇਸ਼ਕਰਤਾ ਮੌਜੂਦਾ ਸਥਿਤੀ ਵਿੱਚ ਦੇਸ਼ ਤੋਂ ਬਾਹਰ ਜਾਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਰੁਪਏ ਦੀ ਕੀਮਤ ਵਿੱਚ ਤੇਜ਼ੀ ਨਾਲ ਗਿਰਾਵਟ ਆਉਣ ਦਾ ਸਿੱਧਾ ਪ੍ਰਭਾਵ ਮਹਿੰਗਾਈ     ‘ਤੇ ਪੈ ਰਿਹਾ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਸਥਿੱਤੀ ਤੇਜ਼ੀ ਨਾਲ ਡਾਵਾਂਡੋਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੰਗਾਲ ਹੋਈ ਕੇਂਦਰ ਸਰਕਾਰ ਲੋਕਾਂ ਦਾ ਵਿਸ਼ਵਾਸ਼ ਗੁਆ ਚੁੱਕੀ ਹੈ ਅਤੇ ਸਥਿਤੀ ਇਸ ਕਦਰ ਗੰਭੀਰ ਹੈ ਕਿ ਨਿਵੇਸ਼ਕਰਤਾ ਜਨਤਕ ਖੇਤਰ ਦੇ ਪ੍ਰਮੁੱਖ ਸ਼ੇਅਰ ਡਿੱਗੀ ਹੋਈ ਕੀਮਤ ‘ਤੇ ਵੀ ਲੇਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਇੱਕ ਅਰਥਸ਼ਾਸਤਰੀ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਦੇਸ਼ ਦਾ ਆਰਥਿਕ ਨਿਘਾਰ ਦਰਸਾਉਂਦਾ ਹੈ ਕਿ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਿੱਚ ਤਾਲਮੇਲ ਦੀ ਵੱਡੇ ਪੱਧਰ’ ਤੇ ਘਾਟ ਹੈ।

ਕੇਂਦਰ ਸਰਕਾਰ ‘ਤੇ ਆਮ ਆਦਮੀ ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਨੂੰ ਮਹਿੰਗਾਈ ਦੇ ਵਾਧੇ ਨਾਲ ਜੋੜ ਕੇ ਤੇਲ ਕੰਪਨੀਆਂ ਦੇ ਘਰ ਭਰੇ ਜਾ ਰਹੇ ਹਨ, ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦੀ ਖੇਤੀ ਉਤਪਾਦਾਂ ਦੇ ਘੱਟੋ-ਘੱਟ ਭਾਅ ਥੋਕ ਕੀਮਤ ਸੂਚਕ ਅੰਕ ਨਾਲ ਜੋੜਨ ਦੀ ਮੰਗ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਜਾਂਦਾ ਹੈ। ਸੂਬਾਈ ਕਾਂਗਰਸ ਪ੍ਰਧਾਨ ਦੇ ਸੂਬੇ ਵਿੱਚ ਆਰਥਿਕ ਸੰਕਟ ਦੀ ਬਿਆਨਬਾਜ਼ੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਡਿਪਟੀ ਮੁੱਖ ਮੰਤਰੀ ਨੇ ਚੁਣੌਤੀ ਦਿੱਤੀ ਕਿ ਪ੍ਰਤਾਪ ਸਿੰਘ ਬਾਜਵਾ ਮਨਮੋਹਨ ਸਿੰਘ ਸਰਕਾਰ ਵੱਲੋਂ ਪੈਦਾ ਕੀਤੀ ਆਰਥਿਕ ਗਿਰਾਵਟ ਦੀ ਸਥਿਤੀ ਨੂੰ ਸਪੱਸ਼ਟ ਕਰਨ ਕਿਉਂ ਜੋ ਇਹੀ ਸਥਿਤੀ ਰਾਜਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਦੀ ਅਕਾਲੀ ਦਲ ਵਿੱਚ ਸ਼ਮੂਲੀਅਤ ਦੇ ਸੁਆਲ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਗਲੇ ਕੁੱਝ ਹਫ਼ਤਿਆਂ ਵਿੱਚ ਕਾਂਗਰਸ ਦੇ ਮੌਜੂਦਾ ਤੇ ਸਾਬਕਾ 5-6 ਵਿਧਾਇਕ ਅਕਾਲੀ ਦਲ ਵਿੱਚ ਆਉਣ ਦੀ ਤੀਬਰਤਾ ਨਾਲ ਉਡੀਕ ਕਰ ਰਹੇ ਹਨ। ਪਰ ਉਨ੍ਹਾਂ ਨੇ ਅਜਿਹੇ ਵਿਧਾਇਕਾਂ ਦਾ ਨਾਮ ਅਤੇ ਸਹੀ ਗਿਣਤੀ ਜਨਤਕ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੀਡੀਆਂ ਨੂੰ ਅਗਲੇ ਦਿਨਾਂ ਵਿੱਚ ਇਸ ਦੀ ਉਡੀਕ ਕਰਨੀ ਪਵੇਗੀ।

