Close
Menu

ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

-- 06 August,2013

dycm1

ਚੰਡੀਗੜ੍ਹ, 6 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਕਾਂਗਰਸ ਨੂੰ ਮਾਲਵਾ ਖੇਤਰ ਅਤੇ ਖਾਸਕਰ ਫ਼ਰੀਦਕੋਟ ਸੰਸਦੀ ਹਲਕੇ ‘ਚ ਵੱਡਾ ਧੱਕਾ ਲੱਗਾ ਜਦੋਂ ਇਸ ਖਿੱਤੇ ਦੇ ਸੀਨੀਅਰ ਦਲਿਤ ਆਗੂਆਂ ‘ਚੋਂ ਇੱਕ ਸ. ਅਜੀਤ ਸਿੰਘ ਸ਼ਾਂਤ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ।


ਸ. ਸ਼ਾਂਤ ਜੋ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਿਹਾਲਸਿੰਘਵਾਲਾ ਤੋਂ 600 ਦੇ ਲਗਭਗ ਮਾਮੂਲੀ ਫਰਕ ਨਾਲ ਚੋਣ ਹਾਰ ਗਏ ਸਨ, ਨੂੰ ਫ਼ਰੀਦਕੋਟ ਸੰਸਦੀ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦਾ ਠੋਸ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਹ ਇਸ ਵਕਤ ਨਿਹਾਲਸਿੰਘਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵੀ ਸਨ।

ਸ. ਸ਼ਾਂਤ ਅਤੇ ਉਨ੍ਹਾਂ ਦੇ ਨਾਲ ਪੁੱਜੇ ਉਨ੍ਹਾਂ ਦੇ ਸਮੱਰਥਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤ ਸੰਮਤੀ ਮੈਂਬਰ ਅਤੇ ਪੰਚਾਂ-ਸਰਪੰਚਾਂ ਦਾ ਪਾਰਟੀ ਸਫਾ ‘ਚ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਪੱਧਰ ‘ਤੇ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਅਤੇ ਇਹ ਇਸੇ ਦਾ ਸਿੱਟਾ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਵੀ ਲਗਾਤਾਰ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਦੌਰਾਨ ਕੁਝ ਹੋਰ ਸੀਨੀਅਰ ਕਾਂਗਰਸੀ ਆਗੂ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿੰਨ੍ਹਾਂ ਨਾਲ ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠਾ ਵੀ ਸ਼ਾਮਿਲ ਸਨ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਤਰ੍ਹਾਂ ਆਪਣੀਆਂ ਨਾਕਾਮੀਆਂ ਦੇ ਚੱਲਦਿਆਂ ਲੋਕਾਂ ਦਾ ਵਿਸ਼ਵਾਸ ਗਵਾ ਰਹੀ ਹੈ ਅਤੇ ਬੌਖਲਾਹਟ ‘ਚ ਆਪਣੇ-ਆਪ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਰਾਸਤੇ ‘ਤੇ ਤੁਰ ਪਈ ਹੈ ਉਸ ਦੇ ਚੱਲਦਿਆਂ ਸੂਝਬੂਝ ਵਾਲੇ ਕਾਂਗਰਸੀ ਆਗੂਆਂ ਕੋਲ ਕਾਂਗਰਸ ਛੱਡਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਹਿ ਗਿਆ।

