Close
Menu

ਕੁਪਵਾੜਾ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ

-- 04 March,2019

ਸ੍ਰੀਨਗਰ, 4 ਮਾਰਚ
ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਹੁਣ ਤਕ ਦੇ ਸਭ ਤੋਂ ਲੰਮੇ (60 ਘੰਟੇ) ਅਤਿਵਾਦ ਵਿਰੋਧੀ ਅਪਰੇਸ਼ਨ ਵਿੱਚ ਸਲਾਮਤੀ ਦਸਤਿਆਂ ਨੇ ਜਿੱਥੇ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ, ਉਥੇ ਪੰਜ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਤੇ ਇਕ ਸਿਵਲੀਅਨ ਦੀ ਵੀ ਜਾਨ ਜਾਂਦੀ ਰਹੀ। ਮਾਰੇ ਗਏ ਦਹਿਸ਼ਤਗਰਦਾਂ ਵਿੱਚੋਂ ਇਕ ਪਾਕਿਸਤਾਨੀ ਨਾਗਰਿਕ ਹੈ। ਸ਼ਹੀਦ ਸੁਰੱਖਿਆ ਕਰਮੀਆਂ ’ਚ ਸੀਆਰਪੀਐਫ਼ ਦਾ ਇਕ ਅਧਿਕਾਰੀ ਤੇ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਤਰਜਮਾਨ ਨੇ ਕਿਹਾ ਕਿ ਕੁਪਵਾੜਾ ਦੇ ਬਾਬਾਗੁੰਡ ਖੇਤਰ ਵਿੱਚ ਹੋਏ ਮੁਕਾਬਲੇ ਦੌਰਾਨ ਭੂਗੋਲਿਕ ਸਥਿਤੀਆਂ ਕਰਕੇ ਸੁਰੱਖਿਆ ਬਲਾਂ ਨੂੰ ਖਾਸੀਆਂ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪਿਆ।
ਕਸ਼ਮੀਰ ਦੇ ਆਈਜੀਪੀ ਸਵਯਮ ਪ੍ਰਕਾਸ਼ ਪਾਨੀ ਨੇ ਕਿਹਾ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਸਮੱਗਰੀ ਤੋਂ ਇਹੀ ਪ੍ਰਭਾਵ ਜਾਂਦਾ ਹੈ ਕਿ ਮਾਰੇ ਗਏ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਇਕ ਦਹਿਸ਼ਤਗਰਦ ਦੀ ਪਛਾਣ ਪਾਕਿਸਤਾਨ ਦੇ ਕਾਲੀਮੁੱਲ੍ਹਾ ਵਜੋਂ ਹੋਈ ਹੈ। ਸੂਤਰਾਂ ਨੇ ਕਿਹਾ ਕਿ ਮੁਕਾਬਲਾ ਇੰਨਾ ਲੰਮਾ ਖਿੱਚਣ ਦੀ ਵਜ੍ਹਾ ਦਹਿਸ਼ਤਗਰਦਾਂ ਵੱਲੋਂ ਵਾਰ ਵਾਰ ਆਪਣਾ ਟਿਕਾਣਾ ਬਦਲਣਾ ਸੀ। ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਮੁਕਾਬਲਾ ਸ਼ੁਰੂ ਹੋਣ ਦੇ ਪਹਿਲੇ ਚਾਰ ਘੰਟਿਆਂ ਮਗਰੋਂ ਸੁਰੱਖਿਆ ਬਲਾਂ ਨੂੰ ਇਕ ਵਾਰ ਲੱਗਿਆ ਕਿ ਉਨ੍ਹਾਂ ਘਰ ਵਿੱਚ ਲੁਕੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਪਰ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਇਕ ਘਰ ਦਾ ਮਲਬਾ ਫਰੋਲੇ ਜਾਣ ਮੌਕੇ ਨੇੜੇ ਹੀ ਲੁਕੇ ਇਕ ਦਹਿਸ਼ਤਗਰਦ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ ਚਾਰ ਸੁਰੱਖਿਆ ਕਰਮੀ ਸ਼ਹੀਦ ਤੇ ਇਕ ਸੀਆਰੀਪੀਐਫ ਕਮਾਂਡੈਂਟ ਸਮੇਤ ਛੇ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀ ਜਵਾਨਾਂ ਵਿੱਚੋਂ ਹੀ ਇਕ ਹੈੱਡ ਕਾਂਸਟੇਬਲ ਐੱਸ.