Close
Menu

ਕਾਂ ਦੀ ਲੂੰਬੜੀ ਲਈ ਚਿੰਤਾ

-- 18 September,2015

ਪਿਆਰੇ ਬੱਚਿਓ, ਅਸੀਂ ਲੰੂਬੜੀ ਦੀ ਚਤੁਰਾਈ ਬਾਰੇ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹਨ ਕਿ ਕਿਸ ਤਰ੍ਹਾਂ ਲੰੂਬੜੀ ਆਪਣੀ ਚਤੁਰਾਈ ਨਾਲ ਕਾਂ ਦੇ ਮੰੂਹ ਵਿਚੋਂ ਪਨੀਰ ਦਾ ਟੁਕੜਾ ਖੋਹ ਲੈਂਦੀ ਸੀ | ਹੋਰ ਵੀ ਬਹੁਤ ਸਾਰੀਆਂ ਕਹਾਣੀਆਂ, ਜੋ ਲੰੂਬੜੀ ਦੀ ਚਤੁਰਾਈ ਬਾਰੇ ਹਨ, ਪਰ ਸਾਡੀ ਇਸ ਕਹਾਣੀ ਵਿਚ ਲੰੂਬੜੀ ਨਾਲ ਕੀ ਹੋਇਆ? ਆਓ ਪੜ੍ਹੀਏ |
ਇਕ ਵਾਰ ਦੀ ਗੱਲ ਹੈ, ਕਾਂ ਦਰੱਖਤ ਦੀ ਟਹਿਣੀ ‘ਤੇ ਬੈਠਾ ਆਰਾਮ ਕਰ ਰਿਹਾ ਸੀ | ਗਰਮੀ ਵੀ ਬਹੁਤ ਸੀ | ਅਚਾਨਕ ਉੱਪਰੋਂ ਲੰੂਬੜੀ ਆਈ | ਬੜੀ ਥੱਕੀ ਹੋਈ ਤੇ ਬਿਮਾਰ ਜਿਹੀ ਲੱਗ ਰਹੀ ਸੀ | ਉਹ ਨਾਲ ਦੇ ਦਰੱਖਤ ਹੇਠਾਂ ਬੈਠ ਗਈ | ਕਾਂ ਸਭ ਕੁਝ ਦੇਖ ਰਿਹਾ ਸੀ | ਲੰੂਬੜੀ ਦਾ ਸਰੀਰ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉਸ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ | ਕਾਂ ਨੇ ਲੰੂਬੜੀ ਤੋਂ ਪੁੱਛਿਆ, ‘ਭੈਣ ਕੀ ਹੋਇਆ ਤੈਨੂੰ?’ ਲੰੂਬੜੀ ਬੋਲੀ, ‘ਕਈ ਦਿਨ ਤੋਂ ਮੈਂ ਭੁੱਖੀ ਹਾਂ, ਕੁਝ ਖਾਣ ਨੂੰ ਨਹੀਂ ਮਿਲਿਆ, ਜਿਸ ਕਾਰਨ ਮੇਰਾ ਸਰੀਰ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਮੈਂ ਚੰਗੀ ਤਰ੍ਹਾਂ ਫਿਰ ਵੀ ਨਹੀਂ ਸਕਦੀ | ਭੁੱਖ ਦੇ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਹੈ |’ ਕਾਂ ਨੇ ਕਿਹਾ, ‘ਭੈਣ, ਤੰੂ ਫਿਕਰ ਨਾ ਕਰ, ਮੈਂ ਹੁਣੇ ਕੋਈ ਇੰਤਜ਼ਾਮ ਕਰਦਾ ਹਾਂ |’ ਕਾਂ ਨੇ ਉਡਾਰੀ ਮਾਰੀ ਤੇ ਭੋਜਨ ਦੀ ਤਲਾਸ਼ ਵਿਚ ਨਿਕਲ ਗਿਆ | ਕਾਫੀ ਦੂਰ ਜਾਣ ਬਾਅਦ ਉਸ ਨੇ ਦੇਖਿਆ ਕਿ ਇਕ ਔਰਤ ਚੁੱਲ੍ਹੇ ‘ਤੇ ਰੋਟੀਆਂ ਬਣਾ ਰਹੀ ਸੀ | ਕਾਂ ਨੇ ਕਾਫੀ ਦਾਅ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ | ਹਾਰ ਕੇ ਕਾਂ ਨੇ ਉਸ ਔਰਤ ਅੱਗੇ ਬੇਨਤੀ ਕੀਤੀ ਕਿ ‘ਮੇਰੀ ਮਿੱਤਰ ਦਾ ਭੁੱਖ ਦੇ ਨਾਲ ਬੁਰਾ ਹਾਲ ਹੈ, ਕਿਰਪਾ ਕਰਕੇ ਮੈਨੂੰ ਦੋ ਰੋਟੀਆਂ ਦੇ ਦੇਵੋ |’
