Close
Menu

ਕੀਟਨਾਸ਼ਕਾਂ ਦੀ ਵਿਵਾਦਪੂਰਨ ਖਰੀਦ ਲਈ ਵਿਰੋਧੀ ਧਿਰ ਮੇਰਾ ਨਾਮ ਬੇਵਜ੍ਹਾ ਘੜੀਸ ਰਹੀ ਹੈ- ਤੋਤਾ ਸਿੰਘ

-- 24 September,2015

ਚੰਡੀਗੜ੍ਹ, 24 ਸਤੰਬਰ:  ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਵੱਲੋਂ ਸੌੜੇ ਸਿਆਸੀ ਹਿੱਤਾਂ ਦੇ ਕਾਰਨ ਉਨ੍ਹਾਂ ਦਾ ਨਾਮ ਕੀਟਨਾਸ਼ਕਾਂ ਦੀ ਵਿਵਾਦਪੂਰਨ ਖਰੀਦ ਵਿੱਚ ਬੇਵਜ੍ਹਾ ਘੜੀਸਿਆ ਜਾ ਰਿਹਾ ਹੈ।
ਵਿਧਾਨ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਸੂਬੇ ‘ਚ ਮੌਜੂਦਾ ਖੇਤੀ ਸੰਕਟ ਬਾਰੇ ਪੇਸ਼ ਕੀਤੇ ਮਤੇ ‘ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਵੱਲੋਂ ਲਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਆਪਣਾ ਪੱਖ ਰੱਖਦੇ ਹੋਏ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਚਿੱਟੀ ਮੱਖੀ ਦੇ ਕਾਰਨ ਨਰਮੇ ਦੀ ਫਸਲ ਨੂੰ ਹੋਏ ਨੁਕਸਾਨ ਲਈ ਸਿਰਫ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਖਰੀਦੇ ਗਏ ਕੀਟਨਾਸ਼ਕਾਂ ਦਾ ਮਿਆਰ ਘਟੀਆ ਹੋਣਾ ਹੀ ਨਹੀਂ ਹੈ ਸਗੋਂ ਮਾਲਵਾ ਪੱਟੀ ਵਿੱਚ ਚਿੱਟੀ ਮੱਖੀ ਦੇ ਕਾਰਨ ਨਰਮੇ ਨੂੰ ਹੋਇਆ ਭਾਰੀ ਨੁਕਸਾਨ ਇਕ ਕੁਦਰਤੀ ਆਫਤ ਵੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਬੇਮੌਸਮੀ ਮੀਂਹ ਦੇ ਕਾਰਨ ਕਣਕ ਦੀ ਵਢਾਈ ਪਛੜ ਕੇ ਹੋਈ ਜਿਸ ਦੇ ਨਤੀਜੇ ਵਜੋਂ ਅੱਗੇ ਨਰਮੇ ਦੀ ਬਿਜਾਈ ਵੀ ਪਛੇਤੀ ਹੋਈ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਮੀਂਹ ਦੀ ਘਾਟ ਦੇ ਕਾਰਨ ਇਹ ਸਥਿਤੀ ਹੋਰ ਵੀ ਖਰਾਬ ਹੋਈ ਕਿਉਂਕਿ ਜ਼ਿਆਦਾ ਤਾਪਮਾਨ ਤੇ ਨਮੀ ਇਸ ਦੇ ਨੁਕਸਾਨ ਦੀ ਮੁੱਖ ਵਜ੍ਹਾ ਬਣੀ ਜੋ ਕਿ ਹਰੇਕ ਦੀ ਕਲਪਨਾ ਤੋਂ ਬਾਹਰ ਦੀ ਗੱਲ ਸੀ।
ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇਸ ਮੌਸਮ ਦੌਰਾਨ ਮੀਂਹ ਦੀ ਘਾਟ ਕਾਰਨ ਚਿੱਟੀ ਮੱਖੀ ਦੀ ਸਮੱਸਿਆ ਵਧੀ ਹੈ ਜਿਸ ਦੇ ਨਤੀਜੇ ਵਜੋਂ ਨਰਮੇ ‘ਤੇ ਚਿੱਟੀ ਮੱਖੀ ਦਾ ਹਮਲਾ ਤੇਜ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੀਂਹ ਦੇ ਕਾਰਨ ਚਿੱਟੀ ਮੱਖੀ ਦਾ ਲਾਰਵਾ ਧੋਤਾ ਜਾਂਦਾ ਸੀ ਪਰ ਬਦਕਿਸਮਤੀ ਨਾਲ ਇਸ ਸਾਲ ਅਜਿਹਾ ਨਹੀਂ ਹੋਇਆ ਜਿਸ ਦੇ ਕਾਰਨ ਕਿਸਾਨੀ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ। ਮੰਤਰੀ ਨੇ ਕਿਹਾ ਕਿ ਇਹ ਸਮੁੱਚਾ ਘਟਨਾਕ੍ਰਮ ‘ਕੁਦਰਤੀ ਆਫਤ’ ਤੋਂ ਰੱਤੀ ਭਰ ਵੀ ਘੱਟ ਨਹੀਂ ਹੈ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਇਸ ਸਮੁੱਚੀ ਘਟਨਾ ਨੂੰ ਵੱਖਰਾ ਰੰਗ ਚਾੜ੍ਹਨ ‘ਤੇ ਤੁਲੀ ਹੋਈ ਹੈ।
