Close
Menu

ਕਿਸ਼ਤਵਾੜ ਵਿੱਚ ਕਰਫਿਊ ਲਾਗੂ, ਤਣਾਅ ਬਰਕਰਾਰ

-- 11 August,2013

10ptnw77

ਜੰਮੂ,11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਹਿੰਸਾ ਪ੍ਰਭਾਵਿਤ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ  ਵੀ ਕਰਫਿਊ ਜਾਰੀ ਰਿਹਾ ਜਦੋਂਕਿ ਜੰਮੂ ਅਤੇ ਉਸ ਦੇ ਆਸਪਾਸ ਦੇ ਜਿਲ੍ਹਿਆਂ ਵਿੱਚ ਫਿਰਕੂ ਹਿੰਸਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋਏ। ‘ਜੰਮੂ ਬੰਦ ’ ਦੇ ਐਲਾਨ  ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਪ੍ਰਦਰਸ਼ਨਕਾਰੀਆਂ ਨੇ  ਜ਼ਿਲ੍ਹਾ ਸਾਂਬਾ ਦੇ ਵਿਜੈਪੁਰ , ਜ਼ਿਲ੍ਹਾ ਕਠੂਆ  ਦੇ ਰਾਜਬਾਗ, ਊਧਮਪੁਰ ਅਤੇ  ਜੰਮੂ ਦੇ ਬਾਹਰੀ ਇਲਾਕੇ ਗੰਗਆਲ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਾਰਨ ਜੰਮੂ-ਕਸ਼ਮੀਰ ਕੌਮੀ ਸ਼ਾਹਰਾਹ ਕਈ ਸਥਾਨਾਂ ’ਤੇ ਬੰਦ ਰਿਹਾ। ਇਸ ਕਾਰਨ ਜੰਮੂ ਤੋਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼  ਅਤੇ ਦਿੱਲੀ ਜਾਣ ਵਾਲੀਆਂ ਬੱਸਾਂ ਕਈ ਕਈ ਘੰਟੇ ਸੜਕਾਂ ’ਤੇ ਖੜ੍ਹੀਆਂ ਰਹੀਆਂ।  ਭਾਜਪਾ ਦੀ ਪ੍ਰਦੇਸ਼ ਇਕਾਈ  ਵੱਲੋਂ 72 ਘੰਟੇ ਦੇ ‘ਜੰਮੂ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਕਈ ਥਾਵਾਂ ’ਤੇ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ।
ਕਿਸ਼ਤਵਾੜ ਵਿੱਚ ਹੋਈ ਫਿਰਕੂ ਹਿੰਸਾ  ਦੇ ਖ਼ਿਲਾਫ਼ ਜੰਮੂ ਬੰਦ ਦੇ ਸੱਦੇ ਨੂੰ ਭਰਵਾਂ ਹੰਗਾਰਾ ਮਿਲਿਆ। ਜੰਮੂ ਸਮੇਤ ਕਈ  ਸਰਹੱਦੀ ਜ਼ਿਲ੍ਹਿਆਂ ਵਿੱਚ ਜਨਜੀਵਨ ਪ੍ਰਭਾਵਿਤ ਰਿਹਾ। ਕਿਸ਼ਤਵਾੜ ਵਿੱਚ ਸ਼ੁੱਕਰਵਾਰ ਨੂੰ ਹੋਏ ਸੰਘਰਸ਼ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਲੋਕ ਜਖ਼ਮੀ ਹੋ ਗਏ ਸਨ।  ਇਸ ਘਟਨਾ  ਖ਼ਿਲਾਫ਼ ਭਾਜਪਾ ਅਤੇ ਹੋਰ ਸੰਗਠਨਾਂ ਨੇ ਬੰਦ ਦਾ ਐਲਾਨ ਕੀਤਾ ਸੀ, ਜਿਸ ਕਾਰਨ ਜੰਮੂ ਸ਼ਹਿਰ ਵਿੱਚ ਦੁਕਾਨਾਂ ਅਤੇ ਵਿਦਿਅਕ  ਸੰਸਥਾਨ ਬੰਦ ਰਹੇ। ਸੜਕਾਂ ਤੋਂ  ਆਵਾਜਾਈ ਨਦਾਰਦ ਰਹੀ।
