Close
Menu

ਕਿਸਾਨਾਂ ਦੀ ਲੋਨ ਮੁਆਫੀ ਵਾਸਤੇ ਬਾਦਲ ਨੂੰ ਦਿੱਲੀ ‘ਚ ਧਰਨੇ ‘ਤੇ ਬੈਠਣਾ ਚਾਹੀਦੈ: ਬਾਜਵਾ

-- 19 September,2015

ਚੰਡੀਗੜ੍ਹ, 19 ਸਤੰਬਰ:  ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਨਰਿੰਦਰ ਮੋਦੀ ਸਰਕਾਰ ਤੋਂ ਕਿਸਾਨਾਂ ਲਈ 51000 ਕਰੋੜ ਰੁਪਏ ਦੀ ਲੋਨ ਮੁਆਫੀ ਹਾਸਿਲ ਕਰਨੀ ਚਾਹੀਦੀ ਹੈ, ਨਹੀਂ ਤਾਂ ਮੁੱਦੇ ਦਾ ਹੱਲ ਨਾ ਹੋਣ ‘ਤੇ ਅਣਮਿੱਥੀ ਭੁੱਖ ਹੜ੍ਹਤਾਲ ਕਰਦਿਆਂ ਧਰਨੇ ‘ਤੇ ਬੈਠ ਜਾਣਾ ਚਾਹੀਦਾ ਹੈ।

ਇਥੇ ਜ਼ਾਰੀ ਬਿਆਨ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲ ਨੂੰ ਯਾਦ ਦਿਲਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਸਾਨਾਂ ਲਈ 70,000 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਸੀ। ਮੋਦੀ ਸਰਕਾਰ ਨੂੰ ਵੀ ਦੇਸ਼ ਦੇ ਅੰਨ੍ਹ ਦੀ ਥਾਲੀ ਕਿਸਾਨਾਂ ਨੂੰ ਲੋਨ ‘ਚ ਮੁਆਫੀ ਦੇਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਬਾਦਲ ਦਿੱਲੀ ‘ਚ ਅਣਮਿੱਥੀ ਭੁੱਖ ਹੜ੍ਹਤਾਲ ‘ਤੇ ਬੈਠਦੇ ਹਨ, ਤਾਂ ਉਹ ਵੀ ਸੂਬੇ ਦੇ ਕਿਸਾਨਾਂ ਨੂੰ ਰਾਹਤ ਦਿਲਾਉਣ ਲਈ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹਨ, ਜਿਨ੍ਹਾਂ ਨੂੰ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਦਾਰਵਾਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਸੁਫਨਾ ਵੇਚਿਆ ਸੀ। ਹਾਲਾਂਕਿ ਬੀਤੇ 15 ਮਹੀਨਿਆਂ ਤੋਂ ਇਸਦੇ ਪੂਰੀ ਤਰ੍ਹਾਂ ਉਲਟ ਵਾਪਰ ਰਿਹਾ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ 20 ਸਤੰਬਰ ਨੂੰ ਦਿੱਲੀ ‘ਚ ਹੋਣ ਵਾਲੀ ਰੈਲੀ ਦੌਰਾਨ 25,000 ਦੇ ਕਰੀਬ ਕਿਸਾਨ ਹਿੱਸਾ ਲੈਣਗੇ, ਜਿਸਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਸੰਬੋਧਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨਾਂ ਦੇ ਹੱਕ ‘ਚ ਸੰਘਰਸ਼ ਛੇੜਿਆ, ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੌਂ ਪ੍ਰਾਪਤੀ ਕਾਨੂੰਨ ਨੂੰ ਸੋਧਣ ਸਬੰਧੀ ਆਪਣੇ ਕਦਮ ਨੂੰ ਵਾਪਿਸ ਖਿੱਚਣਾ ਪਿਆ।

ਇਸ ਲੜੀ ਹੇਠ ਬਾਜਵਾ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਤੋੜੇ ਜਾਣ ਦੇ ਕਦਮ ਦਾ ਵਿਰੋਧ ਕੀਤਾ ਹੈ, ਜੋ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਏਗਾ। ਉਨ੍ਹਾਂ ਨੇ ਖੇਤੀ ਉਤਾਪਦਨ ਦੇ ਮੁੱਲ ਨੂੰ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਸੋਧਣ ਦੀ ਮੰਗ ਕੀਤੀ ਹੈ, ਜੋ ਖੇਤੀ ਲਾਗਤ ਦਾ 50 ਪ੍ਰਤੀਸ਼ਤ ਮੁਨਾਫਾ ਤੈਅ ਕਰਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ ਭਾਜਪਾ, ਬਲਕਿ ਅਕਾਲੀ ਦਲ ਦਾ ਵੀ ਚੁਣਾਂਵੀ ਵਾਅਦਾ ਸੀ। ਪਰ ਮੋਦੀ ਸਰਕਾਰ ਕੁਝ ਹੀ ਦਿਨਾਂ ‘ਚ ਇਸ ਵਾਅਦੇ ਤੋਂ ਪਲਟ ਗਈ।

ਉਨ੍ਹਾਂ ਨੇ ਸੂਬੇ ਦੇ ਕਪਾਹ ਕਿਸਾਨਾਂ ਨੂੰ ਵੀ ਚਿੱਟੀ ਮੱਖੀ ਦੇ ਹਮਲੇ ਕਾਰਨ ਫਸਲ ਨੂੰ ਹੋਏ ਨੁਕਸਾਨ ਲਈ 25000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਇਸ ਮਾੜੀ ਹਾਲਾਤ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕੀਟਨਾਸ਼ਕ ਸਮੇਤ ਸਮੱਗਰੀ ਘਟੀਆ ਉਪਲਬਧ ਕਰਵਾਈ ਗਈ।

Facebook Comment
Project by : XtremeStudioz