ਉੱਪ ਮੁੱਖ ਮੰਤਰੀ ਅਨੁਸਾਰ ਪੰਜਾਬ ਸਰਕਾਰ ਜਲਦ ਹੀ ਨਿਗਮਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਦਾ ਨਾਂ ਐਲਾਨ ਦੇਵੇਗੀ ਅਤੇ ਇਨ੍ਹਾਂ ਦੀ ਸੂਚੀ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਰੇਤ ਨਿਕਾਸੀ ਦੇ ਸੁਆਲ ‘ਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਇਨ੍ਹਾਂ ਖੱਡਾਂ ਨੂੰ ਦਿੱਤੀ ਜਾਣ ਵਾਲੀ ਵਾਤਾਵਰਣ ਕਲੀਅਰੈਂਸ ਵਿੱਚ ਕੀਤੀ ਜਾ ਰਹੀ ਦੇਰੀ ਹੀ ਲਘੂ ਖਣਿੱਜਾਂ ਦੇ ਬਣਾਵਟੀ ਅਕਾਲ ਲਈ ਜ਼ਿੰਮੇਂਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਰੇਤ ਦੀ ਸਪਲਾਈ ਨੂੰ ਥਹੁ-ਸਰਿ ਕਰਨ ਲਈ ਈ-ਆਕਸ਼ਨ ਕਰਨ ਦਾ ਫ਼ੈਸਲਾ ਲਿਆ ਤਾਂ ਕੇਂਦਰੀ ਵਾਤਾਵਰਣ ਮੰਤਰਾਲੇ ਦੀਅਸਾਂ ਸਖ਼ਤ ਹਦਾਇਤਾਂ ਨੇ ਸਰਕਾਰ ਦੇ ਹੱਥ ਬੰਨ੍ਹ ਦਿੱਤੇ।

ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਤੋਂ ਜਾਣੂ ਹੈ ਅਤੇ ਇਸੇ ਲਈ ਅਧਿਆਪਕ ਭਰਤੀ ਬੋਰਡ (ਟੀਚਰ ਰਿਕਰੂਟਮੈਂਟ ਬੋਰਡ)  ਬਣਾਇਆ ਗਿਆ ਹੈ ਜੋ ਕਿ 21 ਹਜ਼ਾਰ ਅਸਾਮੀਆਂ ਨੂੰ ਛੇਤੀ ਹੀ ਭਰਨ ਦੀ ਪ੍ਰਕਿਰਿਆ ਆਰੰਭੇਗਾ। ਉਨ੍ਹਾ ਨੇ ਕਾਂਗਰਸ ਸਰਕਾਰ ‘ਤੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਰਾਜ ਵਿੱਚ ਇੱਕ ਵੀ ਅਧਿਆਪਕ ਨਾ ਭਰਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 1.5 ਲੱਖ ਅਧਿਆਪਕਾਂ ਦੀ ਭਰਤੀ ਕੀਤੀ ਜਿਸ ਵਿੱਚੋਂ 73 ਹਜ਼ਾਰ ਇੱਕਲੇ ਪਿਛਲੇ ਪੰਜ ਸਾਲਾਂ ਵਿੱਚ ਭਰਤੀ ਕੀਤੇ ਗਏ। ਉਨ੍ਹਾ ਕਿਹਾ ਕਿ ਭਰਤੀ ਪ੍ਰਕਿਰਿਆ ਕੇਵਲ ਮੈਰਿਟ ‘ਤੇ ਪੂਰੀ ਪਾਰਦਰਸ਼ੀ ਹੋਵੇਗੀ।