ਇਸ ਮੌਕੇ ਸ. ਅਜੀਤ ਸਿੰਘ ਸ਼ਾਂਤ ਨੇ ਕਿਹਾ ਕਿ ਉਹ ਕਾਂਗਰਸ ਅੰਦਰ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਅਪਣਾਏ ਗਏ ਫਾਈਵ ਸਟਾਰ ਕਲਚਰ ‘ਚ ਆਪਣੇ ਆਪ ਨੂੰ ਫਿਟ ਨਹੀਂ ਸੀ ਕਰ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਜੋ ਲੋਕ ਪੰਚਾਇਤ ਪੱਧਰ ਦੀ ਚੋਣ ਜਿੱਤਣ ਦੀ ਸਮਰੱਥਾ ਨਹੀਂ ਰੱਖਦੇ ਉਨ੍ਹਾਂ ਨੂੰ ਦਿੱਲੀ ‘ਚ ਹਾਈ ਕਮਾਂਡ ਵੱਲੋਂ ਅਹਿਮੀਅਤ ਦਿੱਤੀ ਜਾ ਰਹੀ ਹੈ ਜਦੋਂ ਕਿ ਉਨ੍ਹਾਂ ਵਰਗੇ ਜ਼ਮੀਨੀ ਪੱਧਰ ‘ਤੋਂ ਉੱਠ ਕੇ ਆਪਣੀ ਕਾਬਲੀਅਤ ਸਾਬਿਤ ਕਰਨ ਵਾਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2009 ਦੀਆਂ ਲੋਕ ਸਭਾ ਚੋਣਾਂ ਲਈ ਫ਼ਰੀਦਕੋਟ ਤੋਂ ਉਨ੍ਹਾਂ ਦਾ ਨਾਂਅ ਪਾਰਟੀ ਟਿਕਟ ਲਈ ਵਿਚਾਰਿਆ ਗਿਆ ਸੀ ਪਰ ਉਨ੍ਹਾਂ ਨੂੰ ਸਿਰਫ ਇਸ ਕਰਕੇ ਟਿਕਟ ਨਹੀਂ ਦਿੱਤੀ ਗਈ ਕਿ ਉਹ ਇਸ ਚੋਣ ਦੌਰਾਨ ਖਰਚਾ ਨਹੀਂ ਕਰ ਸਕਣਗੇ।

ਸ. ਸ਼ਾਂਤ ਨੇ ਕਾਂਗਰਸ ਦੇ ਫਾਈਵ ਸਟਾਰ ਕਲਚਰ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਜਦੋਂ ਤੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਿਆਂ ਮਹਾਰਾਜਿਆਂ ਵਜੋਂ ਵਿਚਰਦਿਆਂ ਲੋਕਾਂ ਤੋਂ ਦੂਰ ਰਹੇ ਉਦੋਂ ਤੱਕ ਤਾਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਮੁੱਖ ਮੰਤਰੀ ਤੇ ਪ੍ਰਧਾਨਗੀ ਦੇ ਅਹੁਦਿਆਂ ਨਾਲ ਨਿਵਾਜਦੀ ਰਹੀ ਅਤੇ ਜਦੋਂ ਉਨ੍ਹਾਂ ਮੋਗਾ ਉਪ ਚੋਣ ਦੌਰਾਨ ਇਕ ਆਮ ਵਰਕਰ ਵਾਂਗ ਚੋਣ ਮੈਦਾਨ ‘ਚ ਕੁੱਦ ਕੇ ਲੋਕਾਂ ਨਾਲ ਮਿਲਣਾ ਜੁਲਣਾ ਸ਼ੁਰੂ ਕੀਤਾ ਤਾਂ ਪਾਰਟੀ ਦੀ ਫਾਈਵ ਸਟਾਰ ਲਾਬੀ ਵੱਲੋਂ ਉਨ੍ਹਾਂ ਨੂੰ ਪਾਰਟੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ।