ਐੱਨ.ਯਾਦਵ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੱਜ ਦਮ ਤੋੜ ਦਿੱਤਾ। ਪੁਲੀਸ ਨੇ ਅੱਜ ਸਵੇਰੇ ਸੱਜਰਾ ਹੱਲਾ ਬੋਲਦਿਆਂ ਘਰ ਵਿੱਚ ਲੁਕੇ ਦੋਵਾਂ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਇਸ ਪੂਰੀ ਕਾਰਵਾਈ ਦੌਰਾਨ ਪੁਲੀਸ ਨੂੰ ਤਿੰਨ ਘਰਾਂ ਨੂੰ ਤਬਾਹ ਕਰਨਾ ਪਿਆ।
ਪੁਲੀਸ ਤਰਜਮਾਨ ਨੇ ਕਿਹਾ, ‘ਜਿਹੜੇ ਖੇਤਰ ਵਿੱਚ ਦਹਿਸ਼ਤਗਰਦ ਲੁਕੇ ਹੋਏ ਸਨ, ਉਹ ਬੇਹੱਦ ਭੀੜਾ ਇਲਾਕਾ ਸੀ ਤੇ ਮੁਕਾਬਲੇ ਵਾਲੀ ਥਾਂ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ ਜਾਣਾ ਸੀ।’ ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਹਥਿਆਰਾਂ ਤੇ ਗੋਲੀਸਿੱਕੇ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ ਹੈ। ਸੁਰੱਖਿਆ ਬਲਾਂ ਨੇ ਧਮਾਕਾਖੇਜ਼ ਸਮੱਗਰੀ ਦੇ ਚਲਦਿਆਂ ਲੋਕਾਂ ਨੂੰ ਹਾਲ ਦੀ ਘੜੀ ਮੁਕਾਬਲੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਹੈ। ਪੁਲੀਸ ਨੇ ਖੇਤਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨੇ ਜਾਣ ਤਕ ਲੋਕਾਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ।
ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਦੋਵਾਂ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹੈੱਡ ਕਾਂਸਟੇਬਲ ਯਾਦਵ ਦੀ ਸੱਜਰੀ ਮੌਤ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਪੰਜ ਹੋ ਗਈ ਹੈ। ਦੋ ਸੀਆਰਪੀਐਫ਼ ਜਵਾਨ ਇੰਸਪੈਕਟਰ ਪਿੰਟੂ ਤੇ ਕਾਂਸਟੇਬਲ ਵਿਨੋਦ ਅਤੇ ਦੋ ਪੁਲੀਸ ਮੁਲਾਜ਼ਮਾਂ ਕਾਂਸਟੇਬਲਾਂ ਨਸੀਰ ਅਹਿਮਦ ਤੇ ਗੁਲਾਮ ਮੁਸਤਫ਼ਾ ਬਾਰਾਹ ਸ਼ੁੱਕਰਵਾਰ ਨੂੰ ਸ਼ਹੀਦ ਹੋ ਗਏ ਸਨ। ਮੁਕਾਬਲੇ ਦੌਰਾਨ ਫ਼ੌਤ ਹੋਣ ਵਾਲੇ ਸਿਵਲੀਅਨ ਦੀ ਪਛਾਣ ਵਸੀਮ ਅਹਿਮਦ ਮੀਰ ਵਜੋਂ ਹੋਈ ਹੈ।

Facebook Comment
Project by : XtremeStudioz