ਦੋਆਬਾ ਖੇਤਰ ਲਈ ਵੱਡੀ ਸਿੰਚਾਈ ਯੋਜਨਾ ਦਾ ਐਲਾਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਾਜ ਸਰਕਾਰ ਨੇ 210 ਕਰੋੜ ਰੁਪਏ ਦੇ ਬਿਸਤ-ਦੁਆਬ ਨਹਿਰ ਦੀ ਮੁਰੰਮਤ (ਰੀਲਾਈਨਿੰਗ) ਦਾ ਪ੍ਰਾਜੈਕਟ ਮਨਜ਼ੂਰ ਕੀਤਾ ਹੈ। ਇਸ ਤੋਂ ਇਲਾਵਾ ਕੰਢੀ ਇਲਾਕੇ ਵਿੱਚ ਕੰਢੀ ਨਹਿਰ ਦੇ ਦੂਜੇ ਪੜਾਅ ‘ਤੇ ਕੰਮ ਸ਼ੁਰੂ ਕੀਤੇ ਜਾਣ ਤੋਂ ਇਲਾਵਾ 300 ਡੂੰਘੇ ਟਿਊਬਵੈੱਲ ਲਾ ਕੇ ਚਲਾਉਣ ਦਾ ਕੰਮ ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਆਈ.ਏ.ਐਸ. ਦੁਰਗਾ ਸ਼ਕਤੀ ਨਾਗਪਾਲ ਦੇ ਮਾਮਲੇ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮੁੱਦਾ ਮੀਡੀਆ ਰਾਹੀਂ ਹੀ ਆਇਆ ਹੋਣ ਕਾਰਨ, ਉਹ ਇਸ ਦੀ ਪੂਰੀ ਜਾਣਕਾਰੀ ਲਏ ਬਿਨਾਂ ਕੋਈ ਟਿੱਪਣੀ ਨਹੀਂ ਕਰ ਸਕਦੇ।

