Close
Menu

ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਕੀਤੀ ਜਾ ਰਹੀ ਹੈ ਬੇਲੋੜੀ ਦੇਰ: ਜਾਖੜ

-- 13 April,2015

ਅੰਮ੍ਰਿਤਸਰ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਵਿਧਾਇਕ ਸੁਨੀਲ ਜਾਖੜ ਨੇ ਅੱਜ ਇੱਥੇ ਰਾਜ ਦੀ ਅਕਾਲੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਵਿੱਚ ਬੇਲੋੜੀ ਦੇਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਬੇਮੌਸਮੀ ਬਾਰਸ਼ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨਾਲ ਸੂਬੇ ਵਿੱਚ ਲਗਪਗ 3 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਅਤੇ ਹੋਰ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਮੁਆਵਜ਼ਾ ਦੇਣ ਲਈ ਸੂਬਾ ਸਰਕਾਰ ਨੂੰ 358.68 ਕਰੋੜ ਰੁਪਏ ਦੀ ਲੋੜ ਹੈ। ਸਰਕਾਰ ਕੋਲ 293 ਕਰੋੜ ਰੁਪਏ ਪਏ ਹਨ ਅਤੇ ਸਿਰਫ 65 ਕਰੋੜ ਰੁਪਏ ਦੀ ਹੋਰ ਲੋੜ ਹੈ ਪਰ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਦਿੱਲੀ ਵਿੱਚ 19 ਅਪਰੈਲ ਨੂੰ ਭੂਮੀ ਗ੍ਰਹਿਣ ਬਿੱਲ ਖ਼ਿਲਾਫ਼ ਕੀਤੀ ਜਾ ਰਹੀ ਰੈਲੀ ’ਚ ਇਹ ਮਾਮਲੇ ਲੋਕਾਂ ਸਾਹਮਣੇ ਉਭਾਰੇ ਜਾਣਗੇ।  ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਨੇ ਚੁੱਪ ਧਾਰੀ ਹੋਈ ਹੈ। 23 ਮਾਰਚ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਹਲਕੇ ਦਾ ਦੌਰਾ ਕੀਤਾ ਤਾਂ ਉਸ ਵੇਲੇ ਵੀ ਭਾਜਪਾ ਨੇ ਇਹ ਮਾਮਲਾ ਦੱਬ ਕੇ ਰੱਖਿਆ। ਕਾਂਗਰਸੀ ਆਗੂ ਨੇ ਕੇਂਦਰ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਯੂ.ਪੀ.ਏ ਸਰਕਾਰ ਸਮੇਂ 557 ਕਰੋੜ ਰੁਪਏ ਦੇ ਅੰਮ੍ਰਿਤਸਰ ਸ਼ਹਿਰ ਲਈ ਐਲਾਨੇ ਪ੍ਰਾਜੈਕਟ ਵੀ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਘਰ ਵਾਪਸੀ ਮੁਹਿੰਮ ਨੂੰ ਹੋਰ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਗਿਆ ਹੈ ਤੇ ਇਹ ਮੁਹਿੰਮ ਵੱਖ ਵੱਖ ਸੰਪਰਦਾਵਾਂ ਵਿੱਚ ਨਵੇਂ ਮੱਤਭੇਦ ਪੈਦਾ ਕਰੇਗੀ ਅਤੇ ਇਸ ਨਾਲ ਆਪਸੀ ਕੁੜੱਤਣ ਵਧੇਗੀ। ਇਸ ਮੌਕੇ ਉਨ੍ਹਾਂ ਅਸ਼ਵਨੀ ਸੇਖੜੀ ਅਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਆਦਿ ਹਾਜ਼ਰ ਸਨ।

Facebook Comment
Project by : XtremeStudioz