Close
Menu

ਕਾਬੁਲ ਹਵਾਈ ਅੱਡੇ ਦੇ ਨੇੜੇ ਧਮਾਕਾ, ਕਈ ਮੌਤਾਂ

-- 17 May,2015

ਅਫਗਾਨਿਸਤਾਨ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਐਤਵਾਰ ਨੂੰ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਜ਼ਬਰਦਸਤ ਆਤਮਘਾਤੀ ਹਮਲਾ ਹੋਇਆ। ਅਫਗਾਨ ਪੁਲਸ ਅਧਿਕਾਰੀਆਂ ਮੁਤਾਬਕ, ਨਾਟੋ ਫੌਜ ਨੂੰ ਨਿਸ਼ਾਨਾ ਬਣਾ ਕੇ ਇਹ ਆਤਮਘਾਤੀ ਧਮਾਕਾ ਕੀਤਾ ਗਿਆ। ਸਥਾਨਕ ਮੀਡੀਆ ਮੁਤਾਬਕ, ਇਸ ਵਿਚ 3 ਲੋਕ ਮਾਰੇ ਗਏ ਅਤੇ 20 ਜ਼ਖਮੀ ਹੋਏ ਹਨ। ਹਾਲਾਂਕਿ, ਮਾਰੇ ਗਏ ਲੋਕਾਂ ਦੀ ਗਿਣਤੀ ਦੀ ਪੁੱਸ਼ਟੀ ਨਹੀਂ ਹੋਈ ਹੈ।

ਅਫਗਾਨ ਗ੍ਰਹਿ ਮੰਤਰਾਲੇ ਦੇ ਉਪ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਐਤਵਾਰ ਸਵੇਰੇ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਬਣਾਏ ਗਏ ਚੈਕ ਪੁਆਇੰਟ ‘ਤੇ ਇਹ ਬੰਬ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕੇ ਨਾਲ ਤਿੰਨ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਵਿਚ ਇਕ ਵਿਦੇਸ਼ੀ ਗੱਡੀ ਵੀ ਸ਼ਾਮਿਲ ਹੈ। ਪੁਲਸ ਬੁਲਾਰੇ ਅਬਦੁੱਲ੍ਹਾ ਕਰੀਮੀ ਨੇ ਦੱਸਿਆ ਕਿ ਟੋਏਟਾ ਕਰੋਲਾ ਕਾਰ ‘ਚ ਬੈਠੇ ਸੁਸਾਇਡ ਹਮਲਾਵਰ ਨੇ ਇਕ ਵਿਦੇਸ਼ੀ ਫੌਜੀ ਦਸਤੇ ‘ਚ ਸ਼ਾਮਿਲ ਹੋ ਕੇ ਧਮਾਕਾ ਕਰ ਦਿੱਤਾ। ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਕਾਬੁਲ ‘ਚ ਹੀ ਇਕ ਗੈੱਸਟ ਹਾਊਸ ‘ਤੇ ਹੋਏ ਹਮਲੇ ‘ਚ ਚਾਰ ਭਾਰਤੀਆਂ ਸਮੇਤ 14 ਲੋਕ ਮਾਰੇ ਗਏ ਸਨ।

Facebook Comment
Project by : XtremeStudioz