Close
Menu

ਕਿੰਨਰਾਂ ਬਾਰੇ ਬਿੱਲ ਦਾ ਮੌਜੂਦਾ ਸਰੂਪ ਰਾਜ ਸਭਾ ਮੈਂਬਰਾਂ ਨੂੰ ਮਨਜ਼ੂਰ ਨਹੀਂ

-- 29 December,2018

ਨਵੀਂ ਦਿੱਲੀ, 29 ਦਸੰਬਰ
ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓਬ੍ਰਾਇਨ ਤੇ ਕਾਂਗਰਸ ਦੇ ਰਾਜੀਵ ਗੌੜਾ ਸਮੇਤ ਹੋਰਨਾਂ ਰਾਜ ਸਭਾ ਮੈਂਬਰਾਂ ਨੇ ਅੱਜ ਕਿੰਨਰ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਦੇ ਹੱਕਾਂ ਦੀ ਸੁਰੱਖਿਆ ਨਾਲ ਸਬੰਧਤ ਬਿੱਲ ਨੂੰ ਉਹਦੇ ਮੌਜੂਦਾ ਸਰੂਪ ਵਿੱਚ ਉਪਰਲੇ ਸਦਨ ’ਚ ਪਾਸ ਨਹੀਂ ਹੋਣ ਦੇਣਗੇ। ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਇਸ ਬਿੱਲ ਨੂੰ ਤਰਮੀਮਾਂ ਲਈ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਉਧਰ ਕਿੰਨਰ ਭਾਈਚਾਰੇ ਦੇ ਮੈਂਬਰਾਂ ਨੇ ਅੱਜ ਇਥੇ ਜੰਤਰ-ਮੰਤਰ ਉੱਤੇ ਰੋਸ ਮੁਜ਼ਾਹਰਾ ਕਰਦਿਆਂ ਬਿੱਲ ਨੂੰ ਖ਼ਤਰਨਾਕ ਕਾਨੂੰਨੀ ਦਸਤਾਵੇਜ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਿੱਲ ਖ਼ਿਲਾਫ਼ ਜਤਾਏ ਗਏ ਉਜਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਥੇ ਰਾਜ ਸਭਾ ਵਿੱਚ ਸ੍ਰੀ ਗੌੜਾ ਨੇ ਕਿਹਾ ਕਿ ਇਸ ਬਿੱਲ ਰਾਹੀਂ ‘ਵੱਡੇ ਅਨਿਆਂ’ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਕਾਂਗਰਸ ਤਰਜਮਾਨ ਨੇ ਕਿਹਾ, ‘ਅਸੀਂ ਅੱਖੀਂ ਵੇਖਿਆ ਹੈ ਕਿ ਲੋਕ ਸਭਾ ਵਿੱਚ ਬਿੱਲ ਨੂੰ ਬਹੁਤੀ ਬਹਿਸ ਤੋਂ ਬਿਨਾਂ ਹੀ ਪਾਸ ਕਰ ਦਿੱਤਾ ਗਿਆ। ਬਿੱਲ, ਜੋ ਇਹ ਦਾਅਵਾ ਕਰਦਾ ਹੈ ਕਿ ਉਹ ਕਿੰਨਰ ਭਾਈਚਾਰੇ ਦੇ ਹੱਕਾਂ ਦੀ ਰਾਖੀ ਕਰੇਗਾ, ਅਸਲ ਵਿੱਚ ਬਿਲਕੁਲ ਉਲਟ ਹੈ।’ ਉਨ੍ਹਾਂ ਕਿਹਾ ਬਿੱਲ ਜਦੋਂ ਰਾਜ ਸਭਾ ਵਿੱਚ ਰੱਖਿਆ ਜਾਵੇਗਾ ਤਾਂ ਸਾਰੇ ਸੰਸਦ ਮੈਂਬਰ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਣਗੇ। ਇਸ ਨਾਲ ਬਿੱਲ ਵਿੱਚ ਸੁਧਾਰ ਦੇ ਨਾਲ ਇਹਦੇ ਨਾਕਾਰਾਤਮਕ ਪਹਿਲੂਆਂ ਨੂੰ ਖ਼ਤਮ ਕੀਤਾ ਜਾ ਸਕੇਗਾ। ਡੀਐਮਕੇ ਦੇ ਰਾਜ ਸਭਾ ਮੈਂਬਰ ਤਿਰੁਚੀ ਸਿਵਾ ਨੇ ਬਿੱਲ ਨੂੰ ‘ਹਾਸੋਹੀਣਾ’ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਇਹ ਭੋਰਾ ਵੀ ਨਹੀਂ ਪਤਾ ਕਿ ਕਿੰਨਰ ਕੌਣ ਹੁੰਦੇ ਹਨ। ਆਪਣੇ ਆਪ ਨੂੰ ਕਿੰਨਰ ਸਾਬਤ ਕਰਨ ਲਈ ਮੈਡੀਕਲ ਟੈਸਟ ਦੇਣਾ, ਬਿੱਲ ਰਾਹੀਂ ਦਿੱਤਾ ਹੱਕ ਨਹੀਂ ਬਲਕਿ ਬੇਇੱਜ਼ਤੀ ਹੈ। ਸੀਪੀਆਈ(ਐਮ) ਦੇ ਏਲਾਮਾਰਮ ਕਰੀਮ ਨੇ ਵੀ ਬਿੱਲ ਦੀ ਹਮਾਇਤ ਕਰਦਿਆਂ ਇਸ ਦੇ ਮੌਜੂਦਾ ਸਰੂਪ ’ਤੇ ਇਤਰਾਜ਼ ਜਤਾਇਆ।

Facebook Comment
Project by : XtremeStudioz