Close
Menu

ਕਿਸਾਨ ਮੇਲੇ ਦੀ ਸਟੇਜ ਉੱਤੇ ਕਿਸਾਨਾਂ ਨੇ ਕੀਤਾ ਕਬਜ਼ਾ

-- 01 October,2015

ਗੁਰਦਾਸਪੁਰ, ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਕੇਂਦਰ ਵਿੱਚ ਅੱਜ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਸਥਿਤੀ ਉਦੋਂ ਤਣਾਅਪੂਰਨ ਹੋ ਗਈ, ਜਦੋਂ ਕਿਸਾਨਾਂ ਵੱਲੋਂ ਗਠਿਤ ਸੰਗਠਨ ‘ਪੱਗੜੀ ਸੰਭਾਲ ਜੱਟਾ ਲਹਿਰ’ ਦੇ ਕਾਰਕੁਨਾਂ ਨੇ ਪ੍ਰਬੰਧਕਾਂ ਨੂੰ ਖਦੇੜ ਕੇ ਸਟੇਜ ’ਤੇ ਕਬਜ਼ਾ ਕਰ ਲਿਆ। ਇਸ ਮੌਕੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਤਾਇਨਾਤ ਪੁਲੀਸ ਨੇ ਸਥਿਤੀ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਰੋਹ ਅੱਗੇ ੳੁਹ ਅਸਫ਼ਲ ਰਹੀ। ਸਥਿਤੀ ਦੇ ਮੱਦੇਨਜ਼ਰ ਮੁੱਖ ਤੇ ਵਿਸ਼ੇਸ਼ ਮਹਿਮਾਨ ਮੇਲੇ ਵਿੱਚ ਨਹੀਂ ਪੁੱਜ ਸਕੇ। ਗੌਰਤਲਬ ਹੈ ਕਿ ਕਿਸਾਨਾਂ ਨੂੰ ਖੇਤੀ ਤਕਨੀਕਾਂ ਤੋਂ ਜਾਣੂੁੰ ਕਰਾਉਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿੱਚ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਸੀ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਕਈ ਦਿਨਾਂ ਤੋਂ ਪੱਬਾਂ ਭਾਰ ਸੀ। ਪੱਗੜੀ ਸੰਭਾਲ ਜੱਟਾ ਲਹਿਰ ਨੇ ਕਈ ਦਿਨ ਪਹਿਲਾਂ ਹੀ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਮੇਲਾ ਨਾ ਹੋਣ ਦੀ ਚੇਤਾਵਨੀ ਦਿੱਤੀ ਸੀ। ਜਿਵੇਂ ਹੀ ਅੱਜ ਸਵੇਰੇ ਮੇਲਾ ਸ਼ੁਰੂ ਹੋਇਆ ਤਾਂ ਲਹਿਰ ਦੇ ਕਾਰਕੁਨ ਕੰਵਲਜੀਤ ਸਿੰਘ ਕਾਕੀ ਦੀ ਅਗਵਾਈ ਵਿੱਚ ਨਾਅਰੇ ਲਾਉਂਦੇ ਮੇਲਾ ਸਥਾਨ ਉੱਤੇ ਆ ਗਏ। ਇਨ੍ਹਾਂ ਨੂੰ ਵੇਖਦਿਆਂ ਮੁੱਖ ਗੇਟ ਉੱਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਗੇਟ ਬੰਦ ਕਰ ਦਿੱਤਾ।  