Close
Menu

ਕਿਸਾਨ ਖ਼ੁਦਕੁਸ਼ੀਆਂ ਰੋਕਣ ਲਈ ਉਤਪਾਦਕਤਾ ਵਧਾਉਣ ਦੀ ਲੋੜ: ਰਾਜਨ

-- 25 April,2015

ਚੰਡੀਗੜ੍ਹ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡਾ. ਰਘੂਰਾਮ ਰਾਜਨ ਨੇ  ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਗੁੰਝਲਦਾਰ ਸਮੱਸਿਆ ਦੱਸਦਿਆਂ ਇਸ ਵਰਤਾਰੇ ਨੂੰ ਰੋਕਣ ਲਈ ਖੇਤੀ ਸੈਕਟਰ ਵਿਚ ਪੂੰਜੀ ਨਿਵੇਸ਼ ਅਤੇ ਉਤਪਾਦਕਤਾ ਵਧਾਉਣ ਦਾ ਸੱਦਾ ਦਿਤਾ ਹੈ। ੳੁਹ ਅੱਜ ਇਥੇ ਕਰਿੱਡ ਵਲੋਂ ਕਰਵਾਏ ੲਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਮਸਲੇ ਦਾ ਨਾ ਇਕ ਕਾਰਨ ਹੈ ਤੇ ਨਾ ਇਨ੍ਹਾਂ ਨੂੰ ਰੋਕਣ ਲਈ ਕੋਈ ਇਕ ਹੱਲ ਹੈ। ਇਸ ਵਰਤਾਰੇ ਦੇ ਅਧਿਐਨ ਦੀ ਲੋੜ ਹੈ। ੳੁਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਸੂਬਿਆਂ ਦੇ ਨਾਲ ਪੰਜਾਬ ਅਤੇ ਹਰਿਆਣਾ ਵਿਚ ਵੀ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿਚ ਖੜੋਤ ਹੈ ਤੇ ਇਸ ਨੂੰ ਤੋੜਨ ਦੀ ਲੋੜ ਹੈ। ਖੇਤੀ ਉਤਪਾਦਕਤਾ ਵਧਾਉਣ ਲਈ ਖੇਤੀ ਵਿਚ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ ਤੇ ਭਾਰਤੀ ਰਿਜ਼ਰਵ ਬੈਂਕ ਨੇ ਖੇਤੀ ਸੈਕਟਰ ਨੂੰ ਕਰਜ਼ਾ ਦੇਣ ਲਈ ਆਪਣੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਚ ਆਈ ਅਚਾਨਕ ਤਬਦੀਲੀ ਨੇ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਵਧਾ ਦਿਤੀਆਂ ਹਨ। ੳੁਨ੍ਹਾਂ ਮੌਸਮੀ ਤਬਦੀਲੀਆਂ ਦੇ ਅਧਿਐਨ ’ਤੇ ਵੀ ਜ਼ੋਰ ਦਿੱਤਾ।
ਯੂਪੀਏ ਸਰਕਾਰ ਵਲੋਂ 2008 ਵਿਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਸਕੀਮ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਸੈਕਟਰ ਦਾ ਕਰਜ਼ਾ ਮੁਆਫ ਕੀਤਾ ਜਾਂਦਾ ਹੈ, ਉਸ ਵਿਚ ਪੈਸਾ ਆਉਣਾ ਘਟ ਜਾਂਦਾ ਹੈ ਕਿਉਂਕਿ ਕਰਜ਼ਾ ਦੇਣ ਵਾਲਾ ਅਦਾਰਾ ਪ੍ਰਭਾਵਿਤ ਹੁੰਦਾ ਹੈ। ਇਸ ਲਈ ਕਿਸੇ ਸਮੱਸਿਆ ਦੇ ਸਿੱਧੇ-ਸਾਦੇ ਹੱਲ ਕੱਢਣ ਤੋਂ ਬਚਣ ਦੀ ਲੋੜ ਹੈ। ੳੁਨ੍ਹਾਂ ਕਿਹਾ ਕਿ  ਜੇ ਦੇਸ਼ ਦੀ ਬਰਾਮਦ ਨਹੀਂ ਵਧਦੀ ਤਾਂ ਦੇਸ਼ ਨੂੰ ਆਪਣੀ ਘਰੇਲੂ ਮਾਰਕੀਟ ਦਾ ਘੇਰਾ ਵਧਾਉਣਾ ਪਵੇਗਾ। ਲੋਕਾਂ ਨੂੰ ਰੁਜ਼ਗਾਰ ਦੇਣ ਨਾਲ ਹੀ ਉਨ੍ਹਾਂ ਦੀ ਖਰੀਦ ਸ਼ਕਤੀ ਵਧ ਸਕਦੀ ਹੈ।  ਉਨ੍ਹਾਂ ਮੰਨਿਆ ਕਿ ਆਰਥਕ ਨਾਬਰਾਬਰੀ ਵਧਣ ਨਾਲ ਲੋਕਾਂ ਦੀ ਖਰੀਦ ਸ਼ਕਤੀ ਘਟਦੀ ਹੈ ਤੇ ਜਮਹੂਰੀ ਨਿਜ਼ਾਮ ਵਿਚ ਨਾਬਰਾਬਰੀ ਨੂੰ ਬਹੁਤੀ ਦੇਰ ਬਰਦਾਸ਼ਤ ਕਰਨਾ ਮੁਸ਼ਕਿਲ ਹੈ।
ਕਰਿੱਡ ਦੇ ਡਾਇਰੈਕਟਰ ਜਨਰਲ ਡਾ. ਸੁੱਚਾ ਸਿੰਘ ਗਿੱਲ ਦੇ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਕੌਮੀਕ੍ਰਿਤ ਬੈਂਕਾਂ ਦੇ ਨਿਜੀਕਰਨ ਦਾ ਕੋਈ ਸੁਝਾਅ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਡਾ. ਆਰ.ਐਸ. ਘੁੰਮਣ ਤੇ ਹੋਰਨਾਂ ਵਲੋਂ ਪੁੱਛੇ ਸੁਆਲਾਂ ਦੇ ਜੁਆਬ ਵੀ ਦਿਤੇ। ਕਰਿੱਡ ਦੇ ਕਾਰਜਕਾਰੀ ਡਾਇਰੈਕਟਰ ਰਛਪਾਲ ਮਲਹੋਤਰਾ ਨੇ ਸੁਆਗਤ ਕੀਤਾ ਅਤੇ ਸਿਹਤ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਧੰਨਵਾਦ ਦੇ ਸ਼ਬਦ ਕਹੇ।

Facebook Comment
Project by : XtremeStudioz