Close
Menu

ਕਾਂਗਰਸ ਸਹੀ ਅਰਥਾਂ ’ਚ ਕੌਮੀ ਪਾਰਟੀ : ਸ਼ਤਰੂ

-- 01 April,2019

ਨਵੀਂ ਦਿੱਲੀ, ਅਦਾਕਾਰ ਤੇ ਰਾਜਨੇਤਾ ਸ਼ਤਰੂਘਨ ਸਿਨਹਾ, ਜਿਨ੍ਹਾਂ ਨੇ ਹਾਲ ਹੀ ਵਿਚ ਭਾਜਪਾ ਨੂੰ ਛੱਡਣ ਦਾ ਐਲਾਨ ਕੀਤਾ ਸੀ, ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨੇ ਹੁਣ ਕਾਂਗਰਸ ਪਾਰਟੀ ਵਿਚ , ਜੋ ਕਿ ਸਹੀ ਮਾਇਨੇ ਵਿਚ ਕੌਮੀ ਪਾਰਟੀ ਹੈ, ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਰਿਵਾਰਕ ਦੋਸਤ ਲਾਲੂ ਪ੍ਰਸਾਦ ਯਾਦਵ ਨੇ ਵੀ ਉਨ੍ਹਾਂ ਨੂੰ ਕਾਂਗਰਸ ਵਿਚ ਜਾਣ ਦੀ ਸਲਾਹ ਦਿੱਤੀ ਸੀ।
ਸ਼ਤਰੂਘਨ ਸਿਨਹਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਉਨ੍ਹਾਂ ਨੂੰ ਆਪੋ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸਥਿਤੀ ਭਾਵੇਂ ਕੋਈ ਵੀ ਹੋਵੇ, ਉਹ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਹੀ ਚੋਣ ਲੜਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪਟਨਾ ਸਾਹਿਬ ਸੀਟ ਉਨ੍ਹਾਂ ਨੇ ਮੋਦੀ ਲਹਿਰ ਕਾਰਨ ਨਹੀਂ ਸਗੋਂ ਆਪਣੇ ਸਿਧਾਂਤਾਂ ਕਾਰਨ ਆਪਣੇ ਬਲ ’ਤੇ ਜਿੱਤੀ ਸੀ। ਇਸ ਲਈ ਉਨ੍ਹਾਂ ਆਪਣੀ ਬੇਟੀ ਸੋਨਾਕਸ਼ੀ ਨੂੰ ਵੀ ਪ੍ਰਚਾਰ ਲਈ ਨਹੀਂ ਸੱਦਿਆ ਸੀ।
ਮੋਦੀ ਸਰਕਾਰ ਦੀ ਲੰਮੇ ਸਮੇਂ ਤੋਂ ਨਿੰਦਾ ਕਰਦੇ ਆ ਰਹੇ ਸ੍ਰੀ ਸਿਨਹਾ ਨੇ ਕਿਹਾ ਕਿ ਭਾਜਪਾ ਨੂੰ ਛੱਡਣਾ ਉਨ੍ਹਾਂ ਲਈ ਦੁਖਦਾਇਕ ਹੈ ਪਰ ਪਾਰਟੀ ਵੱਲੋਂ ਆਪਣੇ ਵੱਡੇ ਆਗੂਆਂ ਜਿਵੇਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨਾਲ ਕੀਤੇ ਵਿਹਾਰ ਕਾਰਨ ਉਨ੍ਹਾਂ ਨੂੰ ਦੁੱਖ ਹੋਇਆ ਸੀ।
ਕਾਂਗਰਸ ’ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ, ਜਿਵੇਂ ਇਹ ਪੁਰਾਣੀ ਵੱਡੀ ਪਾਰਟੀ ਹੈ ਤੇ ਦੇਸ਼ ਦੀ ਆਜ਼ਾਦੀ ਵਿਚ ਪਾਰਟੀ ਦਾ ਵੱਡਾ ਯੋਗਦਾਨ ਹੈ ਤੇ ਇਹ ਸਹੀ ਮਾਇਨੇ ’ਚ ਕੌਮੀ ਪਾਰਟੀ ਹੈ। ਉਨ੍ਹਾਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਵੀ ਤਾਰੀਫ਼ ਕੀਤੀ। ਸ੍ਰੀ ਸਿਨਹਾ ਛੇ ਅਪਰੈਲ ਨੂੰ ਕਾਂਗਰਸ ਵਿਚ ਸ਼ਾਮਲ ਹੋ ਜਾਣਗੇ।

Facebook Comment
Project by : XtremeStudioz