ਇਸ ਦੌਰਾਨ ਲਹਿਰ ਦੇ ਆਗੂ ਕੰਵਲਪ੍ਰੀਤ ਸਿੰਘ ਅਤੇ ਇਕ ਪੁਲੀਸ ਮੁਲਾਜ਼ਮ ਵਿਚਾਲੇ ਤਕਰਾਰ ਹੋ ਗਿਆ। ਪੁਲੀਸ ਸਖ਼ਤੀ ਦੇ ਬਾਵਜੂਦ ਲਹਿਰ ਦੇ ਕਾਰਕੁਨ ਸਾਰੀਆਂ ਰੁਕਾਵਟਾਂ ਤੋੜਦਿਆਂ ਮੇਲੇ ਵਿੱਚ ਦਾਖ਼ਲ ਹੋ ਗਏ। ਸਮਾਗਮ ਵਾਲੀ ਥਾਂ ਪੁੱਜ ਕੇ ਮੰਚ ਉੱਤੇ ਕਬਜ਼ਾ ਕਰ ਲਿਆ ਅਤੇ ਕਿਸਾਨ ਮੇਲੇ ਦਾ ਬੋਰਡ ਉਤਾਰ ਕੇ ਆਪਣਾ ਬੋਰਡ ਟੰਗ ਦਿੱਤਾ। ਇਸ ਦੌਰਾਨ ਮੇਲੇ ਵਾਲੀ ਥਾਂ ਲੱਗੇ ਸਾਰੇ ਹੋਰਡਿੰਗ ਤੇ ਪੋਸਟਰਾਂ ਨੂੰ ਹਟਾ ਦਿੱਤਾ ਗਿਆ। ਮਾਮਲੇ ਦੀ ਨਜ਼ਾਕਤ ਨੂੰ ਵੇਖਦਿਆਂ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਵੀ ਮੌਕੇ ਉੱਤੇ ਪੁੱਜ ਗਏ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਹਿਰ ਦੇ ਕਾਰਕੁਨ ਕੁਝ ਸੁਣਨ ਲਈ ਤਿਆਰ ਨਹੀਂ ਸਨ। ਇਸ ਦੌਰਾਨ ਇੰਸਪੈਕਟਰ ਗੁਰਦੀਪ ਸਿੰਘ ਨੇ ਲਹਿਰ ਦੇ ਆਗੂ ਕੰਵਲਜੀਤ ਸਿੰਘ ਕਾਕੀ ਨੂੰ ਜ਼ਿਲ੍ਹਾ ਪੁਲੀਸ ਮੁਖੀ ਨਾਲ ਗੱਲਬਾਤ ਲਈ ਰਾਜ਼ੀ ਕਰ ਲਿਆ। ਇਸ ਮੌਕੇ ਸ੍ਰੀ ਕਾਕੀ ਧੱਕਾਮੁੱਕੀ ਕਰਨ ਵਾਲੇ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਉੱਤੇ ਅੜ ਗਏ। ਆਖ਼ਰ ਜ਼ਿਲ੍ਹਾ ਪੁਲੀਸ ਮੁਖੀ ਨੇ ਸਬੰਧਤ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਨਾ ਮੰਨ ਲਿਆ। ਇਸ ਮਗਰੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਹੀ ਆਪਣਾ ਸੰਘਰਸ਼ ਖ਼ਤਮ ਕਰਨ ਦੀ ਮੰਗ ਅੱਗੇ ਰੱਖ ਦਿੱਤੀ। ਡਿਪਟੀ ਕਮਿਸ਼ਨਰ ਤਾਂ ਮੰਗ ਪੱਤਰ ਲੈਣ ਨਹੀਂ ਪੁੱਜੇ ਪਰ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰ ਸਿੰਘ ਗਰੇਵਾਲ ਨੇ ਮੌਕੇ ਉੱਤੇ ਪੁੱਜ ਕੇ ਮੰਗ ਪੱਤਰ ਪ੍ਰਾਪਤ ਕੀਤਾ।
ਇਸ ਮੌਕੇ ਗੁਰਨਾਮ ਸਿੰਘ, ਠਾਕੁਰ ਬਲਰਾਜ ਸਿੰਘ, ਮਨਦੀਪ ਸਿੰਘ ਚੀਮਾ, ਸ਼ਰਨੀਤ ਸਿੰਘ, ਸੋਹਣ ਸਿੰਘ ਗਿੱਲ, ਜਗਤਾਰ ਸਿੰਘ ਅਤੇ ਜਗਦੀਪ ਸਿੰਘ ਹਾਜ਼ਰ ਸਨ।

Facebook Comment
Project by : XtremeStudioz