ਗੁਜਰਾਤ ਦੇ ਪੰਜਾਬੀ ਕਿਸਾਨਾਂ ਦੀ ਹੋਣੀ ਬਾਰੇ ਉਨ੍ਹਾਂ ਨੂੰ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਇਸ ਮੁੱਦੇ ‘ਤੇ ਉਨ੍ਹਾਂ ਦੀ ਰਾਜਨੀਤਕ ਤੇ ਕਾਨੂੰਨੀ ਮੁਹਾਜ਼ ‘ਤੇ ਹਰ ਤਰ੍ਹਾਂ ਦੀ ਸਹਾਇਤਾ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਪੰਜਾਬ ਦੇ ਸਾਰੇ ਬਸ਼ਿੰਦਿਆਂ ਲਈ ਸਿਹਤ ਇਲਾਜ ਬੀਮਾ ਯੋਜਨਾ ਮੁਹੱਈਆ ਕਰਵਾਉਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਸੁਵਿਧਾ ਦੇਣ ਵਾਲਾ ਪਹਿਲਾ ਸੂਬਾ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 30 ਹਜ਼ਾਰ ਰੁਪਏ ਦਾ ਸਲਾਨਾ ਮੁਫ਼ਤ ਇਲਾਜ ਸੂਬੇ ਵਿੱਚ 30 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ (15 ਲੱਖ ਮੌਜੁਦਾ ਅਤੇ 15 ਲੱਖ ਹੋਰ ਜਿਨ੍ਹਾਂ ਨੂੰ ਆਟਾ ਦਾਲ ਸਹੂਲਤ ਦਿੱਤੀ ਜਾਣੀ ਹੈ) ਨੂੰ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਇਸ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਇਕੱਲੇ ਥਰਮਲ ਪਲਾਂਟਾਂ ਦੀ ਨਵਉਸਾਰੀ ‘ਤੇ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ ਅਤੇ 4-5 ਮਹੀਨਿਆਂ ਵਿੱਚ ਇਨ੍ਹਾਂ ਦੇ ਇੱਕ-ਇੱਕ ਯੂਨਿਟ ਦੇ ਚਾਲੂ ਹੋਣ ਨਾਲ ਸੂਬੇ ਵਿੱਚ ਬਿਜਲੀ ਸਰਪਲੱਸ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਚਾਰ ਮਹੀਨਿਆਂ ਵਿੱਚ ਪੰਜਾਬ ਦੀਆਂ ਸਾਰੀਆਂ ਲਿੰਕ ਸੜ੍ਹਕਾਂ 1700 ਕਰੋੜ ਰੁਪਏ ਖਰਚ ਕਰਕੇ ਮੁਰੰਮਤ ਕਰ ਦਿੱਤੀਆਂ ਜਾਣਗੀਆਂ।

ਫ਼ਗਵਾੜਾ-ਰੋਪੜ ਮਾਰਗ ਨੂੰ ਚਹੁੰਮਾਰਗੀ ਕਰਨ ਦੇ 1400 ਕਰੋੜ ਰੁਪਏ ਤੋਂ ਵਧੇਰੇ ਦੇ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਅਗਲੇ ਦੋ ਮਹੀਨੇ ਵਿੱਚ ਟੈਂਡਰ ਪ੍ਰਕਿਰਿਆ ਵਿੱਚੋਂ ਲੰਘਣ ਉਪਰੰਤ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਅਗਲੇ 3 ਸਾਲਾਂ ਵਿੱਚ ਪੰਜਾਬ ਦੇ ਸਾਰੇ ਮੁੱਖ ਮਾਰਗਾਂ ਨੂੰ 4 ਤੇ 6 ਮਾਰਗੀ ਬਣਾਉਣ ‘ਤੇ 12 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਖਰਚੇ ਜਾਣਗੇ। ਉਨ੍ਹਾਂ ਨੇ ਨਵੇਂ ਬਣੇ ਸਰਪੰਚਾਂ-ਪੰਚਾਂ ਨੂੰ ਵਧਾਈ ਦਿੰਦਿਆਂ,  ਛੇਤੀ ਹੀ ਰਾਜ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤਾਂ ਬਾਰੇ ਮਂੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਮੁੱਖ ਸੰਸਦੀ ਸਕੱਤਰ ਵਣ ਤੇ ਜੰਗਲੀ ਜੀਵ ਚੌ. ਨੰਦ ਲਾਲ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਵਿਧਾਇਕ ਰੂਪਨਗਰ ਡਾ. ਦਲਜੀਤ ਸਿੰਘ ਚੀਮਾ, ਸਤਿੰਦਰ ਕੌਰ ਕਰੀਹਾ ਹਲਕਾ ਇੰਚਾਰਜ ਨਵਾਂਸ਼ਹਿਰ, ਮੋਹਣ ਸਿੰਘ ਬੰਗਾ ਹਲਕਾ ਇੰਚਾਰਜ ਬੰਗਾ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਥਿਆੜਾ, ਜਗਤੇਸ਼ਵਰ ਸਿੰਘ ਮਜੀਠੀਆ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਵੀ ਮੌਜੂਦ ਸਨ।

Facebook Comment
Project by : XtremeStudioz