ਜਥੇਦਾਰ ਤੋਤਾ ਸਿੰਘ ਨੇ ਅੱਗੇ ਕਿਹਾ ਕਿ ਸ੍ਰੀ ਜਾਖੜ ਵੱਲੋਂ ਵੱਡਾ ਨੁਕਸਾਨ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਤੁਰੰਤ ਗਿਰਦਾਵਰੀ ਦੀ ਮੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਉਸੇ ਵੇਲੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਨਰਮਾ ਉਤਪਾਦਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਦੇ ਲਈ ਅਪੀਲ ਕੀਤੀ। ਮੰਤਰੀ ਨੇ ਕਿਹਾ ਕਿ ਸ. ਬਾਦਲ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਾਲਵਾ ਪੱਟੀ ਵਿੱਚ ਕਪਾਹ ਦੀ ਖੜ੍ਹੀ ਫਸਲ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਗਿਰਦਾਵਰੀ ਦੇ ਹੁਕਮ ਤੁਰੰਤ ਜਾਰੀ ਕਰ ਦਿੱਤੇ ਸਨ ਤਾਂ ਕਿ ਪ੍ਰਭਾਵਿਤ ਕਪਾਹ ਉਤਪਾਦਕਾਂ ਨੂੰ ਯੋਗ ਮੁਆਵਜ਼ੇ ਦਾ ਭੁਗਤਾਨ ਕੀਤਾ ਜਾ ਸਕੇ।
ਵਿਰੋਧੀ ਧਿਰ ‘ਤੇ ਤਿੱਖੇ ਹਮਲੇ ਕਰਦੇ ਹੋਏ ਜਥੇਦਾਰ ਤੋਤਾ ਸਿੰਘ ਨੇ ਸਿਰਫ ਜਾਅਲੀ ਕੀਟਨਾਸ਼ਕਾਂ ਦੇ ਕਾਰਨ ਨਰਮੇ ਦੀ ਫਸਲ ਨੂੰ ਸਮੁੱਚਾ ਨੁਕਸਾਨ ਹੋਣ ਬਾਰੇ ਵਿਰੋਧੀ ਧਿਰ ਦੇ ਤੱਥਾਂ ਨੂੰ ਰੱਦ ਕੀਤਾ।  ਉਨ੍ਹਾਂ ਕਿਹਾ ਕਿ ਇਸ ਵਾਰ 11.25 ਹੈਕਟੇਅਰ ਰਕਬੇ ਵਿੱਚ ਨਰਮਾ ਬੀਜਿਆ ਗਿਆ ਸੀ ਜਦਕਿ ਖੇਤੀਬਾੜੀ ਵਿਭਾਗ ਵੱਲੋਂ ਖਰੀਦੇ ਗਏ ਕੀਟਨਾਸ਼ਕਾਂ ਦੀ ਵਰਤੋਂ 92167 ਹੈਕਟੇਅਰ (10-15 ਫੀਸਦੀ) ਰਕਬੇ ਵਿੱਚ ਕੀਤੀ ਗਈ ਸੀ ਜਦਕਿ 85-90 ਫੀਸਦੀ ਰਕਬੇ ਵਿੱਚ ਕਿਸਾਨਾਂ ਵੱਲੋਂ ਆਪਣੇ ਪੱਧਰ ‘ਤੇ ਖਰੀਦੇ ਗਏ ਕੀਟਨਾਸ਼ਕ ਪਾਏ ਗਏ ਸਨ। ਮੰਤਰੀ ਨੇ ਕਿਹਾ ਕਿ 4.5 ਲੱਖ ਹੈਕਟੇਅਰ ਰਕਬੇ ਵਿੱਚੋਂ 1.36 ਲੱਖ ਹੈਕਟੇਅਰ (30 ਫੀਸਦੀ) ‘ਤੇ ਮੱਖੀ ਦਾ ਹਮਲਾ ਹੋਇਆ ਹੈ ਜਦਕਿ ਹਰਿਆਣਾ ਵਿੱਚ 5.8 ਲੱਖ ਹੈਕਟੇਅਰ ਰਕਬੇ ਵਿੱਚੋਂ 3.06 ਲੱਖ ਹੈਕਟੇਅਰ (52 ਫੀਸਦੀ) ਰਕਬੇ ਅਤੇ ਰਾਜਸਥਾਨ ਵਿੱਚ 100 ਫੀਸਦੀ ਗੁਆਰ ਨੂੰ ਨੁਕਸਾਨ ਹੋਇਆ ਹੈ।
ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕੀੜੇਮਾਰ ਦਵਾਈਆਂ ਦੀ ਕੁਆਲਟੀ ਦੀ ਜਾਂਚ ਲਈ ਅਤੇ ਇਨ੍ਹਾਂ ਦਵਾਈਆਂ ਦੀ ਖਰੀਦ ਲਈ ਅਪਣਾਈ ਨੀਤੀ ਦੀ ਜਾਂਚ ਲਈ ਉਨ੍ਹਾਂ ਨੇ ਫੌਰੀ ਤੌਰ ‘ਤੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਵਾਈ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਅਦਾਇਗੀ ਵੀ ਫੌਰੀ ਤੌਰ ‘ਤੇ ਰੋਕਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੀੜੇਮਾਰ ਦਵਾਈਆਂ ਦੀ ਜਾਂਚ ਲਈ 1 ਅਪ੍ਰੈਲ, 2015 ਤੋਂ 20 ਸਤੰਬਰ, 2015 ਤੱਕ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੌਰਾਨ ਕੁਲ 1984 ਸੈਂਪਲ ਲਏ ਗਏ ਜਿਨ੍ਹਾਂ ਵਿਚ 59 ਸੈਂਪਲ ਫੇਲ ਪਾਏ ਗਏ ਹਨ।

Facebook Comment
Project by : XtremeStudioz