Close
Menu

ਕਾਬੁਲ ਹਵਾਈ ਅੱਡੇ ’ਤੇ ਫਿ਼ਦਾਈਨ ਹਮਲਾ, 14 ਹਲਾਕ

-- 23 July,2018

ਕਾਬੁਲ, ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ’ਤੇ ਅੱਜ ਹੋਏ ਫਿਦਾਈਨ ਹਮਲੇ ਦੌਰਾਨ 14 ਵਿਅਕਤੀ ਮਾਰੇ ਗਏ ਜਦਕਿ 60 ਹੋਰ ਜ਼ਖ਼ਮੀ ਹੋ ਗਏ। ਧਮਾਕੇ ਵੇਲੇ ਦੇਸ਼ ਨਿਕਾਲੇ ਮਗਰੋਂ ਵਤਨ ਪਰਤੇ ਅਫ਼ਗਾਨ ਉਪ ਰਾਸ਼ਟਰਪਤੀ ਅਬਦੁੱਲ ਰਾਸ਼ਿਦ ਦੋਸਤਮ ਦਾ ਸਵਾਗਤ ਕਰਨ ਲਈ ਹਵਾਈ ਅੱਡੇ ’ਤੇ ਵੱਡੀ ਗਿਣਤੀ ’ਚ ਲੋਕ ਜੁੜੇ ਹੋਏ ਸਨ। ਬਖ਼ਤਰਬੰਦ ਵਾਹਨ ’ਚ ਸਫ਼ਰ ਕਰ ਰਹੇ ਦੋਸਤਮ ਦਾ ਵਾਲ ਵਾਲ ਬਚਾਅ ਹੋ ਗਿਆ। ਕਾਬੁਲ ਪੁਲੀਸ ਦੇ ਤਰਜਮਾਨ ਹਸ਼ਮਤ ਸਟੈਨਿਕਜ਼ਈ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ’ਚ ਬੱਚਾ, ਸੁਰੱਖਿਆ ਅਮਲੇ ਦੇ ਮੈਂਬਰ ਅਤੇ ਆਮ ਨਾਗਰਿਕ ਸ਼ਾਮਲ ਹਨ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਨਜੀਬ ਦਾਨਿਸ਼ ਨੇ ਦੱਸਿਆ ਕਿ ਖੁਦਕੁਸ਼ ਬੰਬਾਰ ਪੈਦਲ ਹੀ ਆਇਆ ਸੀ। ਦੋਸਤਮ ਅਫ਼ਗਾਨਿਸਤਾਨ ’ਚ ਮਨੁੱਖੀ ਹੱਕਾਂ ਦੇ ਘਾਣ ਦਾ ਮੁੱਦਾ ਉਠਾਉਂਦਾ ਰਿਹਾ ਹੈ ਅਤੇ ਉਹ ਤੁਰਕੀ ਤੋਂ ਵਤਨ ਪਰਤਿਆ ਹੈ ਜਿਥੇ ਉਹ ਮਈ 2017 ਤੋਂ ਰਹਿ ਰਿਹਾ ਸੀ। ਫਰਯਾਬ ਸੂਬੇ ਦੇ ਵਿਰੋਧੀ ਆਗੂ ਅਹਿਸਾਨਉੱਲ੍ਹਾ ਕੋਵਾਂਚ ਨੇ ਕਿਹਾ ਕਿ ਉਹ ਸਰਕਾਰ ’ਤੇ ਭਰੋਸਾ ਨਹੀਂ ਕਰਦੇ ਹਨ ਅਤੇ ਜਦੋਂ ਤਕ ਜਨਰਲ ਦੋਸਤਮ ਉਨ੍ਹਾਂ ਨੂੰ ਰੋਕਣ ਲਈ ਨਹੀਂ ਆਖੇਗਾ, ਉਹ ਵਿਰੋਧ ਕਰਦੇ ਰਹਿਣਗੇ। ਦੋਸਤਮ ਦੇ ਹਮਾਇਤੀ ਪਿਛਲੇ ਕੁਝ ਹਫ਼ਤਿਆਂ ਤੋਂ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ, ਉਹ ਪਿੱਛੇ ਨਹੀਂ ਹਟਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਦੋਸਤਮ ਨੂੰ ਮੁਲਕ ਪਰਤਣ ਲਈ ਹਰੀ ਝੰਡੀ ਦਿੱਤੀ ਹੈ ਤਾਂ ਜੋ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉੱਤਰ ’ਚ ਸਥਿਰਤਾ ਬਣਾ ਕੇ ਉਜ਼ਬੇਕਾਂ ਦੀ ਹਮਾਇਤ ਲਈ ਜਾ ਸਕੇ।

Facebook Comment
Project by : XtremeStudioz