ਰਾਜ ਸਰਕਾਰ ਨੇ  ‘ਜੰਮੂ ਬੰਦ’  ਦੇ ਮੱਦੇਨਜ਼ਰ ਜੰਮੂ ਵਿੱਚ ਸਾਰੇ ਸਿੱਖਿਅਕ ਸੰਸਥਾਨ ਪਹਿਲਾਂ ਹੀ ਬੰਦ ਕਰ ਦਿੱਤੇ ਸਨ। ਹੜਤਾਲ ਕਾਰਨ ਸਰਕਾਰੀ ਵਿਭਾਗਾਂ ਵਿੱਚ ਵੀ ਕਰਮਚਾਰੀਆਂ ਦੀ ਗਿਣਤੀ ਘੱਟ ਰਹੀ। ਬੰਦ ਦੌਰਾਨ ਕਿਸੇ ਮਾੜੀ ਘਟਨਾ ਦੀ ਸੂਚਨਾ ਨਹੀਂ ਹੈ। ਕਠੂਆ,  ਸਾਂਬਾ,  ਰਿਆਸੀ, ਕਟੜਾ, ਊਧਮਪੁਰ,  ਚੈਨਾਨੀ,  ਪੁਣਛ, ਅਖਨੂਰ,  ਸੁੰਦਰਬਨੀ,  ਕਾਲਾਕੋਟ, ਨੌਸ਼ੇਰਾ,  ਆਰ.ਐਸ.ਪੁਰਾ ਅਤੇ ਰਾਮਨਗਰ ਵਿੱਚ ਪੂਰੀ ਤਰ੍ਹਾਂ ਬੰਦ ਰਿਹਾ।  ਭਦਰਵਾਹ, ਰਾਜੌਰੀ,  ਰਾਮਬਨ ਅਤੇ ਡੋਡਾ ਵਿੱਚ ਇਸ ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲਿਆ।
ਜੰਮੂ ਵਿੱਚ ਅੱਜ ਸਾਰਾ ਦਿਨ ਵੱਖ- ਵੱਖ ਸਥਾਨਾਂ ਉੱਤੇ ਰੋਸ ਪ੍ਰਦਰਸ਼ਨ ਜਾਰੀ ਰਹੇ। ਭਾਜਪਾ,  ਬਾਰ ਐਸੋਸੀਏਸ਼ਨ ਜੰਮੂ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸ਼ਿਵ ਸੈਨਾ ਅਤੇ ਵੱਖ-ਵੱਖ ਵਪਾਰਕ ਸੰਘਾਂ ਨੇ ਸਰਕਾਰ ਵਿਰੋਧੀ ਰੈਲੀਆਂ ਕੱਢੀਆਂ ਅਤੇ ਗ੍ਰਹਿ ਰਾਜ ਮੰਤਰੀ ਸੱਜਾਦ ਅਹਿਮਦ  ਕਿਚਲੂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਜੰਮੂ ਸ਼ਹਿਰ  ਦੇ ਕਈ ਇਲਾਕਿਆਂ ਵਿੱਚ ਸੜਕ ਉੱਤੇ ਟਾਇਰ ਸਾੜੇ ਗਏ। ਭਾਜਪਾ ਪ੍ਰਦੇਸ਼ ਪ੍ਰਧਾਨ ਜੁਗਲ ਕਿਸ਼ੋਰ ਨੇ ਕਿਹਾ, ‘ਇਸ ਘਟਨਾ ਪਿੱਛੇ ਸ੍ਰੀ ਕਿਚਲੂ ਦਾ ਹੱਥ ਹੈ।  ਉਨ੍ਹਾਂ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।’
ਜੰਮੂ  ਦੇ ਡਿਵੀਜ਼ਨਲ ਕਮਿਸ਼ਨਰ ਸ਼ਾਂਤਮਨੁ ਨੇ ਦੱਸਿਆ ਕਿ  ਕਿਸ਼ਤਵਾੜ ਵਿੱਚ ਦੂਜੇ ਦਿਨ ਵੀ ਕਰਫਿਊ ਜਾਰੀ ਹੈ ਫੌਜ ਆਉਣ ਬਾਅਦ ਹਾਲਾਤ ਕਾਬੂ ਹੇਠ  ਹਨ।
ਜ਼ਿਲ੍ਹਾ ਕਿਸ਼ਤਵਾੜ ਦੇ ਪਾਡਰ ਇਲਾਕੇ ਵਿਚ ਅੱਜ ਵੀ ਦੋ ਫਿਰਕਿਆਂ ਵਿਚ ਹੋਈ ਲੜਾਈ ’ਚ ਚਾਰ ਲੋਕ ਜ਼ਖਮੀ ਹੋ ਗਏ। ਪੇਂਡੂ ਸੁਰੱਖਿਆ ਕਮੇਟੀ ਵੱਲੋਂ ਚਲਾਈ ਗਈ ਗੋਲੀ ’ਚ ਇਕ ਭਾਈਚਾਰੇ ਨਾਲ ਸਬੰਧਤ ਚਾਰ ਵਿਅਕਤੀ ਜ਼ਖਮੀ  ਹੋ ਗਏ।
ਜੰਮੂ ਤੋਂ 226 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਕਿਸ਼ਤਵਾੜ ਵਿੱਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ, ਜਦੋਂ ਈਦ ਦੀ ਨਮਾਜ਼  ਬਾਅਦ ਕੁਝ ਲੋਕਾਂ ਨੇ ਦੇਸ਼ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ।

Facebook Comment
Project by : XtremeStudioz