Close
Menu

ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨੇ ਕੈਪਟਨ-ਬਾਦਲ-ਮੋਦੀ ਮਿਲੀਭੁਗਤ ਦੀ ਪੋਲ ਖੋਲ੍ਹੀ-ਹਰਪਾਲ ਸਿੰਘ ਚੀਮਾ

-- 08 April,2019

ਚੰਡੀਗੜ੍ਹ 8 ਅਪ੍ਰੈਲ 2019

ਆਮ ਆਦਮੀ ਪਾਰਟੀ (ਆਪ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਹਿਮ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕੀਤੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਬਾਦਲ ਪਰਿਵਾਰ ਮਨਮਾਨੀ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਇਸ ਮਾਮਲੇ ਵਿੱਚ ਬਾਦਲ, ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਮਿਲੀਭੁਗਤ ਬਾਰੇ ‘ਆਪ’ ਦੇ ਸ਼ੰਕੇ ਸੱਚ ਸਾਬਤ ਹੋਏ ਹਨ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਪੱਖਪਾਤੀ ਭੂਮਿਕਾ ਦੇ ਨਾਲ-ਨਾਲ ਭਾਰਤੀ ਮੁੱਖ ਚੋਣ ਕਮਿਸ਼ਨ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਬਾਦਲਾਂ ਨੇ ਲੋਕ ਸਭਾ ਚੋਣਾਂ ਲੰਘਣ ਤੱਕ ਕੁੰਵਰ ਵਿਜੈ ਪ੍ਰਤਾਪ ਦੀ ਜਾਂਚ ਤੋਂ ਖਹਿੜਾ ਛੁਡਾਉਣ ਲਈ ਚੋਣ ਕਮਿਸ਼ਨ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਹੈ। ਜਿਸ ਨਾਲ ਚੋਣ ਕਮਿਸ਼ਨ ਵਰਗੀ ਨਿਰਪੱਖ ਤੇ ਸ਼ਕਤੀਸ਼ਾਲੀ ਸੰਵਿਧਾਨਿਕ ਸੰਸਥਾ ਦੀ ਗਰਿਮਾ ਨੂੰ ਠੇਸ ਪਹੁੰਚੀ ਹੈ।

ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲ ਕੇ ਇਸ ਫ਼ੈਸਲੇ ਤੇ ਮੁੜ ਨਜ਼ਰਸਾਨੀ ਕਰਨ ਦੀ ਅਪੀਲ ਕਰੇਗਾ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਨਿਰਪੱਖ ਜਾਂਚ ਦਾ ਜਲਦੀ ਨਿਪਟਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਇਹ ਜਾਂਚ ਕਾਫ਼ੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ। ਜਿਸ ਕਾਰਨ ਬਾਦਲ ਅਤੇ ਹੋਰ ਦੋਸ਼ੀਆਂ ਦੇ ਪੈਰਾਂ ਥਲੋਂ ਜ਼ਮੀਨ ਖਿਸਕਦੀ ਜਾ ਰਹੀ ਸੀ। ਆਖ਼ਿਰ ਬਾਦਲ ਆਪਣੀ ਉੱਚ ਪੱਧਰੀ ਮਿਲੀ ਭੁਗਤ ਦਾ ਲਾਹਾ ਲੈ ਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾਉਣ ਵਿੱਚ ਕਾਮਯਾਬ ਹੋ ਗਏ। ਚੀਮਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਹੋਣ ਨਾਲ ਸਾਰਥਿਕ ਦਿਸ਼ਾ ਵੱਲ ਵੱਧ ਰਹੀ, ਇਹ ਜਾਂਚ ਪ੍ਰਭਾਵਿਤ ਹੋਵੇਗੀ। ਚੀਮਾ ਨੇ ਕਿਹਾ ਕਿ ਇਸ ਤਬਾਦਲੇ ਨੇ ਇਹ ਵੀ ਪੋਲ ਖੋਲ੍ਹ ਦਿੱਤੀ ਕਿ ਕੈਪਟਨ ਨਾ ਕੇਵਲ ਬਾਦਲਾਂ ਨਾਲ ਮਿਲਿਆ ਹੋਇਆ ਹੈ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਉੱਤੇ ਨੱਚਣ ਵਾਲੀ ਕਠਪੁਤਲੀ ਹੈ।

Facebook Comment
Project by : XtremeStudioz