ਉਸ ਔਰਤ ਨੇ ਕਿਹਾ ਕਿ ‘ਰੋਟੀ ਤਾਂ ਮੈਂ ਦੇ ਦੇਵਾਂਗੀ ਪਰ ਪਹਿਲਾਂ ਪਿੱਛਿਓਾ ਬਾਗ ਵਿਚੋਂ ਲੱਕੜੀਆਂ ਦੇ ਛੋਟੇ-ਛੋਟੇ ਟੁਕੜੇ ਇਕੱਠੇ ਕਰਕੇ ਲਿਆ |’ ਕਾਂ ਫਟਾਫਟ ਉਡਿਆ ਤੇ ਲੱਕੜੀਆਂ ਦੇ ਛੋਟੇ-ਛੋਟੇ ਟੁਕੜੇ ਲਿਆ ਕੇ ਉਸ ਔਰਤ ਅੱਗੇ ਰੱਖਦਾ ਰਿਹਾ | ਇਸ ਤਰ੍ਹਾਂ ਕਾਂ ਨੇ ਕਈ ਚੱਕਰ ਲਗਾਏ | ਲੱਕੜੀਆਂ ਚੁੱਕ-ਚੁੱਕ ਕੇ ਉਸ ਦੀ ਚੁੰਝ ਵੀ ਲਹੂ-ਲੁਹਾਣ ਹੋ ਗਈ | ਫਿਰ ਕਿਤੇ ਜਾ ਕੇ ਕਾਂ ਨੂੰ ਦੋ ਰੋਟੀਆਂ ਮਿਲੀਆਂ | ਕਾਂ ਫਟਾਫਟ ਰੋਟੀ ਲੈ ਕੇ ਲੰੂਬੜੀ ਕੋਲ ਪਹੁੰਚਿਆ ਤੇ ਉਸ ਨੂੰ ਰੋਟੀ ਖਵਾਈ | ਰੋਟੀ ਖਾ ਕੇ ਲੰੂਬੜੀ ਦਾ ਸਰੀਰ ਕੁਝ ਠੀਕ ਹੋ ਗਿਆ | ਪਰ ਕਾਂ ਦੀ ਚੁੰਝ ‘ਚੋਂ ਖੂਨ ਵਗਦਾ ਦੇਖ ਕੇ ਉਹ ਬੜੀ ਦੁਖੀ ਹੋਈ | ਉਸ ਨੇ ਕਾਂ ਤੋਂ ਸਾਰਾ ਕਿੱਸਾ ਪੁੱਛਿਆ ਕਿ ਉਹ ਕਿਵੇਂ ਰੋਟੀ ਲਿਆਇਆ? ਸਭ ਕੁਝ ਸੁਣ ਕੇ ਲੰੂਬੜੀ ਦੀਆਂ ਅੱਖਾਂ ਭਰ ਆਈਆਂ | ਉਸ ਨੇ ਕਾਂ ਤੋਂ ਮੁਆਫੀ ਮੰਗੀ ਤੇ ਕਹਿਣ ਲੱਗੀ, ‘ਵੀਰਾ, ਮੇਰੇ ਬਜ਼ੁਰਗ ਤਾਂ ਹਮੇਸ਼ਾ ਤੁਹਾਡੇ ਮੰੂਹੋਂ ਖੋਹ ਕੇ ਹੀ ਖਾਂਦੇ ਰਹੇ ਹਨ ਤੇ ਤੰੂ ਮੇਰੀ ਭੁੱਖ ਮਿਟਾਉਣ ਲਈ ਇੰਨਾ ਕਸ਼ਟ ਉਠਾਇਆ ਕਿ ਆਪਣੀ ਚੁੰਝ ਵੀ ਜ਼ਖਮੀ ਕਰ ਲਈ | ਕਾਂ ਨੇ ਉੱਤਰ ਦਿੱਤਾ, ‘ਭੈਣੇ, ਹਰ ਥਾਂ ਚਤੁਰਾਈ ਕੰਮ ਨਹੀਂ ਆਉਂਦੀ, ਪਰ ਮਿਹਨਤ ਇਕ ਅਜਿਹਾ ਹਥਿਆਰ ਹੈ ਜੋ ਹਰ ਜਗ੍ਹਾ ਕੰਮ ਆਉਂਦਾ ਹੈ ਤੇ ਇਹ ਗੱਲ ਅੱਜ ਹੀ ਮੈਂ ਸਮਝੀ ਹੈ |’
ਸੋ ਬੱਚਿਓ, ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ, ਇਹ ਤਾਂ ਤੁਹਾਨੂੰ ਸਮਝ ਲੱਗ ਹੀ ਗਈ ਹੋਵੇਗੀ ਕਿ ਮਿਹਨਤ ਕਰਨ ਵਾਲਾ ਇਨਸਾਨ ਕਦੇ ਨਹੀਂ ਹਾਰਦਾ |

Facebook Comment
Project by : XtremeStudioz