Close
Menu

ਕੀਰਤੀ ਆਜ਼ਾਦ ਕਾਂਗਰਸ ਵਿੱਚ ਸ਼ਾਮਲ

-- 19 February,2019

ਨਵੀਂ ਦਿੱਲੀ, 19 ਫਰਵਰੀ
ਦਰਭੰਗਾ ਤੋਂ ਸੰਸਦ ਮੈਂਬਰ ਕੀਰਤੀ ਆਜ਼ਾਦ ਅੱਜ ਰਸਮੀ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵਿੱਚ ਦਾਖ਼ਲੇ ਨੂੰ ‘ਘਰ ਵਾਪਸੀ’ ਦਸਦਿਆਂ ਆਜ਼ਾਦ ਨੇ ਆਪਣੀ ਸਾਬਕਾ ਪਾਰਟੀ ਭਾਜਪਾ ਨੂੰ ਕਥਿਤ ਅੰਦਰੂਨੀ ਜਮਹੂਰੀਅਤ ਦੀ ਘਾਟ ਲਈ ਭੰਡਿਆ। ਉਨ੍ਹਾਂ ਕਿਹਾ ਕਿ ਭਾਜਪਾ ਆਕਰਸ਼ਕ ਭਾਸ਼ਣਾਂ ਤਕ ਹੀ ਸੀਮਤ ਹੈ। ਪਾਰਟੀ ਵਿਰੋਧੀ ਸਰਗਰਮੀਆਂ ਦੇ ਚਲਦਿਆਂ ਸੱਤਾਧਾਰੀ ਭਾਜਪਾ ਤੋਂ ਮੁਅੱਤਲ ਕੀਤੇ ਆਜ਼ਾਦ ਨੇ ਅੱਜ ਸਵੇਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਰਸਮੀ ਤੌਰ ’ਤੇ ਕਾਂਗਰਸ ਵਿੱਚ ਦਾਖ਼ਲ ਹੋ ਗਏ। ਮਗਰੋਂ ਦਿਨ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ 60 ਸਾਲਾਂ ਨੂੰ ਢੁੱਕੇ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਸੁਆਰਥ ਦੇ 26 ਸਾਲਾਂ ਤਕ ਭਾਜਪਾ ਦੀ ਸੇਵਾ ਕੀਤੀ, ਪਰ ਮੋਦੀ ਸਰਕਾਰ ਅਧੀਨ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ‘ਮੁਖੌਟੇ ਪਿਛਲਾ ਅਸਲ ਚਿਹਰਾ ਸਾਹਮਣੇ ਆਉਣ ਲੱਗਾ ਹੈ।’ ਆਜ਼ਾਦ ਨੇ ਕਿਹਾ, ‘ਜਦੋਂ ਮੈਂ ਜੁਮਲੇ ਸੁਣਦਾ ਸੀ ਤਾਂ ਮੈਨੂੰ ਦੁੱਖ ਹੁੰਦਾ ਸੀ। ਮੈਂ ਭ੍ਰਿਸ਼ਟਾਚਾਰ ਅੱਖੀਂ ਵੇਖਿਆ…ਮੈਨੂੰ ਲੱਗਿਆ ਕਿ ਜਿਸ ਥਾਂ ਤੋਂ ਮੇਰੇ ਪਿਤਾ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਦੇਸ਼ ਦੀ ਸੇਵਾ ਕੀਤੀ, ਮੈਨੂੰ ਵੀ ਘਰ ਵਾਪਸੀ ਕਰਦਿਆਂ ਉਥੇ ਹੀ ਸੇਵਾ ਕਰਨੀ ਚਾਹੀਦੀ ਹੈ। ਮੈਂ ਘਰ ਵਾਪਸੀ ਕੀਤੀ ਹੈ।’ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਆਜ਼ਾਦ ਨੂੰ ਸਾਲ 2015 ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਲਾਏ ਜਾਣ ਮਗਰੋਂ ਭਾਜਪਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।

Facebook Comment
Project by : XtremeStudioz