ਇਸ ਮੌਕੇ ਸ. ਸ਼ਾਂਤ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ. ਬਿਕਰਮ ਸਿੰਘ ਮਜੀਠਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਮ੍ਰੇਸ਼ਾਂ ਸਮੱਰਪਤ ਤੇ ਮਿਹਨਤੀ ਸਿਆਸੀ ਆਗੂਆਂ ਤੇ ਵਰਕਰਾਂ ਦੀ ਕਦਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਸ਼ਾਂਤ ਦੀਆਂ ਜ਼ੜ੍ਹਾਂ ਸ਼੍ਰੋਮਣੀ ਅਕਾਲੀ ਦਲ ‘ਚ ਹਨ ਅਤੇ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਵਿਧਾਇਕ ਤੇ ਸਾਬਕਾ ਮੀਤ ਪ੍ਰਧਾਨ ਐਸ.ਜੀ.ਪੀ.ਸੀ ਜਥੇਦਾਰ ਗੁਰਦੇਵ ਸਿੰਘ ਸ਼ਾਂਤ ਇੱਕ ਟਕਸਾਲੀ ਅਕਾਲੀ ਆਗੂ ਸਨ ਅਤੇ ਉਨ੍ਹਾਂ ਦੇਸ਼ ਦੀਆਂ ਜ਼ਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਵਿਰੁੱਧ ਕਈ ਲੜਾਈਆਂ ਵੀ ਲੜੀਆਂ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਨਿਹਾਲਸਿੰਘਵਾਲਾ ਤੋਂ ਵਿਧਾਇਕ ਰਾਜਵਿੰਦਰ ਕੌਰ ਅਤੇ ਬਾਘਾਪੁਰਾਣਾ ਤੋਂ ਵਿਧਾਇਕ ਸ. ਮਹੇਸ਼ਇੰਦਰ ਸਿੰਘ ਵੀ ਹਾਜਰ ਸਨ। ਇਸ ਮੌਕੇ ਸ. ਸ਼ਾਂਤ ਨਾਲ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲਿਆਂ ‘ਚ ਸਰਪੰਚ ਸੰਤੋਖ ਸਿੰਘ ਬਿਲਾਸਪੁਰ (ਮੈਂਬਰ ਬਲਾਕ ਸੰਮਤੀ), ਹਰਦੀਪ ਸਿੰਘ ਪੰਚ ਭਾਗੀਕੇ, ਪ੍ਰਧਾਨ ਰਣਜੀਤ ਸਿੰਘ ਜੀਤਾ, ਤਰਸੇਮ ਸਿੰਘ ਬਿੱਟੂ ਪੱਤੋ ਹੀਰਾ ਸਿੰਘ, ਜਸਪਿੰਦਰ ਸਿੰਘ ਮਧੇਕੇ (ਯੂਥ ਡੈਲੀਗੇਟ), ਨਿਰਮਲ ਸਿੰਘ ਯੂਥ ਕਾਂਗਰਸ , ਸਰਪੰਚ ਮਲਕੀਅਤ ਸਿੰਘ, ਨਿਰਮਲ ਸਿੰਘ ਨੰਬਰਦਾਰ, ਸਰਪੰਚ ਮਲਕੀਤ ਸਿੰਘ ਬੁਰਜ ਹਮੀਰਾ (ਪ੍ਰਧਾਨ ਫਲੈਗਸ਼ਿਪ ਮੋਨੇਟ੍ਰਿੰਗ ਕਮੇਟੀ), ਮੇਜਰ ਸਿੰਘ ਸੇਖੋਂ ਦੀਨਾ (ਸੀਨੀਅਰ ਕਾਂਗਰਸੀ ਆਗੂ), ਰੇਸ਼ਮ ਸਿੰਘ ਖਾਈ (ਸੀਨੀਅਰ ਕਾਂਗਰਸੀ ਆਗੂ) , ਵਿਜੇ ਨਤੀਰੀਆ ਵਾਲਾ (ਬਲਾਕ ਮੀਤ ਪ੍ਰਧਾਨ ਕਾਂਗਰਸ ਕਮੇਟੀ, ਜਗਰਾਜ ਰਾਜਾ (ਐਮ.ਸੀ.) ਅਤੇ ਇਲਾਕੇ ਤੋਂ ਹੋਰ ਕਈ ਅਹਿਮ ਕਾਂਗਰਸੀ ਆਗੂ ਹਾਜਰ ਸਨ।

Facebook Comment
Project by : XtremeStudioz